ਪੰਨਾ:ਜਿਨ੍ਹਾਂ ਵਣਜ ਦਿਲਾਂ ਦੇ ਕੀਤੇ - ਸੁਖਦੇਵ ਮਾਦਪੁਰੀ.pdf/18

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਲਈ ਤਿਆਰ ਕਰ ਰਿਹਾ ਹੈ, ਕੋਈ ਅਧਿਐਨ ਤੇ ਵਿਸ਼ਲੇਸ਼ਣ ਵਿਚ ਰੁਝਿਆ ਹੋਇਆ ਹੈ ਤੇ ਕੋਈ ਖੇਤਰੀ ਕਾਰਜ ਦਾ ਖੋਜੀ ਹੈ। ਕਈ ਸਾਡੇ ਸਿਰਜਨਾਤਮਕ ਲੇਖਕ ਵੀ ਇਸ ਖੇਤਰ ਵਿਚ ਕਾਰਜਸ਼ੀਲ ਹਨ। ਪਰ ਇਨ੍ਹਾਂ ਵਿਚੋਂ ਬਹੁਤੇ ਅਕਾਦਮਿਕ ਖਪਤਕਾਰੀ (Acadmic Consumerism) ਤਕ ਹੀ ਸੀਮਤ ਹਨ। ਅੱਜ ਪੰਜਾਬੀ ਲੋਕਧਾਰਾ ਦੇ ਇਹ ਖੋਜੀ ਤੇ ਸ਼ਾਸਤਰੀ ਬਹੁਤ ਘੱਟ ਹਨ, ਜਿਹੜੇ ਸਾਡੇ ਮੁਢਲੇ ਰਸਤਿਆਂ ਦੇ ਪਦ-ਚਿੰਨ੍ਹਾਂ ਉਤੇ ਚੱਲਣ ਵਾਲ਼ੇ ਹੋਣ। ਸ਼ੁਰੂ ਤੋਂ ਲੈ ਕੇ ਹੁਣ ਤਕ ਇਸ ਖੇਤਰ ਵਿਚ ਵਿਚਰਦੇ ਕਈ ਬਜ਼ੁਰਗ ਖੋਜੀ ਵਫ਼ਾਤ ਪਾ ਚੁੱਕੇ ਹਨ, ਕੁਝ ਆਪਣੀਆਂ ਸੰਭਾਵਨਾਵਾਂ ਤੇ ਸੀਮਾਵਾਂ ਹੰਢਾ ਚੁੱਕੇ ਹਨ ਅਤੇ ਕਈ ਅਕਾਦਮਿਕ ਤਰੱਕੀਆਂ ਤੇ ਪਦਵੀਆਂ ਦੀ ਮੰਜ਼ਿਲ ਦੇ ਰਾਹੀ ਹਨ। ਇਨ੍ਹਾਂ ਵੈਟਰਨ (Vateran) ਖੋਜੀਆਂ ਵਿਚੋਂ ਸਾਡੇ ਕੋਲ਼ ਸੁਖਦੇਵ ਮਾਦਪੁਰੀ ਹੀ ਬਾਕੀ ਹੈ, ਜਿਹੜਾ 1954 ਈਸਵੀ ਤੋਂ ਇਸੇ ਖੇਤਰ ਨਾਲ਼ ਜੁੜਿਆ ਹੋਇਆ ਹੈ। 77 ਸਾਲ ਦੀ ਉਮਰ ਵਿਚ ਵੀ ਉਹ ਪੰਜਾਬੀ ਲੋਕਧਾਰਾ ਦੇ ਬਾਗ਼ ਦਾ ਅਣਥੱਕ ਅਤੇ ਸੁਹਿਰਦ ਮਾਲੀ ਹੈ। ਉਸ ਦੀਆਂ ਨਾ ਸੰਭਾਵਨਾਵਾਂ ਮੁੱਕੀਆਂ ਹਨ ਤੇ ਨਾ ਹੀ ਸੀਮਾਵਾਂ ਦਿਖਾਈ ਦਿੰਦੀਆਂ ਹਨ। ਅਕਾਦਮਿਕ ਉਪਭੋਗਤਾ ਤੋਂ ਉਹ ਨਿਰਲੇਪ ਤੇ ਅਟੰਕ ਹੈ।
ਦਰਅਸਲ ਅੱਧੀ ਸਦੀ ਤੋਂ ਵੱਧ ਸਮੇਂ ਤੋਂ ਪੰਜਾਬੀ ਲੋਕਧਾਰਾ ਦੇ ਖੇਤਰ ਵਿਚ ਵਿਚਰ ਰਿਹਾ ਸੁਖਦੇਵ ਮਾਦਪੁਰੀ 12 ਜੂਨ 1935 ਵਿਚ ਪਿੰਡਾਂ ਦਾ ਜਾਇਆ ਬਣ ਕੇ ਪਿੰਡ ਮਾਦਪੁਰ, ਤਹਿਸੀਲ ਸਮਰਾਲਾ ਤੇ ਜ਼ਿਲ੍ਹਾ ਲੁਧਿਆਣਾ ਵਿਚ ਰਹਿ ਕੇ ਪਿੰਡਾਂ ਦੀ ਮਿੱਟੀ ਨਾਲ਼ ਜੁੜਿਆ ਰਿਹਾ ਹੈ। ਬਚਪਨ ਪਿੰਡਾਂ ਵਿਚ ਗੁਜ਼ਾਰਿਆ, ਪੜ੍ਹਾਈ ਪਿੰਡਾਂ ਵਿਚ ਕੀਤੀ ਅਤੇ 1954 ਤੋਂ 1978 ਤਕ ਪਿੰਡਾਂ ਵਿਚ ਹੀ ਪੜ੍ਹਾਇਆ। ਇਸ ਪਰਿਵੇਸ਼ ਵਿਚੋਂ ਹੀ ਪੰਜਾਬੀ ਲੋਕਧਾਰਾ ਨਾਲ਼ ਉਸ ਦਾ ਗੂੜ੍ਹਾ ਤੇ ਪੀਡਾ ਰਿਸ਼ਤਾ ਬਣਦਾ ਤੇ ਉਸਰਦਾ ਹੈ। ਬਚਪਨ ਵਿਚ ਸਭ ਤੋਂ ਪਹਿਲਾਂ ਬੇਬੇ, ਤਾਈ ਤੇ ਬਾਪੂ ਦੇ ਮੂੰਹੋਂ ਸੁਣੇ ਲੋਕ ਗੀਤਾਂ ਦੀ ਸੁਗੰਧੀ ਮਾਦਪੁਰੀ ਦੀ ਨਾੜ ਨਾੜ ਵਿਚ ਪ੍ਰਵੇਸ਼ ਕਰ ਗਈ। ਇਹ ਫਿਰ ਹੌਲ਼ੀ-ਹੌਲ਼ੀ ਅੱਖਰਾਂ ਵਿਚ ਰਲ਼ ਕੇ ਕਿਤਾਬੀ ਰੂਪ ਲੈਂਦੀ ਰਹੀ। ਗੁਆਂਢਣ ਤਾਈ ਤੋਂ 'ਮੁਗ਼ਲਾਂ ਨੇ ਘੋੜਾ ਪੀੜਿਆ', ਸੁੰਦਰੀ ਪਾਣੀ ਨੂੰ ਜਾਏ' ਇਤਿਹਾਸਕ ਲੋਕਗੀਤ ਸੁਣ ਕੇ ਉਸ ਨੇ 1954 ਵਿਚ 'ਪੰਜਾਬੀ ਦੁਨੀਆਂ' ਰਸਾਲੇ ਵਿਚ ਭੇਜਿਆ ਤੇ ਛਪ ਗਿਆ। ਇਕ ਹੋਰ ਲੰਮਾ ਗੀਤ 'ਸੱਸੇ ਟੇਰਨ ਟੇਰਦੀਏ, ਨੀ ਘਰ ਆਈਦਾ ਵੀਰ, ਸੋਨੇ ਦਾ ਤੀਰ, ਕੰਨ੍ਹੇ ਤਲਵਾਰ, ਘੋੜੇ ਅਸਵਾਰ, ਨੀ ਮੈਂ ਜਾਨੀ ਆ ਪਿਓ ਕੇ" ਸਕੀ ਤਾਈ ਤੋਂ ਲੈ ਕੇ ਉਸ ਨੇ 'ਤ੍ਰਿੰਜਣ ਦਾ ਇਕ ਗੀਤ' ਨਾਮੀ ਲੇਖ ਲਿਖ ਕੇ 1955 ਵਿਚ ਜਾਗ੍ਰਤੀ ਨੂੰ ਭੇਜਿਆ ਤੇ ਇਹ ਵੀ ਛਪ ਗਿਆ। 'ਪੰਜਾਬੀ ਦੁਨੀਆਂ' ਤੇ 'ਜਾਗ੍ਰਿਤੀ' ਦੇ ਤਤਕਾਲੀ ਸੰਪਾਦਕ ਕ੍ਰਮਵਾਰ ਪ੍ਰੋ. ਪਿਆਰਾ ਸਿੰਘ ਪਦਮ ਤੇ ਕਹਾਣੀਕਾਰ ਕੁਲਵੰਤ ਸਿੰਘ ਵਿਰਕ ਦੇ ਪ੍ਰੇਰਨਾਮਈ ਤੇ ਹੌਸਲਾ

ਪੰਜਾਬੀ ਲੋਕ ਗਾਥਾਵਾਂ/ 14