ਸਮੱਗਰੀ 'ਤੇ ਜਾਓ

ਪੰਨਾ:ਜਿਨ੍ਹਾਂ ਵਣਜ ਦਿਲਾਂ ਦੇ ਕੀਤੇ - ਸੁਖਦੇਵ ਮਾਦਪੁਰੀ.pdf/49

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

"ਰਾਜਨ! ਜੋਗ ਦਾ ਪੈਂਡਾ ਬਹੁਤ ਕਠਿਨ ਐ... ਕਰੜੇ ਨੇਮਾਂ ਦੀ ਪਾਲਣਾ ਕਰਨਾ, ਕੰਦਮੂਲ ਖਾਣਾ ਤੇ ਪੰਜਾਂ ਇੰਦਰੀਆਂ ਨੂੰ ਵਸ 'ਚ ਕਰਨਾ। ਮਖ਼ਮਲੀ ਬਿਸਤਰਿਆਂ 'ਤੇ ਸੌਣ ਵਾਲ਼ੇ ਤੇ ਮਹਿਲਾਂ ਮਾੜੀਆਂ 'ਚ ਰਹਿਣ ਵਾਲ਼ੇ ਗ੍ਰਿਹਸਥੀਆਂ ਦੇ ਵਸ ਦਾ ਰੋਗ ਨਹੀਂ।"
"ਗੁਰੂਦੇਵ ਹਰ ਨੇਮ ਦੀ ਪਾਲਣਾ ਕਰਾਂਗਾ। ਗੁਰੂ ਮੰਤਰ ਦੇ ਕੇ ਦਾਸ ਦਾ ਆਧਾਰ ਕਰੋ ਨਾਥ ਜੀ!"
ਜਤਿੰਦਰੀ ਨਾਥ ਨੇ ਅਨੁਭਵ ਕਰ ਲਿਆ ਸੀ ਕਿ ਭਰਥਰੀ ਸੱਚੇ ਮਨ ਨਾਲ਼ ਜੋਗ ਧਾਰਨ ਕਰਨ ਆਇਆ ਹੈ- ਉਸ ਨੇ ਉਸ ਨੂੰ ਗੁਰੂ ਮੰਤਰ ਦੇਣ ਤੋਂ ਪਹਿਲਾਂ ਉਹਦੀ ਪ੍ਰੀਖਿਆ ਲੈਣ ਲਈ ਗੋਰਖ ਨਾਥ ਨੂੰ ਇਸ਼ਾਰਾ ਕਰਕੇ ਆਖਿਆ, "ਬੱਚਾ! ਭਰਥਰੀ ਨੂੰ ਉਜੈਨ ਨਗਰੀ ਦਾ ਫੇਰਾ ਪੁਆ ਲਿਆ। ਇਹਦੇ ਭਗਵੇਂ ਕੱਪੜੇ ਪਹਿਨਾ ਦੇਵੋ... ਮੁੰਦਰਾਂ ਉਦੋਂ ਪਾਵਾਂਗੇ ਜਦੋਂ ਗੁਰੂ ਮੰਤਰ ਧਾਰਨ ਕਰੇਗਾ- ਇਕ ਜ਼ਰੂਰੀ ਗੱਲ, ਭਰਥਰੀ ਆਪਣੀਆਂ ਰਾਣੀਆਂ ਨੂੰ ਮਾਂ ਸ਼ਬਦ ਨਾਲ਼ ਸੰਬੋਧਨ ਕਰਕੇ ਭਿਛਿਆ ਮੰਗ ਕੇ ਲਿਆਵੇ।"
'ਅਲਖ ਨਿਰੰਜਨ' ਆਖ ਗੋਰਖ ਨਾਥ ਨੇ ਭਰਥਰੀ ਦੇ ਗੇਰੂਏ ਰੰਗ ਦੇ ਕੱਪੜੇ ਪਹਿਨਾਏ ਤੇ ਉਜੈਨ ਨਗਰੀ ਨੂੰ ਤੁਰ ਪਏ।
ਸਭ ਤੋਂ ਪਹਿਲਾਂ ਰਾਣੀ ਪਿੰਗਲਾ ਦਾ ਮਹਿਲ ਸੀ। ਭਰਥਰੀ ਨੇ ਪਿੰਗਲਾ ਦੇ ਬੂਹੇ ਅੱਗੇ ਜਾ ਅਲਖ ਜਗਾਈ, "ਅਲਖ ਨਿਰੰਜਨ"।
ਪਿੰਗਲਾ ਨੇ ਵੇਖਿਆ ਭਰਥਰੀ ਜੋਗੀ ਦੇ ਰੂਪ ਵਿਚ ਉਹਦੇ ਬੂਹੇ 'ਤੇ ਖੜ੍ਹਾ ਭਿਖਿਆ ਮੰਗ ਰਿਹਾ ਹੈ... ਉਹਦੇ ਨੈਣਾਂ 'ਚੋਂ ਹੰਝੂਆਂ ਦੀ ਨਦੀ ਵਗ ਟੁਰੀ... ਜੋਗੀ ਨੇ ਮੁੜ ਅਲਖ ਜਗਾਈ, "ਮਾਂ ਪਿੰਗਲਾ! ਭਿਛਿਆ ਦੇ! ਅਲਖ ਨਿਰੰਜਨ।
"ਮਹਾਰਾਜ ਕਸੂਰ ਤਾਂ ਮੇਰਾ ਹੈ- ਸਜ਼ਾ ਮੈਨੂੰ ਦੇਵੋ। ਆਓ ਆਪਣਾ ਰਾਜ ਭਾਗ ਸੰਭਾਲੋ।" ਪਿੰਗਲਾ ਨੇ ਬੂਹੇ ਦੇ ਪਿੱਛੇ ਖੜੋਤਿਆਂ ਬੇਨਤੀ ਕੀਤੀ। ਪਛਤਾਵੇ ਦੇ ਭਾਵ ਨਾਲ਼ ਉਹਦਾ ਗਲ਼ਾ ਭਰ ਆਇਆ।
"ਮਾਂ ਪਿੰਗਲਾ! ਇਨ੍ਹਾਂ ਗੱਲਾਂ ਦੀ ਕੋਈ ਤੁਕ ਨਹੀਂ। ਬੱਸ ਭਿਛਿਆ ਪਾ... ਅਸੀਂ ਅਗਲੇ ਦਰ ਵੀ ਜਾਣਾ ਹੈ... ਅਲਖ ਨਿਰੰਜਨ।"
ਹਟਕੋਰੇ ਭਰਦੀ ਪਿੰਗਲਾ ਅੰਦਰੋਂ ਭਿਛਿਆ ਦਾ ਥਾਲ ਭਰ ਲਿਆਈ ਤੇ ਭਰਥਰੀ ਦੀ ਬਗਲੀ ਵਿਚ ਭਿਛਿਆ ਪਾ ਕੇ ਗਸ਼ ਖਾ ਕੇ ਡਿੱਗ ਪਈ ਤੇ ਭਰਥਰੀ 'ਅਲਖ ਨਿਰੰਜਨ' ਅਲਾਪਦਾ ਹੋਇਆ ਅਗਾਂਹ ਤੁਰ ਗਿਆ।
ਰਾਣੀ ਪਿੰਗਲਾ ਤੋਂ ਭਿਛਿਆ ਲੈ ਕੇ ਗੋਰਖ ਭਰਥਰੀ ਨੂੰ ਜੋਗੀਆਂ ਦੇ ਟਿੱਲੇ 'ਤੇ ਲੈ ਆਇਆ। ਵਿਧੀਗਤ ਰੀਤੀ ਅਨੁਸਾਰ ਜਤਿੰਦਰੀ ਨਾਥ ਨੇ ਭਰਥਰੀ ਨੂੰ ਗੁਰੂ ਮੰਤਰ ਦੇ ਕੇ ਉਹਦੇ ਕੰਨਾਂ ਵਿਚ ਮੁੰਦਰਾਂ ਪੁਆ ਦਿੱਤੀਆਂ ਅਤੇ ਆਪਣੇ ਜੋਗ ਮਤ

ਪੰਜਾਬੀ ਲੋਕ ਗਾਥਾਵਾਂ/ 45