ਪੰਨਾ:ਜਿਨ੍ਹਾਂ ਵਣਜ ਦਿਲਾਂ ਦੇ ਕੀਤੇ - ਸੁਖਦੇਵ ਮਾਦਪੁਰੀ.pdf/57

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਲਿਸ਼ ਲਿਸ਼ ਕਰਦੇ ਹਥਿਆਰ-ਛਵੀਆਂ, ਗੰਡਾਸੇ, ਨੇਜ਼ੇ, ਟਕੂਏ ਤੇ ਤੀਰ ਕਮਾਨ ਅਤੇ ਇਕ ਨਗਾਰਾ ਵੇਖ ਦੁੱਲੇ ਦਾ ਚਿਹਰਾ ਲਾਲ ਸੂਹਾ ਹੋ ਗਿਆ... ਅਨੋਖੀਆਂ ਤਰਬਾਂ ਨੇ ਉਹਦੇ ਸਰੀਰ 'ਚ ਝਰਨਾਟਾਂ ਛੇੜ ਦਿੱਤੀਆਂ। ਸਰੀਰ ਭਾਫ਼ਾਂ ਛੱਡਣ ਲੱਗਾ... ਦੁੱਲੇ ਨਗਾਰੇ 'ਤੇ ਡੱਗਾ ਮਾਰਿਆ... ਨਗਾਰੇ ਦੀ ਧਮਕ ਲਾਹੌਰ ਦੇ ਸ਼ਾਹੀ ਮਹਿਲਾਂ ਨਾਲ਼ ਜਾ ਟਕਰਾਈ ਜੋ ਬਗ਼ਾਵਤ ਦੀ ਸੂਚਕ ਸੀ।
ਦੁੱਲੇ ਨੇ ਪਿੰਡ ਦੇ ਸਾਰੇ ਜਵਾਨ 'ਕੱਠੇ ਕੀਤੇ ਤੇ ਸਾਰੇ ਹਥਿਆਰ ਉਨ੍ਹਾਂ ਵਿਚ ਵੰਡ ਦਿੱਤੇ। ਉਹਨੇ ਆਪਣੇ ਮਨ ਨਾਲ਼ ਮੁਗ਼ਲਾਂ ਵਿਰੁੱਧ ਬਗ਼ਾਵਤ ਕਰਨ ਦਾ ਫ਼ੈਸਲਾ ਕਰ ਲਿਆ। ਹੌਲ਼ੇ-ਹੌਲ਼ ਪੰਜ ਸੌ ਜਵਾਨ ਉਹਦੇ ਨਾਲ਼ ਜੁੜ ਗਏ। ਸਾਂਦਲ ਬਾਰ ਦੇ ਇਲਾਕੇ ਵਿਚ ਉਨ੍ਹਾਂ ਤਰਥੱਲੀ ਮਚਾ ਦਿੱਤੀ। ਜਿਹੜਾ ਵੀ ਜਾਬਰ ਉਧਰੋਂ ਲੰਘਦਾ ਉਹਨੂੰ ਉਹ ਲੁੱਟ ਲੈਂਦੇ ਤੇ ਲੁੱਟ ਦਾ ਮਾਲ ਗ਼ਰੀਬਾਂ ਵਿਚ ਵੰਡ ਦਿੰਦੇ। ਦੁੱਲੇ ਦੀ ਬਹਾਦਰੀ, ਨਿਡਰਤਾ, ਦਿਆਲਤਾ ਅਤੇ ਗ਼ਰੀਬ-ਪਰਵਰੀ ਦੀ ਖ਼ੁਸ਼ਬੂ ਦੂਰ-ਦੂਰ ਤਕ ਫੈਲ ਰਹੀ ਸੀ। ਉਹ ਬੜੀ ਨਿਡਰਤਾ ਨਾਲ਼ ਸਾਂਦਲ ਬਾਰ ਵਿਚ ਘੁੰਮ ਰਿਹਾ ਸੀ...। ਉਸ ਦੀ ਬਹਾਦਰੀ ਦੇ ਨਿੱਤ ਨਵੇਂ ਕਿੱਸੇ ਸੁਣਨ ਨੂੰ ਮਿਲਦੇ...। ਸਾਰਾ ਇਲਾਕਾ ਉਸ 'ਤੇ ਮਾਣ ਕਰ ਰਿਹਾ ਸੀ।
ਦੁੱਲੇ ਦੇ ਬਾਪ ਦੀ ਸ਼ਹਾਦਤ ਦੇ ਅਵਸਰ 'ਤੇ ਲੱਧੀ ਦੇ ਭਰਾਵਾਂ ਨੇ ਉਸ ਦੀ ਕੋਈ ਸਾਰ ਨਹੀਂ ਸੀ ਲਈ। ਇਸ ਕਰਕੇ ਉਸ ਨੂੰ ਆਪਣੇ ਨਾਨਕਿਆਂ 'ਤੇ ਰੋਸ ਸੀ। ਇਸੇ ਰੋਸ ਕਾਰਨ ਉਸ ਨੇ ਪਹਿਲਾ ਹੱਲਾ ਆਪਣੇ ਨਾਨਕਿਆਂ ਦੇ ਪਿੰਡ ਚੰਦੜਾਂ 'ਤੇ ਬੋਲਿਆ ਤੇ ਨਾਨਕਿਆਂ ਦਾ ਵੱਗ ਘੇਰ ਕੇ ਆਪਣੇ ਪਿੰਡ ਲੈ ਆਇਆ ਤੇ ਲਵੇਰੀਆਂ ਗ਼ਰੀਬ ਗੁਰਬਿਆਂ ਤੇ ਲੋੜਵੰਦਾਂ 'ਚ ਵੰਡ ਦਿੱਤੀਆਂ।
ਇਕ ਵਾਰ ਅਲੀ ਨਾਂ ਦਾ ਸੁਦਾਗਰ ਪੰਜ ਸੌ ਘੋੜੇ ਖ਼ਰੀਦ ਕੇ ਲਈ ਜਾ ਰਿਹਾ ਸੀ...। ਉਹਨੂੰ ਰਾਤ ਪਿੰਡੀ ਕੱਟਣੀ ਪੈ ਗਈ। ਦੁੱਲੇ ਨੇ ਉਹਦੇ ਘੋੜੇ ਲੁੱਟ ਕੇ ਆਪਣੇ ਸਾਥੀਆਂ ਵਿਚ ਵੰਡ ਦਿੱਤੇ। ਅਲੀ ਬਥੇਰਾ ਰੋਇਆ ਪਿੱਟਿਆ, ਅਕਬਰ ਦਾ ਡਰਾਵਾ ਦਿੱਤਾ...। ਦੁੱਲੇ ਨੇ ਉਹਨੂੰ ਕੁੱਟ-ਕੁੱਟ ਕੇ ਭਜਾ ਦਿੱਤਾ। ਇਸੇ ਤਰ੍ਹਾਂ ਦੁੱਲੇ ਨੇ ਮੋਦੇ ਸ਼ਾਹੂਕਾਰ ਦੀਆਂ ਦੌਲਤ ਨਾਲ਼ ਭਰੀਆਂ ਖੱਚਰਾਂ ਖੋਹ ਲਈਆਂ।
ਇਨ੍ਹਾਂ ਲੁੱਟਾਂ-ਖੋਹਾਂ ਦੀਆਂ ਖ਼ਬਰਾਂ ਮੁਗ਼ਲ ਸਰਕਾਰ ਕੋਲ਼ ਪੁੱਜਦੀਆਂ ਰਹੀਆਂ। ਲੋਕਾਂ 'ਚ ਦੁੱਲੇ ਦਾ ਦਬਦਬਾ ਐਨਾ ਵੱਧ ਗਿਆ ਕਿ ਉਨ੍ਹਾਂ ਨੇ ਸਰਕਾਰੀ ਲਗਾਨ ਦੇਣਾ ਬੰਦ ਕਰ ਦਿੱਤਾ। ਮੁਗ਼ਲ ਅਹਿਲਕਾਰਾਂ ਵਿਚ ਭਗਦੜ ਮੱਚ ਗਈ। ਅਕਬਰ ਦੇ ਦਰਬਾਰ ਵਿਚ ਦੁੱਲੇ ਵਲੋਂ ਮੁਗ਼ਲ ਦਰਬਾਰ ਵਿਰੁੱਧ ਕੀਤੀ ਬਗ਼ਾਵਤ ਦੀ ਸੂਹ ਸੂਹੀਏ ਪੁਚਾਉਂਦੇ ਰਹੇ। ਅਕਬਰ ਨੇ ਇਸ ਬਗ਼ਾਵਤ ਦੀ ਪੜਤਾਲ ਲਈ ਇਕ ਜਾਸੂਸ ਉਚੇਚੇ ਤੌਰ 'ਤੇ ਸਾਂਦਲ ਬਾਰ ਭੇਜਿਆ, ਪਰੰਤੂ ਦੁੱਲੇ ਨੂੰ ਪਤਾ

ਪੰਜਾਬੀ ਲੋਕ ਗਾਥਾਵਾਂ/ 53