ਪੰਨਾ:ਜਿਨ੍ਹਾਂ ਵਣਜ ਦਿਲਾਂ ਦੇ ਕੀਤੇ - ਸੁਖਦੇਵ ਮਾਦਪੁਰੀ.pdf/38

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

"ਰਾਜਨ ਤੈਨੂੰ ਇਹ ਹੁਕਮ ਦੇਣ ਦਾ ਹੁਣ ਕੋਈ ਅਧਿਕਾਰ ਨਹੀਂ," ਰਾਜਾ ਰਸਾਲੂ ਸਿਰਕੱਪ ਨੂੰ ਮੁਖ਼ਾਤਿਬ ਹੋਇਆ, "ਤੂੰ ਆਪਣਾ ਸਿਰ ਤੇ ਰਾਜ ਹਾਰ ਚੁੱਕੈਂ ... ਤੂੰ ਆਪਣੀ ਧੀ ਨੂੰ ਨਹੀਂ ਮਰਵਾ ਸਕਦਾ, ਉਹ ਹੁਣ ਮੇਰੀ ਹੈ।"
ਰਾਜਾ ਸਿਰਕੱਪ ਨਿਮੋਝੂਣਾ ਹੋਇਆ ਰਸਾਲੂ ਦੇ ਸਾਹਮਣੇ ਸਿਰ ਸੁੱਟੀ ਖੜ੍ਹਾ ਸੀ, ਉਹ ਨੂੰ ਆਪਣੀ ਮੌਤ ਨਜ਼ਰ ਆਉਂਦੀ ਪਈ ਸੀ... ਸੈਂਕੜੇ ਮੌਤਾਂ ਦਾ ਵਣਜਾਰਾ ਆਪਣੀ ਮੌਤ ਨੂੰ ਚਿਤਵ ਕੇ ਥਰ-ਥਰ ਕੰਬ ਰਿਹਾ ਸੀ। ਉਸ ਦੀਆਂ ਅੱਖੀਆਂ ਵਿਚ ਤਰਲਾ ਸੀ! ਜਾਨ ਬਖ਼ਸ਼ੀ ਲਈ ਉਹਦੇ ਬੁੱਲ੍ਹ ਕੰਬੇ।
ਦਿਆਵਾਨ ਰਸਾਲੂ ਦੇ ਮਨ ਵਿਚ ਦਿਆ ਆ ਗਈ, "ਤੈਨੂੰ ਇਕ ਸ਼ਰਤ 'ਤੇ ਮੁਆਫ਼ ਕਰ ਸਕਦਾ ਹਾਂ। ਤੂੰ ਤੱਤੇ ਤਵੇ 'ਤੇ ਮੱਥੇ ਨਾਲ਼ ਲਕੀਰਾਂ ਕੱਢ ਕੇ ਬਚਨ ਦੇ, ਕਿ ਤੂੰ ਅੱਗੇ ਤੋਂ ਜੂਆ ਨਹੀਂ ਖੇਡੇਂਗਾ ਅਤੇ ਨਾ ਹੀ ਕਿਸੇ 'ਤੇ ਜੁਲਮ ਕਰੇਂਗਾ।"


ਆਪਣੀ ਜਾਨ ਬਖ਼ਸ਼ੀ ਲਈ ਸਿਰਕੱਪ ਸਭ ਕੁਝ ਕਰਨ ਲਈ ਤਿਆਰ ਹੋ ਗਿਆ ... ਰਸਾਲੂ ਨੇ ਉਸ ਨੂੰ ਮੁਆਫ਼ ਕਰ ਦਿੱਤਾ। ਰਾਜਾ ਸਿਰਕੱਪ ਨੇ ਬੜੇ ਆਦਰ ਨਾਲ਼ ਆਪਣੀ ਨਵਜਨਮੀ ਧੀ ਦਾ ਡੋਲਾ ਤਿਆਰ ਕਰਵਾਇਆ ਤੇ ਇਕ ਥਾਲ ਵਿਚ ਸ਼ਗਨ ਵਜੋਂ ਅੰਬ ਦੀ ਟਾਹਣੀ ਰੱਖ ਕੇ ਰਾਜਾ ਰਸਾਲੂ ਨੂੰ ਭੇਟ ਕਰ ਦਿੱਤਾ। ਰਸਾਲੂ ਨੇ ਉਸ ਮਲੂਕੜੀ ਦਾ ਨਾਂ ਕੋਕਲਾਂ ਰੱਖਿਆ। ਕੁਝ ਦਿਨ ਰਾਜਾ ਸਿਰਕੱਪ ਦੀ ਪ੍ਰਾਹੁਣਾਚਾਰੀ ਮਾਣਨ ਪਿਛੋਂ ਰਾਜਾ ਰਸਾਲੂ ਅਗਾਂਹ ਜਾਣ ਦੀ ਤਿਆਰੀ ਕਰਨ ਲੱਗਾ।
ਸਿਰੀਕੋਟ ਤੋਂ ਵਿਦਾ ਹੋ ਕੇ ਰਸਾਲੂ ਨੇ ਖੇੜੀ ਮੂਰਤੀ ਦੀਆਂ ਪਹਾੜੀਆਂ ਵਿਚ ਆਣ ਡੇਰੇ ਲਾਏ। ਉਥੇ ਉਹਨੇ ਇਕ ਮਹਿਲ ਬਣਵਾਇਆ ਤੇ ਮਹਿਲ ਦੇ ਬਾਹਰ ਇਕ ਅੰਬ ਦਾ ਬੂਟਾ ਲਾ ਕੇ ਆਖਿਆ, "ਜਦੋਂ ਇਸ ਬੂਟੇ ਨੂੰ ਬੂਰ ਪਵੇਗਾ ਉਦੋਂ ਕੋਕਲਾਂ ਭਰ ਜੋਵਨ ਮੁਟਿਆਰ ਬਣ ਜਾਵੇਗੀ। ਫੇਰ ਮੈਂ ਉਸ ਨਾਲ਼ ਸ਼ਾਦੀ ਰਚਾ ਕੇ ਉਸ ਨੂੰ ਆਪਣੀ ਰਾਣੀ ਬਣਾ ਲਵਾਂਗਾ।"
ਕੋਕਲਾਂ ਨੂੰ ਇਸ ਪਹਾੜੀ ਮਹਿਲ ਵਿਚ ਰੱਖਿਆ ਗਿਆ। ਉਹ ਮਹਿਲ ਮਗਰੋਂ 'ਰਾਣੀ ਕੋਕਲਾਂ ਦੇ ਧੌਲਰ' ਦੇ ਨਾਂ ਨਾਲ ਪ੍ਰਸਿੱਧ ਹੋਇਆ। ਕੱਲਮ ਕੱਲੀ ਉਹ ਜਵਾਨ ਹੋਣ ਲੱਗੀ ਉਹਦੇ ਦਿਲਪ੍ਰਚਾਵੇ ਲਈ ਤੋਤਾ ਤੇ ਮੈਨਾ ਸਨ ਜਿਨ੍ਹਾਂ ਨਾਲ਼ ਉਹ ਆਪਣੇ ਦਿਲ ਦੀਆਂ ਗੱਲਾਂ ਕਰਦੀ ਰਹਿੰਦੀ। ਕੇਹੀ ਜ਼ਿੰਦਗੀ ਸੀ ਉਹਦੀ ਕੱਲਮ-ਕੱਲੀ। ਉਹ ਮਹਿਲ ਦੇ ਕਿੰਗਰਿਆਂ 'ਤੇ ਖੜ੍ਹ ਕੇ ਪਹਾੜੀ ਨਜ਼ਾਰਿਆਂ ਦਾ ਆਨੰਦ ਮਾਣਦੀ ਹੋਈ ਰਸਾਲੂ ਨੂੰ ਉਡੀਕਦੀ ਰਹਿੰਦੀ...। ਰਸਾਲੂ ਨਿੱਤ ਨਵੀਆਂ ਮੁਹਿੰਮਾਂ 'ਤੇ ਚੜ੍ਹਿਆ ਰਹਿੰਦਾ... ਉਹ ਨੂੰ ਸ਼ਿਕਾਰ ਖੇਡਣ ਦਾ ਅਵੱਲੜਾ ਰੋਗ ਸੀ... ਜੰਗਲ 'ਚ ਘੁੰਮਦਿਆਂ ਉਹ ਕੋਕਲਾਂ ਨੂੰ ਬਿਲਕੁਲ ਹੀ ਭੁੱਲ ਜਾਂਦਾ।
ਸਮਾਂ ਬੀਤਦਾ ਗਿਆ... ਅੰਬ ਦੇ ਬੂਟੇ ਨੂੰ ਪਹਿਲਾ ਬੂਰ ਪਿਆ... ਇਹ

ਪੰਜਾਬੀ ਲੋਕ ਗਾਥਾਵਾਂ/ 34