ਸਮੱਗਰੀ 'ਤੇ ਜਾਓ

ਪੰਨਾ:ਜਿਨ੍ਹਾਂ ਵਣਜ ਦਿਲਾਂ ਦੇ ਕੀਤੇ - ਸੁਖਦੇਵ ਮਾਦਪੁਰੀ.pdf/61

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ਸਮਾਂਹ ਵਿਚ ਘੁੱਕਰ ਨਾਂ ਦਾ ਵੈਲੀ ਪਹਿਲਵਾਨ ਸੀ ਜਿਸ ਦੀ ਸੁੱਚੇ ਨਾਲ਼ ਦੋਸਤੀ ਹੋ ਗਈ। ਦੋਨੋਂ ਇਕੱਠੇ ਕਸਰਤ ਕਰਦੇ, ਘੋਲ ਘੁਲਦੇ। ਘੁੱਕਰ ਨੇ ਸੁੱਚੇ ਨੂੰ ਆਪਣਾ ਪੱਗ-ਵੱਟ ਭਰਾ ਬਣਾ ਲਿਆ। ਉਹ ਅਕਸਰ ਸੁੱਚੇ ਦੇ ਘਰ ਆਉਣ ਲੱਗਾ। ਸੁੱਚੇ ਦੇ ਵੱਡੇ ਭਰਾ ਨਰੈਣੇ ਦੀ ਭਰ ਜੋਬਨ ਮੁਟਿਆਰ ਵਹੁਟੀ ਬੀਰੋ ਦੀ ਮਸ਼ਾਲ ਵਾਂਗ ਲਟ ਲਟ ਬਲਦੀ ਅੱਖ ਜਦੋਂ ਘੁੱਕਰ ਨਾਲ਼ ਲੜੀ ਤਾਂ ਉਹ ਵਿਨ੍ਹਿਆ ਗਿਆ। ਬੀਰੋ ਨੂੰ ਪਾਉਣ ਲਈ ਉਹ ਵਿਉਂਤਾਂ ਬਣਾਉਣ ਲੱਗਾ। ਉਸ ਦਾ ਮਨ ਬੇਈਮਾਨ ਹੋ ਗਿਆ। ਉਸ ਦੇ ਲਈ ਸੁੱਚਾ ਰਾਹ ਦਾ ਰੋੜਾ ਬਣਿਆ ਖਲੋਤਾ ਸੀ। ਰੋੜਾ ਕਿਵੇਂ ਦੂਰ ਹੋਵੇ... ਮੰਦਵਾੜੇ ਦੇ ਦਿਨ ਸਨ, ਘੁੱਕਰ ਸੁੱਚੇ ਨੂੰ ਵਰਗਲ਼ਾ ਕੇ ਫ਼ੌਜ ਵਿਚ ਭਰਤੀ ਹੋਣ ਲਈ ਫ਼ਿਰੋਜ਼ਪੁਰ ਛਾਉਣੀ ਲੈ ਵੜਿਆ। ਸੁੱਚਾ ਤਾਂ ਭਰਤੀ ਹੋ ਗਿਆ ਪਰੰਤੂ ਘੁੱਕਰ ਬਹਾਨਾ ਘੜ ਕੇ ਵਾਪਸ ਪਿੰਡ ਆ ਗਿਆ।

ਧੋਖਾ ਕਰਿਆ ਮੱਲ ਨੇ ਸੁੱਚੇ ਦੇ ਨਾਲ਼ ਜੀ।
ਦੇ ਕੇ ਦੁਲਾਸਾ ਪਹਿਲਾਂ ਲੈ ਗਿਆ ਨਾਲ਼ ਜੀ
ਕਿੱਡਾ ਦਗ਼ਾ ਕੀਤਾ ਨਾਲ਼ ਪਾਜੀ ਯਾਰ ਦੇ
ਨੌਕਰ ਕਰਾਤਾ ਪਿੱਛੇ ਬੀਰੋ ਨਾਰ ਦੇ
(ਰੀਠਾ ਦੀਨ)

ਓਧਰ ਸੁੱਚਾ ਫ਼ੌਜ ਵਿਚ ਭਰਤੀ ਹੋ ਕੇ ਦੂਰ ਚਲਿਆ ਗਿਆ। ਏਧਰ ਘੁੱਕਰ ਨੇ ਅਤਿ ਚੁੱਕ ਲਈ। ਉਸ ਦੇ ਵੈਲਪੁਣੇ ਕਾਰਨ ਪਿੰਡ ਵਿਚ ਉਹਦੇ ਸਾਹਮਣੇ ਕੋਈ ਕੁਸਕਦਾ ਨਹੀਂ ਸੀ। ਉਹਨੇ ਨਰੈਣੇ ਦੀ ਪਰਵਾਹ ਨਾ ਕਰਦਿਆਂ ਬੀਰੋ ਨੂੰ ਅਜਿਹਾ ਫੁਸਲਾਇਆ ਕਿ ਉਹ ਸ਼ਰੇਆਮ ਘੁੱਕਰ ਦੇ ਘਰ ਆਉਣ ਜਾਣ ਲੱਗੀ। ਸਾਰੇ ਪਿੰਡ ਵਿਚ ਤੋਏ-ਤੋਏ ਹੋ ਰਹੀ ਸੀ। ਨਰੈਣੇ ਨੇ ਘੁੱਕਰ ਦੇ ਲੱਖ ਵਾਸਤੇ ਪਾਏ, ਸੁੱਚੇ ਦੀ ਵਟਾਈ ਪੱਗ ਦੀ ਲਾਜ ਪਾਲਣ ਲਈ ਆਖਿਆ। ਉਹਨੇ ਬੀਰੋ ਨੂੰ ਵੀ ਵੱਖ ਸਮਝਾਇਆ, ਘੂਰਿਆ-ਘਪਿਆ ਪਰ ਹੰਕਾਰਿਆ ਘੁੱਕਰ ਸਗੋਂ ਹੋਰ ਮਸਤ ਗਿਆ:

ਆਖਦਾ ਘੁੱਕਰ ਮੇਰੀ ਸੁਣੋ ਗੱਲ ਜੋ
ਬੋਲਿਆ ਜਾਂ ਇਹਨੂੰ ਤੇਰੀ ਲਾਹਦੂੰ ਖੱਲ ਜੋ
ਤੂੰ ਕੀ ਦੱਸ ਲਗਦਾ ਹੈਂ ਬੀਰੋ ਨਾਰ ਦਾ
ਆਖਦਾ ਘੁੱਕਰ ਭਰਿਆ ਹੰਕਾਰ ਦਾ
ਦੋਹਾਂ ਦਾ ਮੈਂ ਕੁੱਟ ਕੇ ਬਣਾ ਦੂੰ ਚੂਰਮਾ
ਉਹਨੂੰ ਵੀ ਸਦਾ ਲੈ ਜੋ ਕਹਾਵੇ ਸੂਰਮਾ

ਪੰਜਾਬੀ ਲੋਕ ਗਾਥਾਵਾਂ/ 57