ਸਮੱਗਰੀ 'ਤੇ ਜਾਓ

ਪੰਨਾ:ਜਿਨ੍ਹਾਂ ਵਣਜ ਦਿਲਾਂ ਦੇ ਕੀਤੇ - ਸੁਖਦੇਵ ਮਾਦਪੁਰੀ.pdf/44

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਾਦੂ ਹਾਥੀ ਬਾੜੇ ਦੇ ਛੈਲ ਛਬੀਲੇ ਗੱਭਰੂ ਮਹਾਵਤ 'ਤੇ ਵੀ ਚਲਾ ਚੁੱਕੀ ਸੀ ਤੇ ਉਸ ਨਾਲ਼ ਲੁਕਵੇਂ ਰੂਪ ਵਿਚ ਪ੍ਰੇਮ ਪੀਂਘਾਂ ਝੂਟ ਰਹੀ ਸੀ। ਜਦੋਂ ਰਾਜਾ ਆਪਣੇ ਮਹਿਲਾਂ ਵਿਚੋਂ ਬਾਹਰ ਜਾਂਦਾ ਉਹ ਮਹਾਵਤ ਨੂੰ ਸੱਦ ਲੈਂਦੀ। ਆਪਣੀ ਗੁਮਨਾਮ ਮੁਹੱਬਤ ਦੇ ਰਾਜ਼ ਨੂੰ ਛੁਪਾਉਣ ਲਈ ਉਹਨੇ ਆਪਣੀ ਇਕ ਗੋਲੀ ਨੂੰ ਰਾਜ਼ਦਾਰ ਬਣਾਇਆ ਹੋਇਆ ਸੀ... ਜਦੋਂ ਭਰਥਰੀ ਆਪਣੇ ਮਹਿਲਾਂ ਨੂੰ ਮੁੜਦਾ ਉਹਦੀ ਅਗੇਤਰੀ ਸੂਚਨਾ ਉਹ ਪਿੰਗਲਾ ਨੂੰ ਦੇ ਦੇਂਦੀ ਤੇ ਮਹਾਵਤ ਨੂੰ ਉਹ ਚੋਰ ਮੋਰੀਓਂ ਬਾਹਰ ਕੱਢ ਦੇਂਦੀ। ਇਹ ਸਿਲਸਿਲਾ ਕਾਫੀ ਦੇਰ ਚਲਦਾ ਰਿਹਾ।
ਲੋਕ ਮੁਹਾਵਰਾ ਹੈ- ਇਸ਼ਕ ਤੇ ਮੁਸ਼ਕ ਛੁਪਾਇਆਂ ਨਹੀਂ ਛੁਪਦੇ ਕੰਧ ਪਾੜ ਕੇ ਬਾਹਰ ਆ ਜਾਂਦੇ ਹਨ। ਇਕ ਦਿਨ ਕੀ ਹੋਇਆ ਕਿ ਪਿੰਗਲਾ ਦਾ ਪ੍ਰੇਮੀ ਮਹਾਵਤ (ਹਾਥੀਵਾਨ) ਅਜੇ ਉਹਦੇ ਹਰਮ ਵਿਚ ਹੀ ਸੀ ਕਿ ਗੋਲੀ ਨੇ ਆ ਕੇ ਸੂਚਨਾ ਦਿੱਤੀ ਕਿ ਮਹਾਰਾਜ ਸਮੇਂ ਤੋਂ ਪਹਿਲਾਂ ਹੀ ਮਹਿਲਾਂ ਦੇ ਦੁਆਰ 'ਤੇ ਪੁੱਜ ਗਏ ਹਨ। ਇਸ ਅਚਨਚੇਤੀ ਸੂਚਨਾ ਨਾਲ਼ ਪਿੰਗਲਾ ਘਬਰਾ ਗਈ।ਓਹਨੇ ਛੇਤੀ ਦੇਣੇ ਮਹਾਵਤ ਨੂੰ ਗੋਲੀ ਨਾਲ਼ ਏਧਰ ਓਧਰ ਭੇਜ ਦਿੱਤਾ। ਅਜੇ ਪਿੰਗਲਾ ਨੇ ਆਪਣੇ ਵਸਤਰ ਠੀਕ ਵੀ ਨਹੀਂ ਸੀ ਕੀਤੇ ਕਿ ਭਰਥਰੀ ਉਸ ਦੇ ਰੈਣ ਬਸੇਰੇ ਵਿਚ ਆ ਵੜਿਆ। ਪਿੰਗਲਾ ਤਾਂ ਆਪਣੀ ਚੋਰੀ ਦੇ ਫੜੀ ਜਾਣ ਕਾਰਨ ਪਹਿਲਾਂ ਹੀ ਭਮੱਤਰੀ ਹੋਈ ਸੀ... ਰਾਜੇ ਨੇ ਉਹਦੇ ਚਿਹਰੇ ਵੱਲ ਵੇਖਿਆ... ਪੀਲਾ ਜ਼ਰਦ ... ਰੇਸ਼ਮੀ ਪੁਸ਼ਾਕ ਉਤੇ ਸਿਲਵਟਾਂ। ਸ਼ੱਕ ਦੀ ਕੋਈ ਗੁੰਜਾਇਸ਼ ਹੀ ਨਹੀਂ ਸੀ ਰਹੀ। ਪਰੰਤੂ ਪਿੰਗਲਾ ਨੇ ਉਸ ਦੇ ਹਾਵਾਂ ਭਾਵਾਂ ਨੂੰ ਸਮਝਦਿਆਂ ਤ੍ਰਿਆ ਚਰਿਤਰ ਦਾ ਬਾਣ ਚਲਾ ਦਿੱਤਾ, "ਮਹਾਰਾਜ ਮੈਂ ਤਾਂ ਮਸਾਂ ਬਚੀ ਆਂ ਅੱਜ। ਵਿਕਰਮਾਜੀਤ ਦੀ ਨੀਅਤ ਫਿਟ ਗਈ ਸੀ ਮੇਰੀ ਜਵਾਨੀ 'ਤੇ। ਉਸ ਪਾਸੋਂ ਮਸੀਂ ਖਹਿੜਾ ਛੁਡਾਇਐ। ਮਹਾਰਾਜ! ਤੁਹਾਡੇ ਤੋਂ ਬਿਨਾਂ ਕੀਹਦੀ ਹਿੰਮਤ ਐ ਮੇਰੇ ਵੱਲ ਝਾਕ ਜਾਵੇ।"

ਪਿੰਗਲਾ ਦੇ ਕਹੇ ਬੋਲ ਭਰਥਰੀ ਦੇ ਧੁਰ ਅੰਦਰ ਤਕ ਲਹਿ ਗਏ। ਉਹ ਝੰਜੋੜਿਆ ਗਿਆ। ਉਸ ਨੂੰ ਤਾਂ ਵਿਕਰਮਾਜੀਤ 'ਤੇ ਬਹੁਤ ਮਾਣ ਸੀ। ਪਿੰਗਲਾ ਨੇ ਤਾਂ ਇਕ ਤੀਰ ਨਾਲ਼ ਦੋ ਨਿਸ਼ਾਨੇ ਫੁੰਡ ਲਏ ਸਨ- ਨਾਲੇ ਆਪਣੀ ਸਫ਼ਾਈ ਦੇ ਦਿੱਤੀ, ਨਾਲ਼ੇ ਰਾਜੇ ਦੇ ਮਨ ਅੰਦਰ ਆਪਣੇ ਭਰਾ ਲਈ ਨਫ਼ਤਰ ਦੀ ਜਵਾਲਾ ਜਲਾ ਦਿੱਤੀ। ਮਦਰਾ ਦੇ ਜਾਮ ਅਤੇ ਸ਼ਬਾਬ ਵੀ ਉਸ ਨੂੰ ਸ਼ਾਂਤ ਨਾ ਕਰ ਸਕੇ। ਉਹ ਸਾਰੀ ਰਾਤ ਤਿਲਮਿਲਾਉਂਦਾ ਰਿਹਾ।

ਅਗਲੀ ਭਲਕ ਭਰਥਰੀ ਨੇ ਵਿਕਰਮਾਜੀਤ ਨੂੰ ਰਾਜ ਦਰਬਾਰ ਵਿਚ ਸੱਦ ਲਿਆ ਅਤੇ ਬਿਨਾਂ ਉਸ ਦਾ ਪੱਖ ਸੁਣੇ ਉਸ ਨੂੰ ਦੇਸ਼-ਨਿਕਾਲ਼ਾ ਦੇ ਦਿੱਤਾ। ਵਿਕਰਮਾਜੀਤ ਆਪਣੇ ਵੱਡੇ ਭਰਾ ਦੇ ਹੁਕਮਾਂ 'ਤੇ ਫੁੱਲ ਚੜ੍ਹਾਉਦਾ ਹੋਇਆ ਉਜੈਨ ਨਗਰੀ ਨੂੰ ਛੱਡ ਕੇ ਆਸਾਮ ਵਲ ਨੂੰ ਚਲਿਆ ਗਿਆ।

ਪੰਜਾਬੀ ਲੋਕ ਗਾਥਾਵਾਂ/ 40