ਪੰਨਾ:ਜਿਨ੍ਹਾਂ ਵਣਜ ਦਿਲਾਂ ਦੇ ਕੀਤੇ - ਸੁਖਦੇਵ ਮਾਦਪੁਰੀ.pdf/32

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੁਨੀਆਂ 'ਚ ਨਹੀਂ ਰਿਹਾ।" ਐਨਾ ਆਖ ਰਾਜੇ ਦਾ ਗਲ਼ਾ ਭਰ ਆਇਆ। ਲੂਣਾਂ ਦੇ ਸਬਰ ਦਾ ਪਿਆਲਾ ਵੀ ਛਲਕ ਪਿਆ... ਉਹਦੀਆਂ ਅੱਖੀਆਂ 'ਚੋਂ ਪਛਤਾਵੇ ਦੇ ਹੰਝੂ ਵਹਿ ਤੁਰੇ। ਜੋਗੀ ਦੇ ਮਸਤਕ ਦਾ ਤੇਜ਼ ਹੀ ਐਨਾ ਸੀ ਕਿ ਉਸ ਨੇ ਆਪਣੇ ਜ਼ੁਰਮ ਦਾ ਇਕਬਾਲ ਕਰਦਿਆਂ ਆਖਿਆ, "ਜੋਗੀ ਜੀ ਕਸੂਰ ਤਾਂ ਮੇਰਾ ਹੀ ਹੈ। ਮੇਰੇ ਪਾਸੋਂ ਪੂਰਨ ਦੇ ਹੁਸਨ ਦੀ ਝਾਲ ਝੱਲੀ ਨਹੀਂ ਸੀ ਗਈ... ਮੈਂ ਡੋਲ ਗਈ ਸਾਂ। ਉਹਦਾ ਕੋਈ ਕਸੂਰ ਨਹੀਂ ਸੀ, ਮੈਂ ਹੀ ਉਸ 'ਤੇ ਝੂਠੀ ਤੋਹਮਤ ਲਾਈ ਸੀ।"
ਇਹ ਸੁਣਦੇ ਸਾਰ ਹੀ ਸਲਵਾਨ ਨੇ ਮਿਆਨ ਵਿਚੋਂ ਤਲਵਾਰ ਧੂਹ ਲਈ ਤੇ ਲੂਣਾਂ ਦਾ ਗਾਟਾ ਲਾਹੁਣ ਲਈ ਬਾਂਹ ਉਲਾਰੀ।
ਪੂਰਨ ਨੇ ਫੁਰਤੀ ਨਾਲ਼ ਰਾਜੇ ਦੀ ਬਾਂਹ ਫੜ ਲਈ ਤੇ ਆਖਿਆ, "ਇਹਨੂੰ ਖ਼ਿਮਾ ਕਰ ਦੇਵੋ... ਤੁਹਾਡਾ ਪੁੱਤ ਜਿਉਂਦਾ ਹੈ... ਮੈਂ ਹੀ ਆਂ ਤੁਹਾਡਾ ਪੁੱਤ ਪੂਰਨ।"
ਵੈਰਾਗ ਦੇ ਹੰਝੂ ਵਹਿ ਤੁਰੇ..ਇੱਛਰਾਂ, ਲੂਣਾਂ ਤੇ ਸਲਵਾਨ ਪੂਰਨ ਨੂੰ ਚੁੰਮਦੇ-ਚੁੰਮਦੇ ਵਿਸਮਾਦੀ ਅਵਸਥਾ ਵਿਚ ਪੁੱਜ ਗਏ। ਉਨ੍ਹਾਂ ਨੇ ਪੂਰਨ ਨੂੰ ਆਪਣੇ ਮਹਿਲੀਂ ਚੱਲਣ ਲਈ ਆਖਿਆ... ਪਰੰਤੂ ਪੂਰਨ ਨੇ ਉਨ੍ਹਾਂ ਨਾਲ਼ ਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ... ਰਾਜ ਭਾਗ ਉਸ ਲਈ ਮਿੱਟੀ ਦੇ ਸਮਾਨ ਸੀ। ਉਹ ਤਾਂ ਸਭ ਕੁਝ ਤਿਆਗ ਚੁੱਕਾ ਸੀ। ਉਹਨੇ ਭਿੱਖਿਆ ਦੇ ਖੱਪਰ ਵਿਚੋਂ ਚੌਲ਼ ਦਾ ਇਕ ਦਾਣਾ ਚੁੱਕ ਕੇ ਲੂਣਾਂ ਦੀ ਹਥੇਲੀ 'ਤੇ ਰੱਖ ਕੇ ਆਖਿਆ, "ਮਾਤਾ ਘਰ ਨੂੰ ਮੁੜ ਜਾਵੋ, ਤੁਹਾਡੀ ਕੁੱਖ ਵੀ ਇਸ ਬਾਗ਼ ਵਾਂਗ ਹਰੀ ਹੋਵੇਗੀ। ਤੁਹਾਡੀ ਝੋਲੀ ਵਿਚ ਪੁੱਤਰ ਖੇਡੇਗਾ ਜੋ ਇਸ ਰਾਜ ਦਾ ਵਾਰਸ ਬਣੇਗਾ।"
ਪੁੱਤ ਦੀ ਦਾਤ ਦੀ ਬਖ਼ਸ਼ਿਸ਼ ਕਰਕੇ ਪੂਰਨ ਰੋਕਦਿਆਂ-ਰੋਕਦਿਆਂ ਅਗਾਂਹ ਤੁਰ ਗਿਆ। ਸਲਵਾਨ ਤੇ ਰਾਣੀਆਂ ਭਰੇ ਨੇਤਰਾਂ ਨਾਲ਼ ਜਾਂਦੇ ਪੁੱਤ ਦੀ ਪਿੱਠ ਵੇਖਦੇ ਰਹੇ...।


ਸਮਾਂ ਪਾ ਕੇ ਲੂਣਾਂ ਦੀ ਕੁੱਖੋਂ ਪੁੱਤਰ ਨੇ ਜਨਮ ਲਿਆ ਜੋ ਰਾਜਾ ਰਸਾਲੂ ਦੇ ਨਾਂ ਨਾਲ਼ ਪ੍ਰਸਿੱਧ ਹੋਇਆ ਜਿਸ ਦੀ ਬਹਾਦਰੀ ਦੀਆਂ ਅਨੇਕਾਂ ਕਹਾਣੀਆਂ ਪ੍ਰਚੱਲਿਤ ਹਨ।

ਪੰਜਾਬੀ ਲੋਕ ਗਾਥਾਵਾਂ/ 28