ਪੰਨਾ:ਜਿਨ੍ਹਾਂ ਵਣਜ ਦਿਲਾਂ ਦੇ ਕੀਤੇ - ਸੁਖਦੇਵ ਮਾਦਪੁਰੀ.pdf/53

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦਾ ਦਿਨ ਧਰ ਦਿੱਤਾ। ਕੁੜੀਆਂ ਦੇ ਸਹੁਰਿਆਂ ਨੇ ਹਾਕਮ ਤੋਂ ਡਰਦਿਆਂ ਕਿਹਾ ਕਿ ਉਹ ਰਾਤ ਸਮੇਂ ਹੀ ਵਿਆਹੁਣ ਆਉਣਗੇ। ਪਿੰਡ ਤੋਂ ਬਾਹਰ ਜੰਗਲ ਵਿਚ ਵਿਆਹ ਰਚਾਉਣ ਦਾ ਪ੍ਰਬੰਧ ਕੀਤਾ ਗਿਆ। ਰੌਸ਼ਨੀ ਲਈ ਲੱਕੜੀਆਂ ਇਕੱਠੀਆਂ ਕਰ ਕੇ ਅੱਗ ਬਾਲੀ ਗਈ। ਦੁੱਲੇ ਨੇ ਆਲ਼ੇ-ਦੁਆਲ਼ੇ ਦੇ ਪਿੰਡਾਂ ਤੋਂ ਦਾਨ ਇਕੱਠਾ ਕੀਤਾ। ਪਿੰਡ ਵਿਚ ਜਿਨ੍ਹਾਂ ਦੇ ਘਰ ਨਵੇਂ ਵਿਆਹ ਹੋਏ ਸਨ ਜਾਂ ਜਿਨ੍ਹਾਂ ਦੇ ਬਾਲ ਜਨਮੇ ਸਨ ਉਨ੍ਹਾਂ ਨੇ ਵੀ ਸੁੰਦਰ-ਮੁੰਦਰੀ ਦੇ ਵਿਆਹ 'ਤੇ ਆਪਣੇ ਵਲੋਂ ਕੁਝ ਨਾ ਕੁਝ ਗੁੜ-ਸ਼ੱਕਰ ਤੇ ਦਾਣੇ ਆਦਿ ਦੇ ਰੂਪ ਵਿਚ ਦਾਨ ਦਿੱਤਾ। ਦੁੱਲੇ ਕੋਲ਼ ਕੰਨਿਆ-ਦਾਨ ਦੇਣ ਲਈ ਇਕ ਲੱਪ ਸ਼ੱਕਰ ਦੀ ਹੀ ਸੀ। ਕੁੜੀਆਂ ਦਾ ਡੋਲਾ ਤੁਰ ਗਿਆ ਤੇ ਗ਼ਰੀਬ ਬ੍ਰਾਹਮਣ ਨੇ ਦੁੱਲੇ ਦਾ ਲੱਖ-ਲੱਖ ਸ਼ੁਕਰ ਕੀਤਾ। ਕਿਹਾ ਜਾਂਦਾ ਹੈ ਉਦੋਂ ਤੋਂ ਲੋਹੜੀ ਮਨਾਉਣ ਦਾ ਰਿਵਾਜ ਪੈ ਗਿਆ।
ਸੁੰਦਰ ਮੁੰਦਰੀਏ ਲੋਕ ਗੀਤ ਦੇ ਬੋਲ ਹਨ:

ਸੁੰਦਰ ਮੁੰਦਰੀਏ- ਹੋ
ਤੇਰਾ ਕੌਣ ਵਿਚਾਰਾ- ਹੋ
ਦੁੱਲਾ ਭੱਟੀ ਵਾਲਾ- ਹੋ
ਦੁੱਲੇ ਧੀ ਵਿਆਹੀ- ਹੋ
ਸੇਰ ਸ਼ੱਕਰ ਪਾਈ- ਹੋ
ਕੁੜੀ ਦੇ ਬੋਝੇ ਪਾਈ- ਹੋ
ਕੁੜੀ ਦਾ ਲਾਲ ਪਟਾਕਾ- ਹੋ
ਕੁੜੀ ਦਾ ਸਾਲੂ ਪਾਟਾ- ਹੋ
ਸਾਲੂ ਕੌਣ ਸਮੇਟੇ- ਹੋ
ਚਾਚਾ ਗਾਲੀ ਦੇਸੇ- ਹੋ
ਚਾਚਾ ਚੂਰੀ ਕੁੱਟੀ- ਹੋ
ਜ਼ਿਮੀਂਦਾਰ ਸਦਾਓ- ਹੋ
ਗਿਣ-ਗਿਣ ਪੌਲੇ ਲਾਓ- ਹੋ

ਦੁੱਲਾ ਭੱਟੀ ਪੰਜਾਬੀਆਂ ਦਾ ਹਰਮਨ ਪਿਆਰਾ ਲੋਕ ਨਾਇਕ ਹੈ। ਉਹ ਸਾਂਦਲ ਬਾਰ (ਪੱਛਮੀ ਪੰਜਾਬ, ਪਾਕਿਸਤਾਨ) ਦੇ ਇਲਾਕੇ ਦਾ ਸੂਰਬੀਰ ਅਣਖੀ ਯੋਧਾ ਹੋਇਆ ਹੈ, ਜਿਸ ਨੇ ਅਕਬਰ ਜਹੇ ਮੁਗ਼ਲ ਬਾਦਸ਼ਾਹ ਵਿਰੁੱਧ ਬਗ਼ਾਵਤ ਦਾ ਝੰਡਾ ਬੁਲੰਦ ਕਰਕੇ ਆਪਣੇ ਬਾਪ ਤੇ ਦਾਦੇ ਦੀ ਮੌਤ ਦਾ ਬਦਲਾ ਲੈਣ ਲਈ ਆਪਣੀ ਸ਼ਹਾਦਤ ਦੇ ਦਿੱਤੀ ਤੇ ਪੰਜਾਬੀਆਂ ਦੇ ਦਿਲਾਂ 'ਤੇ ਰਾਜ ਕਰਨ ਲੱਗਾ।

ਪੰਜਾਬੀ ਲੋਕ ਗਾਥਾਵਾਂ/ 49