ਪੰਨਾ:ਜਿਨ੍ਹਾਂ ਵਣਜ ਦਿਲਾਂ ਦੇ ਕੀਤੇ - ਸੁਖਦੇਵ ਮਾਦਪੁਰੀ.pdf/47

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨੇ ਸੱਚ ਦੱਸਣੋਂ ਆਨਾ-ਕਾਨੀ ਕੀਤੀ ਪਰੰਤੂ ਜਦੋਂ ਉਸ 'ਤੇ ਕੋਰੜਿਆਂ ਦਾ ਮੀਂਹ ਵਰ੍ਹਨ ਲੱਗਾ ਉਸ ਨੇ ਸਭ ਕੁਝ ਉਗਲ ਦਿੱਤਾ।
"ਮਹਾਰਾਜ! ਸੱਚ ਦੱਸਦਾ ਹਾਂ। ਰਾਜਨ ਮੈਨੂੰ ਇਹ ਫ਼ਲ ਰਾਣੀ ਪਿੰਗਲਾ ਨੇ ਖਾਣ ਲਈ ਦਿੱਤਾ ਸੀ ਪਰੰਤੂ ਮੈਂ ਇਹ ਫ਼ਲ ਅਗਾਂਹ ਆਪਣੀ ਪ੍ਰੇਮਿਕਾ ਨਾਚੀ ਨੂੰ ਦੇ ਦਿੱਤਾ ਸੀ। ਮੈਨੂੰ ਮੁਆਫ਼ ਕਰ ਦੇਵੋ ਮਹਾਰਾਜ! ਮੇਰੀ ਜਾਨ ਬਖ਼ਸ਼ੀ ਜਾਵੇ। ਹਜ਼ੂਰ ਬਾਲ ਬੱਚੜਦਾਰ ਹਾਂ।"
ਮਹਾਵਤ ਦੇ ਇਨ੍ਹਾਂ ਬੋਲਾਂ ਨੇ ਜਿਵੇਂ ਭਰਥਰੀ ਦੀ ਹੋਣੀ ਹੀ ਬਦਲ ਦਿੱਤੀ ਹੋਵੇ- ਉਹਦੇ ਧੁਰ ਅੰਦਰ ਇਕ ਜਵਾਲਾ ਮੱਚ ਰਹੀ ਸੀ ਪਰੰਤੁ ਬਾਹਰੋਂ ਉਹ ਸ਼ਾਂਤ ਚਿੱਤ ਨਜ਼ਰ ਆ ਰਿਹਾ ਸੀ। ਉਹਨੇ ਨਾਚੀ ਅਤੇ ਮਹਾਵਤ ਨੂੰ ਦਰਬਾਰ ਵਿਚੋਂ ਚਲੇ ਜਾਣ ਦੀ ਆਗਿਆ ਦੇ ਦਿੱਤੀ ਤੇ ਆਪ ਆਪਣੇ ਮਹਿਲਾਂ ਨੂੰ ਤੁਰ ਪਿਆ।
ਰਾਣੀ ਪਿੰਗਲਾ ਅਜੇ ਤਕ ਇਹ ਨਹੀਂ ਸੀ ਜਾਣਦੀ ਕਿ ਰਾਜ ਦਰਬਾਰ ਵਿਚ ਅੱਜ ਕਿਹੜੀਆਂ ਘਟਨਾਵਾਂ ਵਾਪਰੀਆਂ ਹਨ। ਉਹ ਪਹਿਲਾਂ ਵਾਂਗ ਹੀ ਮੁਸਕਾਨਾਂ ਬਖੇਰਦੀ ਹੋਈ ਭਰਥਰੀ ਦੇ ਆਗਮਨ ਵਿਚ ਬਾਹਾਂ ਉਲਾਰੀ ਖਲੋਤੀ ਹੋਈ ਸੀ- ਉਹਨੇ ਵੇਖਿਆ ਅੱਜ ਭਰਥਰੀ ਦਾ ਚਿਹਰਾ ਗੰਭੀਰਤਾ ਦੀਆਂ ਝਲਕਾਂ ਮਾਰ ਰਿਹਾ ਸੀ।
"ਅੱਜ ਮੇਰੇ ਮਹਾਰਾਜ ਬਦਲੇ ਬਦਲੇ ਕਿਉਂ ਨਜ਼ਰ ਆ ਰਹੇ ਨੇ," ਪਿੰਗਲਾ ਨੇ ਭਰਥਰੀ ਨੂੰ ਕਾਮੁਕ ਅਦਾ ਨਾਲ਼ ਆਪਣੀ ਗਲਵੱਕੜੀ 'ਚ ਲੈਂਦਿਆਂ ਆਖਿਆ। ਅੱਜ ਪਹਿਲਾ ਮੌਕਾ ਸੀ ਜਦੋਂ ਭਰਥਰੀ ਨੇ ਪਿੰਗਲਾ ਨੂੰ ਕ੍ਰੋਧਵਾਨ ਨਿਗਾਹਾਂ ਨਾਲ਼ ਵੇਖਿਆ ਸੀ। ਉਸ ਨੇ ਆਪਣੇ-ਆਪ ਨੂੰ ਰਾਣੀ ਦੀ ਬੁੱਕਲ 'ਚੋਂ ਛੁਡਾਇਆ ਤੇ ਬੋਲਿਆ, "ਰਾਣੀ ਪਹਿਲਾਂ ਮੇਰੀ ਸ਼ੰਕਾ ਨਵਿਰਤ ਕਰੋ। ਤੂੰ ਅੰਮ੍ਰਿਤ ਫ਼ਲ ਖਾਧਾ ਹੈ ਜਾਂ ਨਹੀਂ?"
"ਮਹਾਰਾਜ ਇਸ ਗੱਲ ਨਾਲ਼ ਕੀ ਫ਼ਰਕ ਪੈਂਦੈ ਕਿ ਮੈਂ ਫ਼ਲ ਖਾਧਾ ਹੈ ਜਾਂ ਨਹੀਂ ... ਮੈਂ ਤਾਂ ਤੁਹਾਡੀ ਦਾਸੀ ਆਂ।"
"ਫ਼ਰਕ ਕਿਉਂ ਨੀ ਪੈਂਦਾ ਮੇਰੀ ਚੰਚਲ ਰਾਣੀਏਂ... ਫ਼ਰਕ ਤਾਂ ਪੈ ਗਿਐ... ਕੂੜ ਦਾ ਭਾਂਡਾ ਆਖਰ ਭਜਣੈ ਹੀ ਭਜਣੈ... ਸੱਚ ਦਾ ਸੂਰਜ ਮੇਰੇ ਸਾਹਮਣੇ ਐ... ਆਹ ਵੇਖ ਓਹੀ ਅੰਮ੍ਰਿਤ ਫ਼ਲ।" ਭਰਥਰੀ ਨੇ ਫ਼ਲ ਰਾਣੀ ਅੱਗੇ ਵਗਾਹ ਮਾਰਿਆ।
"ਕਿਉਂ ਮਜ਼ਾਕ ਕਰਦੇ ਓ ਰਾਜਨ! ਮੈਂ ਤਾਂ ਤੁਹਾਡੇ ਵਾਲ਼ਾ ਫ਼ਲ ਖਾ ਲਿਆ ਸੀ... ਇਹ ਫ਼ਲ ਤਾਂ ਕੋਈ ਹੋਰ ਹੀ ਐ..."
ਪਿੰਗਲਾ ਨੇ ਵੇਖਿਆ ਅੱਜ ਪਹਿਲੀ ਵਾਰ ਭਰਥਰੀ ਦੇ ਨੈਣਾਂ ਵਿਚ ਮਦਰਾ ਦੀ ਥਾਂ ਅੰਗਿਆਰ ਭਖ ਰਹੇ ਸਨ... ਉਹ ਰਾਜੇ ਦੀਆਂ ਕ੍ਰੋਧਵਾਨ ਨਿਗਾਹਾਂ ਦਾ ਵਾਰ ਝੱਲ ਨਾ ਸਕੀ ਤੇ ਥਰ-ਥਰ ਕੰਬਦੀ ਹੋਈ ਉਹਦੇ ਚਰਨਾਂ 'ਚ ਢਹਿ ਪਈ ਤੇ

ਪੰਜਾਬੀ ਲੋਕ ਗਾਥਾਵਾਂ/ 43