ਪੰਨਾ:ਜਿਨ੍ਹਾਂ ਵਣਜ ਦਿਲਾਂ ਦੇ ਕੀਤੇ - ਸੁਖਦੇਵ ਮਾਦਪੁਰੀ.pdf/30

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਝੱਲਿਆ ਨਾ ਗਿਆ। ਉਨ੍ਹਾਂ ਰਾਣੀ ਸੁੰਦਰਾਂ ਨੂੰ ਆਪ ਜਾ ਕੇ ਖ਼ੈਰ ਪਾਉਣ ਲਈ ਆਖਿਆ... ਰਾਣੀ ਹੀਰੇ ਮੋਤੀਆਂ ਦਾ ਥਾਲ ਭਰ ਕੇ ਲੈ ਆਈ ਤੇ ਪੂਰਨ ਦੀ ਬਗਲੀ 'ਚ ਉਲੱਦ ਦਿੱਤਾ। ਪੂਰਨ ਨੀਵੀਂ ਪਾਈ ਖਲੋਤਾ ਰਿਹਾ ਤੇ ਰਾਣੀ ਵੱਲ ਅੱਖ ਭਰ ਕੇ ਵੀ ਨਾ ਵੇਖਿਆ।
ਹੀਰੇ ਮੋਤੀ ਭਲਾ ਜੋਗੀਆਂ ਦੇ ਕਿਸ ਕੰਮ ਸਨ- ਗੋਰਖ ਨੇ ਪੂਰਨ ਨੂੰ ਹੀਰੇ ਮੋਤੀਆਂ ਸਮੇਤ ਵਾਪਸ ਭੇਜ ਕੇ ਆਖਿਆ, "ਰਾਣੀ ਨੂੰ ਆਖ ਸਾਨੂੰ ਤੇ ਪੱਕੀ ਰੋਟੀ ਚਾਹੀਦੀ ਹੈ... ਹੀਰੇ ਮੋਤੀ ਨਹੀਂ।"


ਪੂਰਨ ਉਸੇ ਪੈਰੀਂ ਵਾਪਸ ਮੁੜ ਆਇਆ ਤੇ ਰਾਣੀ ਸੁੰਦਰਾਂ ਦੇ ਮਹਿਲੀਂ ਜਾ ਅਲਖ ਜਗਾਈ। ਰਾਣੀ ਸੁੰਦਰਾਂ ਜਿਹੜੀ ਆਪ ਹੁਸਨ ਦੀ ਸਾਕਾਰ ਮੂਰਤ ਸੀ, ਪੂਰਨ 'ਤੇ ਫ਼ਿਦਾ ਹੋ ਗਈ। ਉਹਨੇ ਆਪਣੀ ਨਿਗਰਾਨੀ ਵਿਚ ਛੱਤੀ ਪ੍ਰਕਾਰ ਦੇ ਭੋਜਨ ਤਿਆਰ ਕਰਵਾਏ। ਨੰਗੇ ਪੈਰੀਂ... ਗੋਰਖ ਦੇ ਟਿੱਲੇ 'ਤੇ ਪੁੱਜ ਗਈ ਤੇ ਗੋਰਖ ਦੇ ਚਰਨਾਂ 'ਚ ਸੀਸ ਨਿਵਾ ਦਿੱਤਾ।
ਪਿਆਰ ਤੇ ਸ਼ਰਧਾ ਵਿਚ ਬਣਾਏ ਭੋਜਨ ਨੂੰ ਛੱਕ ਕੇ ਗੋਰਖ ਤਰੁੱਠ ਪਿਆ, "ਰਾਣੀ ਮੰਗ ਜੋ ਮੰਗਣੈਂ ... ਤੇਰੀ ਹਰ ਮੁਰਾਦ ਪੂਰੀ ਹੋਵੇਗੀ।"
"ਕਿਸੇ ਚੀਜ਼ ਦੀ ਲੋੜ ਨੀ ਨਾਥ ਜੀ।" ਸੁੰਦਰਾਂ ਨੇ ਦੋਵੇਂ ਹੱਥ ਜੋੜ ਕੇ ਆਖਿਆ
"ਅਜੇ ਵੀ ਮੰਗ ਲੈ," ਗੋਰਖ ਮੁੜ ਬੋਲਿਆ।
"ਨਾਥ ਜੀ ਥੋਡਾ ਅਸ਼ੀਰਵਾਦ ਹੀ ਬਹੁਤ ਐ" ਸੁੰਦਰਾਂ ਭਾਵੁਕ ਹੋਈ ਆਖ ਰਹੀ ਸੀ।
"ਤੀਜਾ ਵਚਨ ਐ ... ਮੰਗ ਲੈ ਰਾਣੀਏਂ।"
ਸੁੰਦਰਾਂ ਲਈ ਇਹੋ ਯੋਗ ਅਵਸਰ ਸੀ। ਉਹਨੇ ਹੱਥ ਜੋੜ ਕੇ ਅਰਜ਼ ਗੁਜ਼ਾਰੀ, "ਮੇਰੇ ਨਾਥ ਜੇ ਤਰੁੱਠੇ ਹੀ ਹੋ ਤਾਂ ਮੈਨੂੰ ਪੂਰਨ ਦੇ ਦੇਵੋ।"
ਗੋਰਖ ਨਾਥ ਨੇ ਪੂਰਨ ਨੂੰ ਰਾਣੀ ਸੁੰਦਰਾਂ ਨਾਲ਼ ਜਾਣ ਦਾ ਇਸ਼ਾਰਾ ਕਰ ਦਿੱਤਾ।
ਨਾਥ ਦਾ ਹੁਕਮ ਮੰਨ ਕੇ ਪੂਰਨ ਸੁੰਦਰਾਂ ਨਾਲ਼ ਉਹਦੇ ਮਹਿਲਾਂ ਨੂੰ ਤੁਰ ਪਿਆ... ਰਾਣੀ ਨੇ ਉਹਦੀਆਂ ਸੈਆਂ ਖ਼ਾਤਰਾਂ ਕੀਤੀਆਂ ਪਰੰਤੂ ਪੂਰਨ ਨੂੰ ਰਾਣੀ ਸੁੰਦਰਾਂ ਦਾ ਹੁਸਨ, ਚੁਹਲ ਤੇ ਨਖ਼ਰੇ ਭਰਮਾ ਨਾ ਸਕੇ। ਉਹ ਅਡੋਲ ਸਮਾਧੀ ਲਾਈ ਬੈਠਾ ਰਿਹਾ। ਅਗਲੀ ਸਵੇਰ ਪੂਰਨ ਨੇ ਬਾਹਰ ਜੰਗਲ ਵਿਚ ਜਾ ਕੇ ਜੰਗਲ-ਪਾਣੀ ਜਾਣ ਦੀ ਚਾਹਨਾ ਪ੍ਰਗਟਾਈ। ਰਾਣੀ ਨੇ ਗੋਲੀਆਂ ਉਹਦੇ ਨਾਲ਼ ਤੋਰ ਦਿੱਤੀਆਂ ਤੇ ਆਪ ਮਹਿਲਾਂ 'ਤੇ ਖੜ੍ਹ ਕੇ ਜਾਂਦੇ ਪੂਰਨ ਨੂੰ ਵੇਖਣ ਲੱਗੀ। ਦਰੱਖ਼ਤਾਂ ਦੇ ਝੁੰਡ ਓਹਲੇ ਜਾ ਕੇ ਪੂਰਨ ਨੇ ਅਜਿਹੀ ਝਕਾਨੀ ਦਿੱਤੀ ਕਿ ਉਹ ਗੋਲੀਆਂ ਦੀਆਂ ਅੱਖੀਆਂ ਤੋਂ

ਪੰਜਾਬੀ ਲੋਕ ਗਾਥਾਵਾਂ/ 26