ਪੰਨਾ:ਜਿਨ੍ਹਾਂ ਵਣਜ ਦਿਲਾਂ ਦੇ ਕੀਤੇ - ਸੁਖਦੇਵ ਮਾਦਪੁਰੀ.pdf/55

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਲੱਧੀ ਨੂੰ ਬਾਦਸ਼ਾਹ ਦੇ ਦਰਬਾਰ ਵਿਚ ਬੁਲਾਇਆ ਗਿਆ। ਬਾਦਸ਼ਾਹ ਦਾ ਹੁਕਮ ਕਿਵੇਂ ਟਾਲ਼ਦੀ... ਸ਼ੇਖੂ ਨੂੰ ਪਾਲਣ ਦੀ ਜ਼ਿੰਮੇਵਾਰੀ ਉਹਨੇ ਲੈ ਲਈ। ਮੁਗ਼ਲ ਸਰਕਾਰ ਵਲੋਂ ਲੱਧੀ ਦੇ ਪਿੰਡ ਹੀ ਅਨੇਕਾਂ ਸੁੱਖ ਸਹੂਲਤਾਂ ਮੁਹੱਈਆ ਕੀਤੀਆਂ ਗਈਆਂ। ਦੁੱਲਾ ਤੇ ਸ਼ੇਖੂ ਕੱਠੇ ਪਲਣ ਲੱਗੇ- ਦੋਨੋਂ ਲੱਧੀ ਦਾ ਸੀਰ ਚੁੰਘਦੇ। ਦੋਹਾਂ ਨੂੰ ਉਹ ਇਕੋ ਜਿਹਾ ਪਿਆਰ ਦੇਂਦੀ, ਲਾਡ ਲਡਾਉਂਦੀ। ਸਮਾਂ ਆਪਣੀ ਤੋਰੇ ਤੁਰਦਾ ਰਿਹਾ...। ਸ਼ੇਖੂ ਨੇ ਆਪਣੇ ਬਾਪ ਪਾਸ ਆਖ਼ਰ ਜਾਣਾ ਹੀ ਸੀ। ਅਕਬਰ ਨੇ ਦੁੱਲੇ ਤੇ ਸ਼ੇਖੂ ਦੀ ਪ੍ਰੀਖਿਆ ਲਈ। ਘੋੜ ਸਵਾਰੀ, ਨੇਜ਼ਾਬਾਜ਼ੀ ਤੇ ਤੀਰਅੰਦਾਜ਼ੀ ਵਿਚ ਦੁੱਲਾ ਸ਼ੇਖੁ ਨੂੰ ਮਾਤ ਦੇ ਗਿਆ... ਅਕਬਰ ਨੇ ਸੋਚਿਆ ਕਿਤੇ ਲੱਧੀ ਨੇ ਦੁੱਧ ਚੁੰਘਾਉਣ 'ਚ ਵਿਤਕਰਾ ਨਾ ਕੀਤਾ ਹੋਵੇ।
ਲੱਧੀ ਨੇ ਅਕਬਰ ਦੇ ਚਿਹਰੇ ਦੇ ਹਾਵ-ਭਾਵ ਵੇਖ ਕੇ ਆਖਿਆ, "ਹਜ਼ੂਰ ਮੈਂ ਤਾਂ ਦੋਹਾਂ ਨੂੰ ਇਕੋ ਜਿੰਨਾ ਦੁੱਧ ਚੁੰਘਾਇਐ...।"
ਅਕਬਰ ਸ਼ੁਕਰ-ਗੁਜ਼ਾਰ ਸੀ ਕਿ ਲੱਧੀ ਨੇ ਉਹਦੇ ਪੁੱਤ ਨੂੰ ਆਪਣਾ ਸੀਰ ਚੁੰਘਾ ਕੇ ਪਾਲਿਆ ਹੈ। ਉਹਨੇ ਇਨਾਮ ਵਜੋਂ ਬਹੁਤ ਸਾਰੀਆਂ ਮੋਹਰਾਂ ਲੱਧੀ ਦੀ ਝੋਲੀ ਪਾ ਕੇ ਆਖਿਆ, "ਮੈਂ ਤੇਰਾ ਦੇਣਾ ਤਾਂ ਨੀ ਦੇ ਸਕਦਾ। ਆਹ ਕੁਝ ਰਕਮ ਐ ਇਹਦੇ ਨਾਲ਼ ਦੁੱਲੇ ਨੂੰ ਚੰਗੀ ਤਾਲੀਮ ਦੁਆਈਂ। ਵੱਡੇ ਹੋਣ 'ਤੇ ਮੈਂ ਇਹਨੂੰ ਆਪਣੇ ਦਰਬਾਰ 'ਚ ਵੱਡਾ ਰੁਤਬਾ ਦਿਆਂਗਾ।"
ਲੱਧੀ ਨੇ ਅਕਬਰ ਦਾ ਸ਼ੁਕਰੀਆ ਅਦਾ ਕੀਤਾ ਤੇ ਦੁੱਲੇ ਨੂੰ ਲੈ ਕੇ

ਆਪਣੇ ਘਰ ਆ ਗਈ।
ਦੁੱਲੇ ਨੂੰ ਦੀਨੀ ਸਿੱਖਿਆ ਦੇਣ ਲਈ ਕਾਜੀ ਪਾਸ ਮਸੀਤੇ ਪੜਨੇ ਪਾਇਆ ਗਿਆ... ਉਹਨੂੰ ਨਿਯਮਬਧ ਕਰੜੀ ਸਿੱਖਿਆ ਪਸੰਦ ਨਾ ਆਈ। ਉਹ ਇਕ ਦਿਨ ਕਾਜੀ ਨੂੰ ਕੁੱਟ ਕੇ ਘਰ ਦੌੜ ਆਇਆ ਤੇ ਆਪਣੇ ਹਾਣੀਆਂ ਨਾਲ਼ ਜਾ ਕੇ ਖੇਡਣ ਲੱਗ ਪਿਆ।
ਦੁੱਲਾ ਜਵਾਨੀ ਵਿਚ ਪੈਰ ਧਰਨ ਲੱਗਾ... ਉਹ ਅਲਬੇਲੇ ਸੁਭਾਅ ਦਾ ਮਾਲਕ ਸੀ... ਖੁਲ੍ਹੀ ਹਵਾ ਵਿਚ ਚੁੰਘੀਆਂ ਭਰਨ ਵਾਲਾ ਹੀਰਾ ਹਨ। ਉਹਨੇ ਆਪਣੇ ਪਿੰਡ ਦੇ ਮੁੰਡਿਆਂ ਦੀ ਢਾਣੀ ਬਣਾ ਲਈ ਤੇ ਉਨ੍ਹਾਂ ਦਾ ਸਰਦਾਰ ਬਣ ਕੇ ਲੱਗਾ ਅਨੋਖੀਆਂ ਹਰਕਤਾਂ ਕਰਨ। ਉਹ ਜੰਗਲ ਬੇਲਿਆਂ ਵਿਚ ਘੁੰਮਦੇ ਖਰਮਸਤੀਆਂ ਕਰਦੇ। ਦੁੱਲੇ ਦੀ ਚੜ੍ਹਦੀ ਜੁਆਨੀ... ਉਹਦਾ ਸਰੂਆਂ ਵਰਗਾ ਸਰੀਰ, ਗੇਲੀ ਜਿਹਾ ਜੁੱਸਾ... ਦਗ ਦਗ ਕਰਦਾ ਚਿਹਰਾ ਤੇ ਉਸ ਦਾ ਅਮੋੜ ਸੁਭਾਅ ਲੱਧੀ ਨੂੰ ਸੋਚਾਂ ’ਚ ਪਾ ਦੇਂਦਾ ਉਹ ਇਹ ਜਾਣਦੀ ਸੀ ਕਿ ਉਹਦੇ ਬਾਪ ਫ਼ਰੀਦ ਦਾ ਵਿਦਰੋਹੀ ਖੂਨ ਉਹਦੀਆਂ ਰਗਾਂ ਵਿਚ ਦੌੜ ਰਿਹਾ ਹੈ। ਇਹ ਖੂਨ ਕਿਸੇ ਵੇਲੇ ਵੀ ਉਬਾਲਾ ਖਾ ਸਕਦਾ ਹੈ। ਉਹਦੀਆਂ ਖਰਮਸਤੀਆਂ ਤੇ ਉਲਾਂਭੇ

ਪੰਜਾਬੀ ਲੋਕ ਗਾਥਾਵਾਂ/ 51