ਪੰਨਾ:ਜਿਨ੍ਹਾਂ ਵਣਜ ਦਿਲਾਂ ਦੇ ਕੀਤੇ - ਸੁਖਦੇਵ ਮਾਦਪੁਰੀ.pdf/56

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਲੱਧੀ ਲਈ ਸੈਆਂ ਮੁਸੀਬਤਾਂ ਖੜ੍ਹੀਆਂ ਕਰ ਸਕਦੇ ਸਨ। ਦੁੱਲੇ ਦਾ ਪਾਣੀ ਭਰਦੀਆਂ ਤੀਵੀਆਂ ਦੇ ਘੜੇ ਗੁਲੇਲਾਂ ਮਾਰ ਕੇ ਭੰਨਣ ਦਾ ਸ਼ੌਕ ਦਿਨੋ ਦਿਨ ਵੱਧ ਰਿਹਾ ਸੀ...। ਨਿੱਤ ਉਲਾਂਭੇ ਮਿਲਦੇ...। ਲੱਧੀ ਨੇ ਜਨਾਨੀਆਂ ਨੂੰ ਮਿੱਟੀ ਦੀਆਂ ਗਾਗਰਾਂ ਦੀ ਥਾਂ ਲੋਹੇ ਦੀਆਂ ਗਾਗਰਾਂ ਲੈ ਦਿੱਤੀਆਂ। ਪਰੰਤੂ ਉਹ ਲੋਹੇ ਦੀਆਂ ਸਾਗਾਂ ਨਾਲ਼ ਆਪਣਾ ਸ਼ੌਕ ਪੂਰਾ ਕਰਦਾ ਰਿਹਾ। ਆਖਰ ਸਤੀ ਹੋਈ ਨੰਦੀ ਮਿਰਾਸਣ ਨੇ ਇਕ ਦਿਨ ਦੁੱਲੇ ਨੂੰ ਉਹਦੇ ਬਾਪ ਦਾਦੇ ਦਾ ਤਾਹਨਾ ਮਾਰਿਆ:

ਬੋਲੀ ਮਾਰ ਕੇ ਨੰਦੀ ਫਨਾਹ ਕਰਦੀ
ਸੀਨਾ ਦੁੱਲੇ ਦਾ ਚਾਕ ਹੋ ਜਾਂਵਦਾ ਏ।
ਬਾਪ ਦਾਦੇ ਦਾ ਇਹ ਤੇ ਸੂਰਮਾ ਏ
ਕਾਹਨੂੰ ਨਿੱਤ ਗਰੀਬ ਦੁਖਾਂਵਦਾ ਏ।
ਏਥੇ ਜ਼ੋਰ ਦੁਖਾਂਵਦਾ ਔਰਤਾਂ ਨੂੰ
ਤੈਨੂੰ ਰਤੀ ਹਯਾ ਨਾ ਆਂਵਦਾ ਏ।
ਤੇਰੇ ਬਾਪ ਦਾਦੇ ਦੀਆਂ ਸ਼ਾਹ ਅਕਬਰ
ਖੱਲਾਂ ਪੁੱਠੀਆਂ ਚਾ ਲੁਹਾਂਵਦਾ ਏ।
ਖਲ, ਭੋਹ ਦੇ ਨਾਲ਼ ਭਰਾਇਕੇ ਤੇ
ਉੱਚੇ ਬੁਰਜ ਤੇ ਚਾ ਲਟਕਾਂਵਦਾ ਏ।
ਅੱਜ ਤੀਕ ਲਾਹੌਰ ਵਿਚ ਲਟਕ ਰਹੀਆਂ
ਉੱਥੇ ਜ਼ੋਰ ਨਾ ਕਾਸ ਨੂੰ ਜਾਂਵਦਾ ਏ।
(ਕਿਸ਼ਨ ਸਿੰਘ ਆਰਿਫ਼)

ਨੰਦੀ ਮਿਰਾਸਣ ਦੇ ਮਿਹਣੇ ਨਾਲ਼ ਦੁੱਲਾ ਝੰਜੋੜਿਆ ਗਿਆ। ਰਾਜਪੂਤੀ ਖ਼ੂਨ ਉਹਦੀਆਂ ਰਗਾਂ ਵਿਚ ਉਬਾਲੇ ਖਾਣ ਲੱਗਾ।ਉਹ ਸਿੱਧਾ ਆਪਣੀ ਮਾਂ ਲੱਧੀ ਕੋਲ਼ ਜਾ ਗਰਜਿਆ, “ਮਾਂ ਮੇਰੀਏ ਸੱਚੋ-ਸੱਚ ਦੱਸ ਮੇਰੇ ਬਾਪ ਤੇ ਦਾਦੇ ਦੀ ਮੌਤ ਕਿਵੇਂ ਹੋਈ ਐ... ??
ਲੱਧੀ ਨੇ ਸਾਰੀ ਹੋਈ ਬੀਤੀ ਦੱਸ ਕੇ, ਆਪਣੇ ਘਰ ਦੀ ਅੰਦਰਲੀ ਕੋਠੜੀ ਦਾ ਬੂਹਾ ਖੋਲ੍ਹ ਦੁੱਲੇ ਨੂੰ ਕਿਹਾ, “ਸੂਰਮਿਆ ਪੁੱਤਾ, ਮੈਂ ਏਸੇ ਦਿਨ ਦੀ ਉਡੀਕ ਕਰਦੀ ਸੀ। ਕਦੋਂ ਮੇਰਾ ਪੁੱਤਰ ਹੋਇਆ ਗੱਭਰੂ ਆਪਣੇ ਬਾਪ ਦਾਦੇ ਦੀ ਮੌਤ ਦਾ ਬਦਲਾ ਲੈਣ ਜੋਗਾ। ਇਹ ਹਥਿਆਰ ਤੇਰੇ ਸੂਰਮੇ ਬਾਪ ਦੇ ਨੇ... ਅਣਖ ਨੂੰ ਪਾਲੀਂ ਤੇ ਆਪਣੇ ਬਾਪ ਦੇ ਖੂਨ ਦੀ ਲਾਜ ਰੱਖੀਂ ਜੀਹਨੇ ਕਿਸੇ ਨਾਢੂ ਖਾਂ ਦੀ ਟੈਂ ਨਹੀਂ ਸੀ ਮੰਨੀ। ਕਿਸੇ ਅੱਗੇ ਸਿਰ ਨਹੀਂ ਸੀ ਝੁਕਾਇਆ।

ਪੰਜਾਬੀ ਲੋਕ ਗਾਥਾਵਾਂ/ 52