ਪੰਨਾ:ਜਿਨ੍ਹਾਂ ਵਣਜ ਦਿਲਾਂ ਦੇ ਕੀਤੇ - ਸੁਖਦੇਵ ਮਾਦਪੁਰੀ.pdf/46

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਫ਼ਲ ਲੈ ਆਈ ਤੇ ਉਸ ਨੂੰ ਫੜਾ ਕੇ ਕਿਹਾ, "ਮੇਰਿਆ ਮਹਿਰਮਾ। ਇਹ ਫ਼ਲ ਖਾ ਲੈ ਸਦਾ ਜਵਾਨ ਰਹੇਂਗਾ। ਇਹ ਦਾਤੇ ਦੀ ਮਿਹਰ ਨਾਲ ਪ੍ਰਾਪਤ ਹੋਇਆ ਹੈ।"
ਮਹਾਵਤ ਨੇ ਇਹ ਫ਼ਲ ਆਪਣੇ ਮਸਤਕ ਨਾਲ ਛੁਹਾਇਆ ਤੇ ਰਾਣੀ ਨਾਲ਼ ਮਾਖਿਓਂ-ਮਿੱਠੀਆਂ ਗੱਲਾਂ ਵਿਚ ਰੁਝ ਗਿਆ ਅਤੇ ਫ਼ਲ ਨੂੰ ਬੋਝੇ ਵਿਚ ਪਾ ਕੇ ਘਰ ਲੈ ਆਇਆ। ਮਹਾਵਤ ਦੀ ਇਕ ਹੋਰ ਪ੍ਰੇਮਿਕਾ ਸੀ- ਉਜੈਨ ਦੀ ਖ਼ੂਬਸੂਰਤ ਨਾਚੀ ਜਿਸ ਨੂੰ ਉਹ ਪਿੰਗਲਾ ਨਾਲੋਂ ਵੀ ਵਧ ਪਿਆਰ ਕਰਦਾ ਸੀ। ਉਸ ਨੇ ਇਹ ਫ਼ਲ ਲਿਆ ਕੇ ਉਸ ਨਾਚੀ ਨੂੰ ਭੇਂਟ ਕਰ ਦਿੱਤਾ। ਨਾਚੀ ਨੇ ਵੀ ਇਹ ਫ਼ਲ ਉਹਦੇ ਸਾਹਮਣੇ ਨਾ ਖਾਧਾ ਤੇ ਫੇਰ ਖਾਣ ਲਈ ਰੱਖ ਕੇ ਉਹਦੇ ਨਾਲ਼ ਪਿਆਰ ਭਰੀਆਂ ਗੱਲਾਂ ਬਾਤਾਂ ਕਰਦੀ ਰਹੀ।
ਉਜੈਨ ਦੀ ਇਹ ਖ਼ੂਬਸੂਰਤ ਨਾਚੀ ਕਈ ਵਾਰ ਰਾਜਾ ਭਰਥਰੀ ਦੇ ਰੰਗ ਮਹਿਲ ਵਿਚ ਮੁਜਰਾ ਕਰ ਚੁੱਕੀ ਸੀ। ਉਹਦੇ ਮਨ ਅੰਦਰ ਭਰਥਰੀ ਲਈ ਅਥਾਹ ਮੁਹੱਬਤ ਸੀ। ਉਸ ਨੇ ਸੋਚਿਆ ਕਿ ਉਸ ਦੇ ਜੀਵਨ ਨੂੰ ਤਾਂ ਲੋਕੀ ਹਕਾਰਤ ਭਰੀਆਂ ਨਜ਼ਰਾਂ ਨਾਲ਼ ਵੇਖਦੇ ਹਨ- ਉਹਨੇ ਸਦਾ ਜਵਾਨ ਰਹਿ ਕੇ ਕੀ ਕਰਨਾ ਹੈ, ਕਿਉਂ ਨਾ ਉਹ ਰਾਜਾ ਭਰਥਰੀ ਨੂੰ ਇਹ ਅੰਮ੍ਰਿਤ ਫ਼ਲ ਭੇਂਟ ਕਰ ਦੇਵੇ। ਕੁਝ ਦਿਨਾਂ ਬਾਅਦ ਉਸ ਹੁਸ਼ਨਾਕ ਨਾਚੀ ਨੇ ਅੰਮ੍ਰਿਤ ਫ਼ਲ ਨੂੰ ਰੇਸ਼ਮੀ ਰੁਮਾਲ 'ਚ ਲਪੇਟਿਆ ਤੇ ਥਾਲੀ 'ਚ ਪਰੋਸ ਕੇ ਭਰਥਰੀ ਦੇ ਚਰਨਾਂ 'ਚ ਭੇਟ ਕਰ ਕੇ ਅਰਜ਼ ਗੁਜ਼ਾਰੀ, "ਮੇਰੀ ਤੁਛ ਜਿਹੀ ਭੇਟ ਸਵੀਕਾਰ ਕਰੋ ਮਹਾਰਾਜ।"


ਭਰਥਰੀ ਨੇ ਜਦੋਂ ਥਾਲੀ ਤੋਂ ਰੁਮਾਲ ਪਰ੍ਹੇ ਸਰਕਾਇਆ ਓਹ ਤਾਂ ਵੇਖਦੇ ਸਾਰ ਹੀ ਧੁਰ ਅੰਦਰ ਤਕ ਝੰਜੋੜਿਆ ਗਿਆ- ਇਹ ਤਾਂ ਓਹੀ ਅੰਮ੍ਰਿਤ ਫ਼ਲ ਸੀ ਜਿਹੜਾ ਉਹਨੇ ਪਿੰਗਲਾ ਨੂੰ ਖਾਣ ਲਈ ਦਿੱਤਾ ਸੀ। ਉਸ ਨੇ ਆਪਣੇ ਆਪ ਨੂੰ ਸੰਭਾਲਿਆ ਤੇ ਉਤਸੁਕਤਾ ਪੂਰਵਕ ਨਿਗਾਹ ਨਾਲ਼ ਨਾਚੀ ਵਲ ਵੇਖ ਕੇ ਪੁੱਛਿਆ-
"ਤੈਨੂੰ ਇਹ ਫ਼ਲ ਕਿਥੋਂ ਪ੍ਰਾਪਤ ਹੋਇਆ ਹੈ?"
"ਮਹਾਰਾਜ ਇਹ ਨਾ ਪੁੱਛੋ ਬਸ ਸਵੀਕਾਰ ਕਰੋ। ਮੈਂ ਆਪ ਨੂੰ ਸਦਾ ਜਵਾਨ ਵੇਖਣਾ ਲੋਚਦੀ ਹਾਂ।"
"ਇਹ ਤਾਂ ਤੈਨੂੰ ਦੱਸਣਾ ਹੀ ਪੈਣੈ? ਕਿਧਰੇ ਮੇਰੇ ਨਾਲ਼ ਕੋਈ ਛੜਯੰਤਰ ਤਾਂ ਨਹੀਂ ਖੇਡ ਰਹੀ?"
ਰਾਜੇ ਨੇ ਕਹਿਰਵਾਨ ਨਿਗਾਹਾਂ ਨਾਲ਼ ਨਾਚੀ ਵੱਲ ਵੇਖਿਆ ਤੇ ਉਹ ਧੁਰ ਅੰਦਰ ਤਕ ਕੰਬ ਗਈ। ਸੱਚ ਬੋਲਣ ਤੋਂ ਸਿਵਾ ਕੋਈ ਹੋਰ ਚਾਰਾ ਨਹੀਂ ਸੀ ਰਿਹਾ।
"ਮਹਾਰਾਜਾ ਸੱਚ ਤਾਂ ਇਹ ਹੈ। ਤੁਹਾਡੇ ਹਾਥੀ ਬਾੜੇ ਦਾ ਮਹਾਵਤ ਮੇਰਾ ਪ੍ਰੇਮੀ ਹੈ। ਉਸ ਨੇ ਇਹ ਫ਼ਲ ਮੈਨੂੰ ਖਾਣ ਲਈ ਦਿੱਤਾ ਸੀ।"
ਮਹਾਵਤ ਨੂੰ ਤੁਰੰਤ ਦਰਬਾਰ ਵਿਚ ਸੱਦਿਆ ਗਿਆ। ਪਹਿਲਾਂ ਤਾਂ ਉਸ

ਪੰਜਾਬੀ ਲੋਕ ਗਾਥਾਵਾਂ/ 42