ਪੰਨਾ:ਜਿਨ੍ਹਾਂ ਵਣਜ ਦਿਲਾਂ ਦੇ ਕੀਤੇ - ਸੁਖਦੇਵ ਮਾਦਪੁਰੀ.pdf/58

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਲੱਗਣ 'ਤੇ ਉਸ ਨੇ ਜਾਸੂਸ ਦੀਆਂ ਦਾੜ੍ਹੀ ਮੁੱਛਾਂ ਹੀ ਮੁੰਨ ਦਿੱਤੀਆਂ।
ਅਕਬਰ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤਾਂ ਉਹਨੇ ਦੁੱਲੇ ਨੂੰ ਉਹਦੇ ਪਰਿਵਾਰ ਸਮੇਤ ਮੁਸ਼ਕਾਂ ਬੰਨ੍ਹ ਕੇ ਦਰਬਾਰ ਵਿਚ ਪੇਸ਼ ਕਰਨ ਦਾ ਹੁਕਮ ਸੁਣਾ ਦਿੱਤਾ। ਮਿਰਜ਼ਾ ਨਿਜਾਮਉਦੀਨ ਨੇ ਦੁੱਲੇ ਨੂੰ ਫੜ ਕੇ ਲਿਆਉਣ ਦਾ ਬੀੜਾ ਚੁਕ ਲਿਆ। ਮੁਗ਼ਲ ਫ਼ੌਜਾਂ ਨੇ ਸਾਂਦਲ ਬਾਰ ਵਲ ਕੂਚ ਕਰ ਦਿੱਤਾ।

ਚੜ੍ਹਿਆ ਸੀ ਮਿਰਜ਼ਾ ਨਜ਼ਾਮਦੀਨ
ਹਾਥੀਆਂ ਨੂੰ ਮੱਦਾਂ ਸੀ ਪਿਆਈਆਂ।
ਭਰ ਕੇ ਦਾਰੂ ਦੀਆਂ ਬੋਤਲਾਂ ਲਿਆਂਵਦੇ
ਹਾਥੀਆਂ ਦੇ ਸੁੰਡਾਂ ਵਿਚ ਪਾਈਆਂ।
ਜਦੋਂ ਹਾਥੀਆਂ ਨੂੰ ਚੜ੍ਹੀਆਂ ਲੋਰੀਆਂ
ਮਾਰਨ ਚੀਕਾਂ ਤੇ ਖਾਣ ਕਰਲਾਈਆਂ।
ਹੌਲ਼ੀ-ਹੌਲ਼ੀ ਪਿੰਡੀਂ ਵਿਚ ਜਾ ਵੜੇ
ਟੱਕਰਾਂ ਦਰਸ਼ਨੀ ਦਰਵਾਜ਼ਿਆਂ ਨੂੰ ਲਾਈਆਂ।
ਸਾਰੇ ਬੈਠਕਾਂ ਦੀਵਾਨਖ਼ਾਨੇ ਢਾਹ ਸੁੱਟੇ
ਇੱਟਾਂ ਬਣਾਂ ਦੇ ਵਿਚ ਖਿੰਡਾਈਆਂ।
ਟਕੇ ਟਕੇ ਦੇ ਸਿਪਾਹੀ ਅੰਦਰ ਜਾ ਵੜੇ
ਮਾਰਨ ਛਮਕਾਂ ਤੇ ਕਰਨ ਕਰੜਾਈਆਂ।
(ਪਾਲੀ ਸਿੰਘ)

ਮੁਗ਼ਲ ਫ਼ੌਜਾਂ ਨੇ ਪਿੰਡੀ ਨੂੰ ਜਾ ਘੇਰਿਆ। ਐਡੀ ਭਾਰੀ ਸੈਨਾ ਦਾ ਮੁਕਾਬਲਾ ਕਰਨਾ ਦੁੱਲੇ ਲਈ ਸੁਖੇਰਾ ਨਹੀਂ ਸੀ। ਦੁੱਲੇ ਦੇ ਛੋਟੇ ਭਾਈ ਮਹਿਰੂ ਅਮਲੀ ਨੇ ਪਹਿਲੇ ਦਿਨ ਮੁਗ਼ਲਾਂ ਨਾਲ਼ ਜਾ ਲੜਾਈ ਕੀਤੀ ਤੇ ਉਨ੍ਹਾਂ 'ਚ ਭਾਜੜਾਂ ਪਾ ਦਿੱਤੀਆਂ। ਅਗਲੇ ਦਿਨ ਬੜੀ ਬਹਾਦਰੀ ਨਾਲ ਲੜਦਾ ਹੋਇਆ ਦੱਲਾ ਮੁਗ਼ਲ ਫ਼ੌਜ ਦਾ ਘੇਰਾ ਤੋੜ ਕੇ ਮਿਰਜ਼ਾ ਨਿਜ਼ਾਮਉੱਦੀਨ ਦੇ ਗਲ਼ ਜਾ ਪਿਆ।
ਸ਼ਕਤੀਸ਼ਾਲੀ ਹਕੂਮਤ ਵਿਰੁੱਧ ਮੁੱਠੀ ਭਰ ਯੋਧਿਆਂ ਦੀ ਬਗ਼ਾਵਤ ਭਲਾ ਕਿੰਨੇ ਕੁ ਦਿਨ ਕੱਟ ਸਕਦੀ ਸੀ। ਮੁਗ਼ਲ ਫ਼ੌਜ ਨੇ ਦੁੱਲੇ ਨੂੰ ਜਿਉਂਦੇ ਜੀ ਗ੍ਰਿਫ਼਼ਤਾਰ ਕਰਨ ਦਾ ਯਤਨ ਕੀਤਾ, ਪਰੰਤੂ ਉਹ ਉਨ੍ਹਾਂ ਦੇ ਹੱਥ ਆਉਣ ਵਾਲ਼ਾ ਕਿੱਥੇ ਸੀ? ਆਖ਼ਰ ਦੁੱਲਾ ਆਪਣੀ ਬਹਾਦਰੀ ਦੇ ਜੌਹਰ ਦਿਖਾਉਂਦਾ ਹੋਇਆ ਸ਼ਹੀਦ ਹੋ ਗਿਆ। ਉਸ ਨੇ ਮੁਗ਼ਲਾਂ ਦੀ ਈਨ ਨਾ ਮੰਨੀ, ਪਰੰਤੂ ਸ਼ਹਾਦਤ ਦਾ ਜਾਮ

ਪੰਜਾਬੀ ਲੋਕ ਗਾਥਾਵਾਂ/ 54