ਬੋਲਿਆ, "ਮਾਤਾ! ਹੋਸ਼ ਕਰ! ਮੈਂ ਇਹ ਰਿਸ਼ਤਾ ਤੇਰੇ ਨਾਲ਼ ਕਿਵੇਂ ਜੋੜ ਲਵਾਂ। ਮੇਰੇ ਬਾਪ ਨੇ ਤੈਨੂੰ ਪਰਨਾ ਕੇ ਲਿਆਂਦੈ! ਤੂੰ ਤਾਂ ਮੇਰੀ ਸਕੀ ਮਾਂ ਦੇ ਸਮਾਨ ਏਂ।"
"ਭਲਾ ਮੈਂ ਤੇਰੀ ਮਾਂ ਕਿਧਰੋਂ ਲਗਦੀ ਆਂ ਜ਼ਾਲਮਾ। ਨਾ ਮੈਂ ਤੈਨੂੰ ਜਨਮ ਦਿੱਤੈ ਨਾ ਹੀ ਆਪਣਾ ਸੀਰ ਚੁੰਘਾਇਐ! ਮੇਰਾ ਪਤੀ ਮੇਰੇ ਬਾਪ ਦੇ ਹਾਣ ਦਾ ਏ... ਸਾਡਾ ਜੋੜ ਨੀ ਜੁੜਦਾ... ਮੇਰਾ ਜੋੜ ਤਾਂ ਤੇਰੇ ਨਾਲ਼ ਜੁੜਦੈ। ਪੂਰਨਾ! ਆਪਣੀ ਜੁਆਨੀ ਦਾ ਮਾਣ ਰੱਖ। ਮੈਂ ਸਾਰੀ ਜ਼ਿੰਦਗੀ ਤੇਰਾ 'ਹਸਾਨ ਨਹੀਂ ਭੁੱਲਾਂਗੀ ਤੇ ਤੇਰੀ ਗੋਲੀ ਬਣ ਕੇ ਰਹਾਂਗੀ।"
ਲੂਣਾਂ ਪੂਰਨ ਅੱਗੇ ਵਿੱਛ-ਵਿੱਛ ਜਾ ਰਹੀ ਸੀ। ਪਰੰਤੂ ਪੂਰਨ ਉੱਤੇ ਉਹਦੀ ਭਖਦੀ ਜੁਆਨੀ ਅਤੇ ਤਰਲਿਆਂ ਦਾ ਕੋਈ ਅਸਰ ਨਹੀਂ ਸੀ ਹੋ ਰਿਹਾ। ਉਹ ਅਡੋਲ ਖਲੋਤਾ ਆਪਣੇ ਧਰਮ 'ਤੇ ਪਹਿਰਾ ਦਿੰਦਾ, ਸੋਚਾਂ 'ਚ ਡੁੱਬਿਆ ਸੋਚ ਰਿਹਾ ਸੀ, ਮਤੇ ਉਸ ਪਾਸੋਂ ਕੋਈ ਅਵੱਗਿਆ ਹੋ ਜਾਵੇ। ਆਖ਼ਰ ਉਸ ਨੇ ਆਪਣੇ ਮਨ ਨਾਲ਼ ਨਿਰਣਾ ਲਿਆ ਤੇ ਲੂਣਾਂ ਤੋਂ ਅੱਖ ਬਚਾ ਕੇ ਫ਼ੁਰਤੀ ਨਾਲ ਉਹਦੇ ਮਹਿਲਾਂ ਤੋਂ ਬਾਹਰ ਨਿਕਲ ਆਇਆ।
ਲੂਣਾਂ ਨੂੰ ਰੋਸ ਸੀ ਪੂਰਨ ਨੇ ਉਹਦੀ ਕਾਮਨਾ ਪੂਰੀ ਨਹੀਂ ਸੀ ਕੀਤੀ ਤੇ ਉਹ ਹੁਣ ਉਸ ਪਾਸੋਂ ਆਪਣੀ ਹੇਠੀ ਦਾ ਬਦਲਾ ਲੈਣ ਲਈ ਨਾਗ਼ਣ ਦਾ ਰੂਪ ਧਾਰੀ ਬੈਠੀ ਸੀ।
ਹਨ੍ਹੇਰਾ ਪਸਰ ਰਿਹਾ ਸੀ ਜਦੋਂ ਰਾਜਾ ਸਲਵਾਨ ਆਪਣੇ ਰਾਜ ਦਰਬਾਰ ਦੇ ਕੰਮਾਂ ਕਾਜਾਂ ਤੋਂ ਵਿਹਲਾ ਹੋ ਕੇ ਆਪਣੀ ਰਾਣੀ ਲੂਣਾਂ ਦੇ ਮਹਿਲਾਂ 'ਚ ਪੁੱਜਾ। ਉਸ ਹੈਰਾਨ ਹੋ ਕੇ ਵੇਖਿਆ ਕਿਧਰੇ ਵੀ ਦੀਵਾ ਬੱਤੀ ਨਹੀਂ। ਸਾਰੇ ਸ਼ਮ੍ਹਾਦਾਨ ਗੁੱਲ ਹੋਏ ਪਏ ਸਨ ਤੇ ਰਾਣੀ ਨਿੱਤ ਵਾਂਗ ਉਹਦੇ ਸਵਾਗਤ ਲਈ ਮਹਿਲ ਦੀਆਂ ਬਰੂਹਾਂ 'ਤੇ ਆਪ ਨਹੀਂ ਸੀ ਆਈ...ਉਹ ਰਾਣੀ ਦੇ ਕਮਰੇ ਵੱਲ ਅਹੁਲਿਆ... ਉਸ ਵੇਖਿਆ ਉਹ ਤਾਂ ਖਣਪੱਟੀ ਲਈ ਪਈ ਐ ਤੇ ਉਸ ਦਾ ਹਾਰ-ਸ਼ਿੰਗਾਰ ਏਧਰ-ਓਧਰ ਖਿੰਡਿਆ ਪਿਐ...।
"ਮੇਰੀਏ ਲਾਡੋ ਰਾਣੀਏਂ ਦਸ ਖਾਂ ਮੇਰੇ ਪਾਸੋਂ ਕਿਹੜੀ ਖ਼ੁਨਾਮੀ ਹੋ ਗਈ ਐ ਜਿਸ ਬਦਲੇ ਸੋਹਣਿਆਂ ਨੇ ਮੂੰਹ ਸੁਜਾਏ ਹੋਏ ਨੇ..." ਆਖਦਿਆਂ ਸਲਵਾਨ ਨੇ ਲੂਣਾਂ ਨੂੰ ਬਿਠਾ ਲਿਆ। ਉਹਨੇ ਵੇਖਿਆ ਉਹਦੀਆਂ ਅੱਖਾਂ ਵਿਚੋਂ ਤ੍ਰਿਪ-ਤ੍ਰਿਪ ਹੰਝੂ ਵਹਿ ਰਹੇ ਸਨ। ਉਹਨੇ ਉਹਦੀ ਪਿੱਠ 'ਤੇ ਪਿਆਰ ਭਰਿਆ ਹੱਥ ਫੇਰਿਆ ਤੇ ਉਹ ਸਹਿਜ ਅਵਸਥਾ 'ਚ ਆ ਗਈ ਤੇ ਹਟਕੋਰੇ ਭਰਦਿਆਂ ਰਾਜੇ ਨੂੰ ਮੁਖ਼ਾਤਿਬ ਹੋਈ, "ਰਾਜਨ! ਛੋਟਾ ਮੂੰਹ ਪਰ ਗੱਲ ਬਹੁਤ ਵੱਡੀ ਐ, ਸ਼ਾਇਦ ਤੁਹਾਡੇ ਮਨ ਨਾ ਲੱਗੇ... ਮੈਂ ਤਾਂ ਸੋਚ ਵੀ ਨਹੀਂ ਸੀ ਸਕਦੀ, ਮੇਰੇ 'ਤੇ ਐਡਾ ਕਹਿਰ ਵਾਪਰੇਗਾ ... ਭਲਾ ਕੋਈ ਪੁੱਤ ਆਪਣੀ ਮਾਂ ਦੇ ਸਤ ਨੂੰ ਭੰਗ ਕਰਨ ਬਾਰੇ ਸੋਚ ਸਕਦੈ? ਰਾਜਿਆ ਅੱਜ ਮਿਲਣ ਆਏ ਪੂਰਨ ਨੇ ਮੇਰੀ ਇੱਜ਼ਤ ਲੁੱਟਣ ਦੀ ਪੂਰੀ ਕੋਸ਼ਿਸ਼ ਕੀਤੀ ਐ, ਪਰ ਮੈਂ ਮਸੀਂ ਉਹਦੇ
ਪੰਜਾਬੀ ਲੋਕ ਗਾਥਾਵਾਂ/ 24