ਪੰਨਾ:ਜਿਨ੍ਹਾਂ ਵਣਜ ਦਿਲਾਂ ਦੇ ਕੀਤੇ - ਸੁਖਦੇਵ ਮਾਦਪੁਰੀ.pdf/153

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਇਸੇ ਪਿੰਡ ਦੇ ਲੁਹਾਰਾਂ ਦੀ ਧੀ ਜਲਾਲੀ ਦੇ ਰੂਪ ਦੀ ਬੜੀ ਚਰਚਾ ਸੀ। ਕੋਈ ਗੱਭਰੂ ਅਜੇ ਤੀਕ ਉਹਨੂੰ ਜਚਿਆ ਨਹੀਂ ਸੀ, ਕਿਸੇ ਨੂੰ ਵੀ ਉਹ ਆਪਣੇ ਨੱਕ ਥੱਲੇ ਨਹੀਂ ਸੀ ਲਿਆਉਂਦੀ। ਸਾਰੇ ਜਲਾਲੀ ਨੂੰ ਪਿੰਡ ਦਾ ਸ਼ਿੰਗਾਰ ਸੱਦਦੇ ਸਨ, ਪਹਾੜਾਂ ਦੀ ਪਰੀ ਨਾਲ਼ ਤੁਲਨਾ ਦੇਂਦੇ ਸਨ:

ਜਲਾਲੀਏ ਲੁਹਾਰੀਏ ਨੀ
ਕੀ ਤੂੰ ਪਰੀ ਪਹਾੜ ਦੀ
ਕੀ ਅਸਮਾਨੀ ਹੂਰ
ਸੁਹਣੀ ਦਿੱਸੇਂ ਫੁਲ ਵਾਂਗ
ਤੈਥੋਂ ਮੈਲ਼ ਰਹੀ ਏ ਦੂਰ
ਤੈਨੂੰ ਵੇਖਣ ਆਉਂਦੇ
ਹੋ ਹੋ ਜਾਂਦੇ ਚੂਰ
ਤਾਬ ਨਾ ਕੋਈ ਝੱਲਦਾ
ਤੇਰਾ ਏਡਾ ਚਮਕੇ ਨੂਰ
ਘਰ ਲੁਹਾਰਾਂ ਜੰਮੀਓਂ
ਜਿਵੇਂ ਕੱਲਰ ਉੱਗਾ ਰੁੱਖ
ਜੀਵਨ ਤੈਨੂੰ ਵੇਖ ਕੇ
ਤੇ ਭੁੱਲਣ ਸਾਰੇ ਦੁੱਖ
ਫਟਕਣ ਪੰਛੀ ਵੇਖ ਕੇ
ਤੇਰਾ ਸੁਹਣਾ ਮੁੱਖ
ਜੇ ਵੇਖੇ ਵਿਚ ਸੁਹਾਂ ਦੇ
ਤੇਰੀ ਵੀ ਲਹਿਜੇ ਭੁੱਖ

ਜਲਾਲੀ ਨੇ ਵੀ ਰੋਡੇ ਫ਼ਕੀਰ ਦੀ ਮਹਿਮਾ ਸੁਣੀ। ਉਹ ਇਕ ਦਿਨ ਆਪਣੀਆਂ ਸਹੇਲੀਆਂ ਨਾਲ਼ ਬਾਗ਼ ਵਿਚ ਜਾ ਪੁੱਜੀ। ਰੋਡਾ ਸਮਾਧੀ ਲਾਈ ਸਿਮਰਨ ਕਰ ਰਿਹਾ ਸੀ। ਸਾਰੀਆਂ ਨਮਸਕਾਰ ਕਰਕੇ ਬੈਠ ਗਈਆਂ। ਰੋਡੇ ਅੱਖ ਨਾ ਝਮਕੀ, ਬਸ ਮਸਤ ਰਿਹਾ।

ਜਲਾਲੀ ਸਿਮਰਨ ਕਰੇਂਦੇ ਰੋਡੇ ਵੱਲ ਤੱਕਦੀ ਰਹੀ, ਮੁਸਕਾਨਾਂ ਬਖੇਰਦੀ ਰਹੀ। ਕੋਈ ਰਾਂਗਲਾ ਸੁਪਨਾ ਉਹਨੂੰ ਸਾਕਾਰ ਹੁੰਦਾ ਜਾਪਿਆ। ਹੁਸਨ ਦਾ ਬੁੱਤ ਬਣਿਆਂ ਰੋਡਾ ਜਲਾਲੀ ਦੇ ਧੁਰ ਅੰਦਰ ਦਿਲ ਵਿਚ ਲਹਿ ਗਿਆ। ਜਲਾਲੀ ਆਪਣੇ ਆਪ ਮੁਸਕਰਾਈ। ਉਹ ਸਾਰੀਆਂ ਜਾਣ ਲਈ ਖੜੋ ਗਈਆਂ। ਰੋਡੇ ਅੱਖ ਖੋਲ੍ਹੀ, ਸਾਹਮਣੇ ਜਲਾਲੀ ਹੱਥ ਜੋੜੀ ਖੜ੍ਹੀ ਸੀ।

ਪੰਜਾਬੀ ਲੋਕ ਗਾਥਾਵਾਂ/ 149