ਸੁੱਚਾ ਸਿੰਘ ਸੂਰਮਾ
ਸੁੱਚਾ ਸਿੰਘ ਸੂਰਮਾ ਪੰਜਾਬ ਦੇ ਮਾਲਵੇ ਦੇ ਇਲਾਕੇ ਦਾ ਪ੍ਰਸਿੱਧ ਡਾਕੂ ਹੋਇਆ ਹੈ ਜਿਸ ਨੂੰ ਹਾਲਾਤ ਨੇ ਡਾਕੇ ਮਾਰਨ ਲਈ ਮਜਬੂਰ ਕਰ ਦਿੱਤਾ ਸੀ। ਉਹ ਬੜਾ ਬਹਾਦਰ, ਨਿਰਭੈਅ, ਗਊ-ਗ਼ਰੀਬ ਦੀ ਰੱਖਿਆ ਕਰਨ ਵਾਲ਼ਾ ਅਤੇ ਅਣਖ-ਸਵੈਮਾਨ ਲਈ ਜਾਨ ਹੂਲਣ ਵਾਲ਼ਾ ਗੱਭਰੂ ਸੀ ਜਿਸ ਦੀਆਂ ਵਾਰਾਂ ਪੰਜਾਬੀ ਬੜੇ ਉਤਸ਼ਾਹ ਨਾਲ਼ ਗਾਉਂਦੇ ਹਨ:
ਵਿਚ ਸਮਾਹਾਂ ਦੇ ਜਨਮਿਆ ਸੁੱਚਾ ਸਿੰਘ ਜੁਆਨ
ਕੱਟ ਗਿਆ ਦਿਨ ਚਾਰ ਜੋ ਜਾਣੇ ਕੁੱਲ ਜਹਾਨ
ਗੱਲ ਅੰਗਰੇਜ਼ਾਂ ਦੇ ਰਾਜ ਵੇਲੇ ਦੀ ਹੈ। ਰਿਆਸਤ ਪਟਿਆਲਾ ਦੇ ਪਿੰਡ ਸਮਾਂਹ (ਸਮਾਓਂ, ਜ਼ਿਲ੍ਹਾ ਮਾਨਸਾ) ਵਿਚ ਅਤਰ ਸਿੰਘ ਦੇ ਘਰ ਸੁੱਚੇ ਦਾ ਜਨਮ ਹੋਇਆ। ਬਚਪਨ ਵਿਚ ਹੀ ਉਹਦੇ ਮਾਂ-ਬਾਪ ਮਰ ਗਏ। ਉਹਦੇ ਵੱਡੇ ਭਰਾ ਨਰੈਣੇ ਨੇ ਉਹਦੀ ਪਾਲਣਾ ਪੋਸ਼ਣਾ ਕੀਤੀ। ਉਹ ਬਹੁਤ ਥੋੜ੍ਹੀ ਜ਼ਮੀਨ ਦੇ ਮਾਲਕ ਸਨ। ਗੁਜ਼ਾਰਾ ਬੜੀ ਮੁਸ਼ਕਲ ਨਾਲ਼ ਹੋ ਰਿਹਾ ਸੀ। ਰੁਲ਼-ਖੁਲ਼ ਕੇ ਪਲ਼ਦਾ ਸੁੱਚਾ ਜਵਾਨੀ ਦੀਆਂ ਬਰੂਹਾਂ 'ਤੇ ਪੁੱਜ ਗਿਆ... ਗੁੰਦਵਾਂ ਤੇ ਛਾਂਟਵਾਂ ਸਰੀਰ, ਚੋ-ਚੋ ਪੈਂਦਾ ਗੁਲਾਬੀ ਭਾਅ ਮਾਰਦਾ ਰੰਗ ਰਾਹ ਜਾਂਦਿਆਂ ਦੇ ਦਿਲ ਧੂਹ ਕੇ ਲੈ ਜਾਂਦਾ।
ਛੈਲ ਛਬੀਲਾ ਨਿਕਲਿਆ ਸੁੱਚਾ, ਭਰਿਆ ਨਾਲ਼ ਜਵਾਨੀ,
ਸੋਹਣਾ ਰੂਪ ਸੁੰਦਰ ਸੀ ਵਸਦਾ, ਨੈਣ ਭਰੇ ਮਸਤਾਨੀ,
ਨਿਕਲਿਆ ਬਾਂਕਾ ਸੂਰਮਾ ਸੁੱਚਾ,
ਪਿੰਡ ਵਿਚ ਨਹੀਂ ਕੋਈ ਸਾਨੀਂ,
ਹੱਥ ਵਿਚ ਖੂੰਡਾ ਮਾਝੇ ਵਾਲਾ,
ਦਿੱਸੇ ਬੜਾ ਸੁਹਾਨੀ,
ਸੁੱਚੇ ਸੂਰਮੇ ਦੀ,
ਕਰਾਂ ਕੀ ਸਿਫ਼ਤ ਜ਼ੁਬਾਨੀ।
(ਗੁਰਮੁਖ ਸਿੰਘ ਬੇਦੀ)
ਪੰਜਾਬੀ ਲੋਕ ਗਾਥਾਵਾਂ/ 56