ਸਮੱਗਰੀ 'ਤੇ ਜਾਓ

ਪੰਨਾ:ਜਿਨ੍ਹਾਂ ਵਣਜ ਦਿਲਾਂ ਦੇ ਕੀਤੇ - ਸੁਖਦੇਵ ਮਾਦਪੁਰੀ.pdf/26

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵੇ ਨਾ ਤੂੰ ਮੇਰੇ ਜਰਮਿਆਂ
ਵੇ ਨਾ ਮੈਂ ਗੋਦ ਖਲਾਇਆ
ਵੇ ਮੈਂ ਕਿਸ ਵਿਧ ਲਗਦੀ ਮਾਂ
ਵੇ ਸੋਹਣਿਆ ਪੂਰਨਾ ਵੇ

ਬਾਪ ਮੇਰੇ ਦੀ ਇਸਤਰੀ ਨੀ ਤੂੰ
ਇਸ ਵਿਧ ਲਗਦੀ ਮਾਂ ਮੇਰੀ
ਨੀ ਅਕਲੋਂ ਸਮਝ ਸਿਆਣੀਏਂ

ਮੁਟਿਆਰ ਲੂਣਾਂ ਦੀ ਵੇਦਨਾ ਅਤੇ ਪੂਰਨ ਦੇ ਜਤ-ਸਤ ਦੀ ਭਾਵਨਾ ਨੂੰ ਬਿਆਨ ਕਰਨ ਵਾਲ਼ਾ ਇਹ ਲੋਕ ਗੀਤ ਅੱਜ ਵੀ ਮੇਰੇ ਚੇਤਿਆਂ ਵਿਚ ਵਸਿਆ ਹੋਇਆ ਹੈ ਜਿਸ ਨੂੰ ਚਿਤਵਦਿਆਂ ਹੀ ਮੇਰੇ ਨੈਣਾਂ ਅੱਗੇ ਪੂਰਨ ਦੀ ਲੋਕ ਗਾਥਾ ਰੂਪਮਾਨ ਹੋ ਜਾਂਦੀ ਹੈ।
ਗੱਲ ਮੱਧਕਾਲੀਨ ਸਮੇਂ ਦੀ ਹੈ। ਉਦੋਂ ਨਾਥ ਜੋਗੀਆਂ ਦਾ ਜਨ ਸਾਧਾਰਨ ਦੇ ਜੀਵਨ 'ਤੇ ਬਹੁਤ ਵੱਡਾ ਪ੍ਰਭਾਵ ਸੀ। ਪੱਛਮੀ ਪੰਜਾਬ ਦੇ ਸਿਆਲਕੋਟ ਦੇ ਇਲਾਕੇ ਤੇ ਰਾਜਾ ਸਲਵਾਨ ਰਾਜ ਕਰਦਾ ਸੀ- ਸਿਆਲਕੋਟ ਉਸ ਦੀ ਰਾਜਧਾਨੀ ਸੀ। ਸਲਵਾਨ ਇਕ ਆਸ਼ਿਕ-ਮਿਜ਼ਾਜ ਅਤੇ ਮੌਜ-ਮਸਤੀ 'ਚ ਰਹਿਣ ਵਾਲ਼ਾ ਰਾਜਾ ਸੀ। ਉਹਨੂੰ ਕਿਸੇ ਗੱਲ ਦੀ ਤੋਟ ਨਹੀਂ ਸੀ ਜੇ ਘਾਟ ਸੀ ਤਾਂ ਇਕ ਔਲਾਦ ਦੀ। ਢਲਦੀ ਉਮਰੇ, ਬੜੀਆਂ ਮੰਨਤਾਂ ਮਗਰੋਂ ਉਸ ਦੀ ਰਾਣੀ ਇੱਛਰਾਂ ਦੀ ਕੁੱਖੋਂ ਇਕ ਬੱਚੇ ਦਾ ਜਨਮ ਹੋਇਆ ਜਿਸ ਦਾ ਨਾਂ ਉਨ੍ਹਾਂ ਪੂਰਨ ਰੱਖਿਆ। ਵਹਿਮੀ ਰਾਜੇ ਨੇ ਪੂਰਨ ਦਾ ਭਵਿੱਖ ਜਾਨਣ ਲਈ ਨਜੂਮੀ ਸੱਦ ਲਏ। ਨਜੂਮੀਆਂ ਸਲਾਹ ਦਿੱਤੀ, "ਹੇ ਰਾਜਨ! ਇਹ ਨਵ-ਜਨਮਿਆ ਬੱਚਾ ਪੂਰੇ ਬਾਰਾਂ ਵਰ੍ਹੇ ਆਪਣੇ ਮਾਂ-ਬਾਪ ਦੇ ਮੱਥੇ ਨਾ ਲੱਗੇ, ਨਹੀਂ ਤਾਂ ਰਾਜੇ ਅਤੇ ਉਸ ਦੇ ਪਰਿਵਾਰ 'ਤੇ ਦੁੱਖਾਂ ਦਾ ਕਹਿਰ ਟੁੱਟ ਪਵੇਗਾ।"
ਨਜੂਮੀਆਂ ਦੀ ਸਲਾਹ ਮੰਨਦਿਆਂ ਮਮਤਾ ਵਿਹੂਣੇ ਸਲਵਾਨ ਨੇ ਚਿੜੀ ਦੇ ਬੋਟ ਜਿੰਨੇ ਪੂਰਨ ਨੂੰ ਪੂਰੇ ਬਾਰ੍ਹਾਂ ਵਰ੍ਹੇ ਭੋਰੇ ਵਿਚ ਪਾਉਣ ਦਾ ਹੁਕਮ ਸੁਣਾ ਦਿੱਤਾ। ਪੂਰਨ ਦੀ ਮਾਂ ਇੱਛਰਾਂ ਤੜਪਦੀ ਰਹੀ, ਕੁਰਲਾਉਂਦੀ ਰਹੀ-ਉਹਦੀਆਂ ਰੋ-ਰੋ ਕੇ ਅੱਖਾਂ ਚੁੰਨ੍ਹੀਆਂ ਹੋ ਗਈਆਂ।
ਭਲਾ ਰਾਜੇ ਦੇ ਹੁਕਮ ਨੂੰ ਕੌਣ ਟਾਲ਼ ਸਕਦਾ ਸੀ? ਪੂਰਨ ਨੂੰ ਗੋਲੀਆਂ ਸਮੇਤ ਭੋਰੇ ਵਿਚ ਪਾ ਦਿੱਤਾ ਗਿਆ। ਇੱਛਰਾਂ ਦੀ ਕਿਸੇ ਇਕ ਨਾ ਮੰਨੀ ਉਹ ਪੁੱਤਰ ਦੇ ਵਿਯੋਗ ਵਿਚ ਹੰਝੂ ਕੇਰਦੀ ਰਹੀ ਤੇ ਉਹਦੀ ਜ਼ਿੰਦਗੀ ਵਿਚ ਸੁੰਨਸਾਨ ਵਰਤ


ਪੰਜਾਬੀ ਲੋਕ ਗਾਥਾਵਾਂ/ 22