ਪੰਨਾ:ਜਿਨ੍ਹਾਂ ਵਣਜ ਦਿਲਾਂ ਦੇ ਕੀਤੇ - ਸੁਖਦੇਵ ਮਾਦਪੁਰੀ.pdf/37

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਪੁੱਜ ਗਈ। ਮੁੜਦੀ ਹੋਈ ਪੀਂਘ ’ਤੇ ਰਸਾਲੂ ਨੇ ਤਲਵਾਰ ਨਾਲਲ਼ ਵਾਰ ਕਰਕੇ ਦੋ ਟੋਟੇ ਕਰ ਦਿੱਤੇ ਤੇ ਸਾਰੀਆਂ ਲੋਟ-ਪੋਟ ਹੋਈਆਂ ਧਰਤੀ ਤੇ ਡਿੱਗ ਪਈਆਂ... ਕਈਆਂ ਦੇ ਸੱਟਾਂ ਵੱਜੀਆਂ। ਰਾਜੇ ਨੂੰ ਇਸ ਘਟਨਾ ਦਾ ਪਤਾ ਲੱਗਾ... ਉਹ ਘਬਰਾ ਗਿਆ... ਰਾਜਾ ਰਸਾਲੂ ਦੇ ਪੁੱਜਣ ਦੀ ਖ਼ਬਰ ਉਹ ਨੂੰ ਮਿਲ ਗਈ ਸੀ। ਰਸਾਲੂ ਨੇ ਸ਼ਹਿਰ ਦੇ ਦੁਆਰ 'ਤੇ ਪਏ ਸਿਰਕੱਪ ਦੇ ਦਸਾਂ ਦੇ ਦਸ ਧੌਂਸੇ ਪਹਿਲਾਂ ਹੀ ਭੰਨ ਸੁੱਟੇ ਸਨ। ਰਸਾਲੂ ਸਿਰਕੱਪ ਦੇ ਦਰਬਾਰ ਵਿਚ ਪੁੱਜ ਗਿਆ ਤੇ ਉਹਦੇ ਨਾਲ ਚੌਪਟ ਖੇਡਣ ਦੀ ਇੱਛਾ ਪ੍ਰਗਟਾਈ। ਸਿਰਕੱਪ ਨੇ ਸ਼ਰਤ ਰੱਖੀ ਕਿ ਜਿਹੜਾ ਹਾਰੇ ਉਹ ਆਪਣੀ ਸਾਰੀ ਦੌਲਤ, ਰਾਜ ਅਤੇ ਆਪਣਾ ਸਿਰ ਦੇਵੇਗਾ।
ਸਿਰਕੱਪ ਦੀਆਂ ਸ਼ਰਤਾਂ ਅਨੁਸਾਰ ਚੌਪਟ ਦੀ ਬਾਜ਼ੀ ਸ਼ੁਰੂ ਹੋਈ। ਸਿਰਕੱਪ ਚੌਪਟ ਖੇਡਣ ਸਮੇਂ ਆਪਣੇ ਵਿਰੋਧੀ ਦੀ ਬਿਰਤੀ ਉਖੇੜਨ ਲਈ ਕਈ ਛੱਲ ਤੇ ਹਥਕੰਡੇ ਵਰਤਦਾ ਸੀ... ਉਹਨੇ ਆਪਣੇ ਸੱਜੇ-ਖੱਬੇ ਆਪਣੀਆਂ ਖੂਬਸੂਰਤ ਰਾਣੀਆਂ ਅਤੇ ਧੀਆਂ ਬਠਾ ਲੈਣੀਆਂ। ਜਦੋਂ ਵਿਰੋਧੀ ਖਿਡਾਰੀ ਰਾਣੀ ਵੱਲ ਧਿਆਨ ਕਰਦਾ ਤਾਂ ਧੀ ਹੌਲੇ ਦੇਣੇ ਗੋਟ ਹਲਾ ਦੇਂਦੀ ਤੇ ਜਦੋਂ ਧੀ ਵੱਲ ਧਿਆਨ ਜਾਂਦਾ ਤਾਂ ਰਾਣੀ ਵੀ ਇੰਜ ਹੀ ਕਰਦੀ... ਇਸ ਤਰ੍ਹਾਂ ਖਿਡਾਰੀ ਦਾ ਧਿਆਨ ਉੱਖੜ ਜਾਂਦਾ ਤੇ ਉਹ ਬਾਜ਼ੀ ਹਾਰ ਜਾਂਦਾ। ਰਸਾਲੂ ਦਾ ਧਿਆਨ ਉਖੇੜਨ ਲਈ ਵੀ ਅਜਿਹਾ ਹੀ ਕੀਤਾ ਗਿਆ ਪਰੰਤੁ ਰਸਾਲੂ ਪੂਰੇ ਧਿਆਨ ਨਾਲ ਚੌਪਟ ਖੇਡਦਾ ਰਿਹਾ ... ਰਾਣੀਆਂ ਦੇ ਹੁਸਨ ਦਾ ਜਾਦੂ ਉਸ ’ਤੇ ਨਾ ਚੱਲਿਆ... ਉਹ ਪਹਿਲੀ ਬਾਜ਼ੀ ਜਿੱਤ ਗਿਆ।
ਦੂਜੀ ਬਾਜ਼ੀ ਸ਼ੁਰੂ ਹੋਈ ਸਿਰਕੱਪ ਨੇ ਰਾਣੀਆਂ ਦੀ ਥਾਂ ਆਪਣੇ ਆਲ਼ੇ ਦੁਆਲ਼ੇ ਕਈ ਨਫ਼ਰ ਬਠਾ ਲਏ ਜੋ ਰਾਜਾ ਰਸਾਲੂ ਦਾ ਧਿਆਨ ਉਖੇੜਨ ਲਈ ਉਹਦੇ ਪਾਸੋਂ ਬੁਝਾਰਤਾਂ ਪੁੱਛਣ ਲਗੇ... ਰਸਾਲੂ ਬੁਝਾਰਤਾਂ ਵੀ ਬੁਝਦਾ ਰਿਹਾ ਤੇ ਨਾਲੋ-ਨਾਲ਼ ਆਪਣੀ ਚਾਲ ਵੀ ਚਲਦਾ ਰਿਹਾ... ਉਹ ਦੂਜੀ ਬਾਜ਼ੀ ਵੀ ਜਿੱਤ ਗਿਆ
ਤੀਜੀ ਬਾਜ਼ੀ ਸਿਰ ਦੀ ਬਾਜ਼ੀ ਸੀ... ਸਿਰਕੱਪ ਦਾ ਤੀਜਾ ਛੱਲ ਇਹ ਸੀ ਕਿ ਉਹ ਖੇਡਣ ਸਮੇਂ ਸਿਧਾਈਆਂ ਹੋਈਆਂ ਦੋ ਚੂਹੀਆਂ ਕੱਢ ਲੈਂਦਾ ਜੋ ਹੌਲ਼ੀ ਦੇਣੇ ਚੌਪਟ ਉਤੋਂ ਲੰਘ ਕੇ ਗੋਟਾਂ ਨੂੰ ਹਲਾ ਦੇਂਦੀਆਂ ਪਰੰਤੂ ਰਸਾਲੂ ਨੇ ਉਹਦਾ ਇਹ ਛੱਲ ਵੀ ਚੱਲਣ ਨਾ ਦਿੱਤਾ। ਉਹਨੇ ਆਪਣੀ ਜੇਬ ਵਿਚੋਂ ਬਲੂੰਗੜਾ ਕੱਢ ਕੇ ਆਪਣੇ ਕੋਲ਼ ਬਹਾ ਲਿਆ ਜਿਸ ਤੋਂ ਡਰ ਕੇ ਚੂਹੀਆਂ ਚੌਪਟ ਵੱਲ ਆਈਆਂ ਹੀ ਨਾ ਜਿਸ ਕਰਕੇ ਰਸਾਲੂ ਇਹ ਬਾਜ਼ੀ ਵੀ ਜਿੱਤ ਗਿਆ। ਸਿਰਕੱਪ ਸਿਰ ਦੀ ਬਾਜ਼ੀ ਹਾਰ ਗਿਆ! ਐਨ ਉਸ ਸਮੇਂ ਇਕ ਨੌਕਰ ਨੇ ਆ ਕੇ ਰਾਜਾ ਸਿਰਕੱਪ ਨੂੰ ਸੂਚਨਾ ਦਿੱਤੀ ਕਿ ਉਸ ਦੇ ਘਰ ਬੇਟੀ ਨੇ ਜਨਮ ਲਿਆ ਹੈ। ਰਾਜੇ ਨੇ ਤੁਰੰਤ ਹੁਕਮ ਸੁਣਾ ਦਿੱਤਾ, "ਉਸ ਮਨਹੂਸ ਕੁੜੀ ਨੂੰ ਇਸੇ ਵਕਤ ਮਾਰ ਦਿੱਤਾ ਜਾਵੇ ਜਿਸ ਦੇ ਕਾਰਨ ਮੈਂ ਸਿਰ ਦੀ ਬਾਜ਼ੀ ਹਾਰ ਗਿਆ ਹਾਂ।"

ਪੰਜਾਬੀ ਲੋਕ ਗਾਥਾਵਾਂ/ 33