ਪੰਨਾ:ਜਿਨ੍ਹਾਂ ਵਣਜ ਦਿਲਾਂ ਦੇ ਕੀਤੇ - ਸੁਖਦੇਵ ਮਾਦਪੁਰੀ.pdf/16

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਨਵੰਬਰ 2010 ਵਿਚ ਮੈਂ 'ਪੰਜਾਬੀ ਟ੍ਰਿਬਿਊਨ' ਦੇ 'ਲੋਕ ਰੰਗ' ਅੰਕ ਲਈ ਲੜੀਵਾਰ ਕਾਲਮ 'ਲੋਕ ਗਾਥਾ' ਲਿਖਣਾ ਸ਼ੁਰੂ ਕੀਤਾ ਸੀ। ਮੇਰੀ ਵਿਉਂਤ 'ਕੀਮਾ ਮਲਕੀ', 'ਰਾਜਾ ਰਸਾਲੂ', 'ਪੂਰਨ ਭਗਤ', 'ਦੁੱਲਾ ਭੱਟੀ' ਅਤੇ 'ਜੀਊਣਾ ਮੌੜ' ਲੋਕ ਗਾਥਾਵਾਂ ਪ੍ਰਸਤੁਤ ਕਰਨ ਦੀ ਹੀ ਸੀ ਪਰੰਤੂ ਇਸ ਕਾਲਮ ਨੂੰ ਦੇਸ਼ ਬਦੇਸ਼ ਦੇ ਪਾਠਕਾਂ ਨੇ ਐਨਾ ਪਸੰਦ ਕੀਤਾ ਕਿ ਉਨ੍ਹਾਂ ਨੇ ਮੈਨੂੰ ਪੰਜਾਬ ਦੀਆਂ ਸਮੁੱਚੀਆਂ ਲੋਕ ਗਾਥਾਵਾਂ ਦਾ ਪੁਨਰ ਕਥਨ ਕਰਕੇ ਇਸੇ ਕਾਲਮ ਅਧੀਨ ਪ੍ਰਕਾਸ਼ਿਤ ਕਰਨ ਲਈ ਮਜਬੂਰ ਕਰ ਦਿੱਤਾ। ਪਾਠਕਾਂ ਦੀ ਪੁਰਜ਼ੋਰ ਮੰਗ ਅਤੇ ਮੁਹੱਬਤ ਸਦਕਾ ਮੈਂ ਉਹ ਸਾਰੀਆਂ ਲੋਕ ਗਾਥਾਵਾਂ ਜਿਨ੍ਹਾਂ ਨੂੰ ਪਹਿਲਾਂ ਕਿੱਸਿਆਂ ਅਤੇ ਲੋਕ ਗੀਤਾਂ ਦੇ ਆਧਾਰ 'ਤੇ ਲਿਖਿਆ ਸੀ, ਮੁੜ ਨਵੇਂ-ਸਿਰਿਉਂ ਸੋਧ ਕੇ ਲਿਖੀਆਂ ਅਤੇ ਇਨ੍ਹਾਂ ਤੋਂ ਇਲਾਵਾ ਦੋ ਚਰਚਿਤ ਲੋਕ ਗਾਥਾਵਾਂ ‘ਰੂਪ ਬਸੰਤ’ ਅਤੇ ‘ਭਰਥਰੀ ਹਰੀ' ਨੂੰ ਪਹਿਲੀ ਵਾਰ ਲਿਖਿਆ ਜਿਨ੍ਹਾਂ ਨੂੰ 'ਪੰਜਾਬੀ ਟ੍ਰਿਬਿਊਨ' ਨੇ ਸੁਚਿੱਤਰ ਕਰਕੇ ਪਾਠਕਾਂ ਦੇ ਰੂਬਰੂ ਕੀਤਾ ਹੈ। ਇਨ੍ਹਾਂ ਸਾਰੀਆਂ ਲੋਕ ਗਾਥਾਵਾਂ ਨੂੰ ਅੱਗੋਂ ਕੈਨੇਡਾ, ਅਮਰੀਕਾ, ਬਰਤਾਨੀਆ ਅਤੇ ਆਸਟਰੇਲੀਆ ਵਿਚ ਛਪਦੇ ਪੰਜਾਬੀ ਅਖ਼ਬਾਰਾਂ ਅਤੇ ਰਸਾਲਿਆਂ ਨੇ ਮੁੜ ਪ੍ਰਕਾਸ਼ਿਤ ਕੀਤਾ ਹੈ।

ਲੋਕ ਗਾਥਾਵਾਂ ਪੰਜਾਬੀ ਵਿਰਾਸਤ ਦਾ ਵੱਡਮੁੱਲਾ ਸਰਮਾਇਆ ਹਨ, ਜਿਨ੍ਹਾਂ ਵਿਚ ਪੰਜਾਬ ਦੀ ਆਤਮਾ ਵਿਦਮਾਨ ਹੈ। ਇਹ ਚਸ਼ਮੇ ਦੇ ਪਾਣੀ ਵਾਂਗ ਅੱਜ ਵੀ ਸਜਰੀਆਂ ਹਨ ਜਿਨ੍ਹਾਂ ਨੂੰ ਪੜ੍ਹ ਕੇ/ ਸੁਣ ਕੇ ਪੰਜਾਬੀ ਮਨ ਆਤਮਕ ਅਤੇ ਬੋਧਕ ਆਨੰਦ ਪ੍ਰਾਪਤ ਕਰਦਾ ਹੈ।

-ਸੁਖਦੇਵ ਮਾਦਪੁਰੀ

ਮਿਤੀ 15.02.2012

ਸਮਾਧੀ ਰੋਡ, ਖੰਨਾ

ਜ਼ਿਲ੍ਹਾ ਲੁਧਿਆਣਾ

ਪੰਜਾਬੀ ਲੋਕ ਗਾਥਾਵਾਂ/ 12