ਪੰਨਾ:ਜਿਨ੍ਹਾਂ ਵਣਜ ਦਿਲਾਂ ਦੇ ਕੀਤੇ - ਸੁਖਦੇਵ ਮਾਦਪੁਰੀ.pdf/42

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਨਾਲ਼ ਉਨ੍ਹਾਂ ਨੂੰ ਓਥੇ ਇਕ ਝੌਂਪੜੀ ਵਿਖਾਈ ਦਿੱਤੀ ਜਿਸ ਵਿਚ ਇਕ ਸਾਧੂ ਸਮਾਧੀ ਵਿਚ ਲੀਨ ਬੈਠਾ ਹੋਇਆ ਸੀ। ਗੰਧਰਵ ਸੈਨ ਨੇ ਬੜੀ ਸ਼ਰਧਾ ਨਾਲ਼ ਉਸ ਸਾਈਂ ਦੇ ਜਾ ਚਰਨ ਪਰਸੇ ਅਤੇ ਨਤ-ਮਸਤਿਕ ਹੋ ਕੇ ਬੈਠ ਗਿਆ। ਕੁਝ ਪਲਾਂ ਬਾਅਦ ਸਾਧੂ ਨੇ ਆਪਣੀ ਬਿਰਤੀ ਖੋਲ੍ਹੀ ਤੇ ਹੱਥ ਜੋੜੀ ਬੈਠੇ ਰਾਜਾ ਵੱਲ ਵੇਖਿਆ... ਰਾਜਾ ਦੇ ਨੈਣਾਂ ਵਿਚ ਸ਼ਰਧਾ ਦੇ ਅੱਥਰੂ ਸਨ... ਦਿਲਾਂ ਦੀ ਬੁੱਝਣ ਵਾਲ਼ੇ ਸਾਈਂ ਲੋਕ ਨੇ ਆਪਣੇ ਕੋਲੋਂ ਦੋ ਫ਼ਲ ਰਾਜੇ ਦੀ ਝੋਲੀ ਵਿਚ ਪਾ ਕੇ ਆਖਿਆ, "ਬੱਚਾ! ਇਕ ਇਕ ਫ਼ਲ ਆਪਣੀਆਂ ਰਾਣੀਆਂ ਨੂੰ ਖਲਾ ਦੇਵੀਂ... ਸੱਚਾ ਪਰਵਦਗਾਰ ਤੇਰੀ ਕਾਮਨਾ ਪੂਰੀ ਕਰੇਗਾ।"
ਨਮਸਕਾਰ ਕਰਕੇ ਗੰਧਰਵ ਸੈਨ ਖ਼ੁਸ਼ੀ ਖ਼ੁਸ਼ੀ ਆਪਣੇ ਮਹਿਲਾਂ ਨੂੰ ਪਰਤ ਆਇਆ ਤੇ ਆਉਂਦੇ ਸਾਰ ਹੀ ਉਹਨੇ ਆਪਣੀਆਂ ਦੋਵਾਂ ਰਾਣੀਆਂ ਨੂੰ ਇਕ ਇਕ ਫ਼ਲ ਖੁਆ ਦਿੱਤਾ।
ਸਮਾਂ ਪਾ ਕੇ ਪਟਰਾਣੀ ਦੀ ਕੁੱਖੋਂ ਭਰਥਰੀ ਦਾ ਜਨਮ ਹੋਇਆ ਅਤੇ ਕੁਝ ਦਿਨਾਂ ਦੇ ਵਕਫ਼ੇ ਮਗਰੋਂ ਛੋਟੀ ਰਾਣੀ ਨੇ ਵਿਕਰਮਾਜੀਤ ਨੂੰ ਜਨਮ ਦਿੱਤਾ। ਸਾਰੇ ਸ਼ਹਿਰ ਵਿਚ ਖ਼ੂਬ ਖ਼ੁਸ਼ੀਆਂ ਮਨਾਈਆਂ ਗਈਆਂ, ਖ਼ੈਰਾਤਾਂ ਵੰਡੀਆਂ ਗਈਆਂ। ਦੋਵੇਂ ਰਾਜਕੁਮਾਰ ਲਾਡਾਂ ਮਲ੍ਹਾਰਾਂ ਨਾਲ਼੍ ਪਲਣ ਲੱਗੇ। ਅਜੇ ਉਹ ਤਿੰਨ ਕੁ ਵਰ੍ਹਿਆਂ ਦੇ ਮਸੀਂ ਹੋਏ ਸਨ ਕਿ ਭਰਥਰੀ ਦੀ ਮਾਤਾ ਸੁਰਗਵਾਸ ਹੋ ਗਈ। ਸਾਰੇ ਦਰਬਾਰ ਵਿਚ ਸੋਗ ਦੀ ਲਹਿਰ ਦੌੜ ਗਈ।
ਗੰਧਰਵ ਸੈਨ ਨੇ ਦੂਰਅੰਦੇਸ਼ੀ ਤੋਂ ਕੰਮ ਲੈਂਦਿਆਂ ਦੋਵਾਂ ਰਾਜਕੁਮਾਰਾਂ ਨੂੰ ਵਿਕਰਮਾਜੀਤ ਦੇ ਨਾਨੇ ਧਾਰਾ ਨਗਰੀ ਦੇ ਵਿਦਵਾਨ ਅਤੇ ਸੂਰਬੀਰ ਰਾਜੇ ਦੀ ਸਪੁਰਦਗੀ ਵਿਚ ਭੇਜ ਦਿੱਤਾ। ਦੋਵੇਂ ਨਾਨਕੇ ਪਰਿਵਾਰ ਵਿਚ ਪਲਣ ਲੱਗੇ। ਤੇ ਨਾਨੇ ਨੇ ਵੀ ਸਮੇਂ ਅਨੁਸਾਰ ਉਨ੍ਹਾਂ ਨੂੰ ਹਰ ਪ੍ਰਕਾਰ ਦੀ ਵਿਦਿਆ ਦੇਣ ਵਿਚ ਕੋਈ ਕਸਰ ਬਾਕੀ ਨਾ ਛੱਡੀ... ਉਹ ਸ਼ਸਤਰ ਤੇ ਸ਼ਾਸਤਰ ਵਿਦਿਆ ਵਿਚ ਨਿਪੁੰਨਤਾ ਹਾਸਲ ਕਰਕੇ ਜਵਾਨੀ ਦੀਆਂ ਬਰੂਹਾਂ 'ਤੇ ਪੁੱਜ ਗਏ। ਤੇ ਏਧਰ ਉਜੈਨ ਨਗਰੀ ਪੱਬਾਂ ਭਾਰ ਹੋਈ ਆਪਣੇ ਨੌਜਵਾਨ ਰਾਜਕੁਮਾਰਾਂ ਦਾ ਇੰਤਜ਼ਾਰ ਕਰ ਰਹੀ ਸੀ... ਜਦੋਂ ਭਰਥਰੀ ਅਤੇ ਵਿਕਰਮਾਜੀਤ ਉਜੈਨ ਦਰਬਾਰ ਵਿਚ ਪੁੱਜੇ ਤਾਂ ਉਨ੍ਹਾਂ ਦੇ ਗੇਲੀਆਂ ਅਤੇ ਸਰੂਆਂ ਵਰਗੇ ਸਡੌਲ ਸਰੀਰ ਵੇਖ ਕੇ ਸਾਰਾ ਰਾਜ ਦਰਬਾਰ ਅਸ਼ ਅਸ਼ ਕਰ ਉਠਿਆ... ਉਨ੍ਹਾਂ ਦੇ ਚਿਹਰਿਆਂ ਦੀ ਆਭਾ ਬਣ ਬਣ ਪੈਂਦੀ ਸੀ ਤੇ ਖ਼ੁਸ਼ੀ ਵਿਚ ਖੀਵੇ ਹੋਏ ਗੰਧਰਵ ਸੈਨ ਦੇ ਪੱਬ ਧਰਤੀ 'ਤੇ ਨਹੀਂ ਸੀ ਲੱਗ ਰਹੇ।
ਸਿਆਣੇ ਰਾਜ ਦਰਬਾਰੀਆਂ ਨੇ ਮਸ਼ਵਰਾ ਦਿੱਤਾ- ਰਾਜਕੁਮਾਰਾਂ ਦੇ ਵਿਆਹ ਕਰ ਦਿੱਤੇ ਜਾਣ। ਸਾਰੇ ਰਾਜਾਂ ਵਿਚ ਯੋਗ ਤੇ ਸੁੰਦਰ ਕੰਨਿਆਵਾਂ ਦੀ ਭਾਲ਼ ਲਈ ਏਲਚੀ ਭੇਜ ਦਿੱਤੇ ਗਏ। ਤੇ ਕੁਝ ਸਮੇਂ ਵਿਚ ਹੀ ਦੋਵਾਂ ਰਾਜਕੁਮਾਰਾਂ ਦੇ ਵਿਆਹ

ਪੰਜਾਬੀ ਲੋਕ ਗਾਥਾਵਾਂ/ 38