ਪੰਨਾ:ਜਿਨ੍ਹਾਂ ਵਣਜ ਦਿਲਾਂ ਦੇ ਕੀਤੇ - ਸੁਖਦੇਵ ਮਾਦਪੁਰੀ.pdf/62

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਪੀਊਂ ਥੋਡੀ ਰੱਤ ਖੜ੍ਹਾ ਲਲਕਾਰਦਾ
ਆਖਦਾ ਘੁੱਕਰ ਭਰਿਆ ਹੰਕਾਰ ਦਾ
ਰੀਠਾ ਦੀਨ)

ਘੁੱਕਰ ਨੇ ਵਟਾਈ ਪੱਗ ਦੀ ਲਾਜ ਨਾ ਰੱਖੀ। ਨਰੈਣੇ ਦਾ ਜੀਣਾ ਹਰਾਮ ਹੋ ਗਿਆ। ਸ਼ਰੇਆਮ ਉਹਦੀ ਵਹੁਟੀ ਘੁੱਕਰ ਦੇ ਘਰ ਵਸਦੀ ਪਈ ਸੀ। ਸੱਥ ਵਿਚ ਰੁਲਦੀ ਪੱਗ ਉਸ ਤੋਂ ਸਹਾਰੀ ਨਾ ਗਈ।ਉਸ ਨੇ ਆਪਣੇ ਛੋਟੇ ਵੀਰ ਸੁੱਚੇ ਨੂੰ ਖ਼ਤ ਲਿਖ ਕੇ ਸਾਰੇ ਹਾਲਾਤ ਤੋਂ ਜਾਣੂ ਕਰਵਾ ਦਿੱਤਾ।
ਸੁੱਚਾ ਨਰੈਣੇ ਦੀ ਚਿੱਠੀ ਪੜ੍ਹਦੇ ਸਾਰ ਹੀ ਤੜਫ਼ ਉੱਠਿਆ। ਉਹਦੀ ਅਣਖ ਜਾਗ ਪਈ ਤੇ ਖੂਨ ਉਬਾਲੇ ਖਾਣ ਲੱਗਾ।ਉਹਨੇ ਆਪਣੇ ਅੰਗਰੇਜ਼ ਅਫ਼ਸਰ ਕੋਲ ਜਾ ਅਰਜ਼ ਗੁਜ਼ਾਰੀ। ਅਜੇ ਕੁਝ ਦਿਨ ਪਹਿਲਾਂ ਹੀ ਸੁੱਚੇ ਨੇ ਸਾਹਿਬ ਦੇ ਬੰਗਲੇ ਨੂੰ ਜਦੋਂ ਅੱਗ ਲੱਗੀ ਹੋਈ ਸੀ, ਮੇਮ ਤੇ ਉਹਦੇ ਦੋ ਬੱਚਿਆਂ ਨੂੰ ਬਲਦੀਆਂ ਲਾਟਾਂ ਵਿਚੋਂ ਕੱਢ ਕੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਉਨ੍ਹਾਂ ਦੀ ਜਾਨ ਬਚਾਈ ਸੀ... ਸਾਹਿਬ ਉਹਦੀ ਬਹਾਦਰੀ ਤੇ ਅਸ਼-ਅਸ਼ ਕਰ ਉੱਠਿਆ ਸੀ। ਉਸ ਨੇ ਸੁੱਚੇ ਨੂੰ ਸ਼ੁਕਰਾਨੇ ਵਜੋਂ ਇਕ ਰਾਈਫ਼ਲ ਤੇ 500 ਰੁਪਏ ਨਕਦ ਇਨਾਮ ਦੇ ਦਿੱਤੇ ਸਨ।
ਸਾਹਿਬ ਨੇ ਸੁੱਚੇ ਦੀ ਛੁੱਟੀ ਮਨਜ਼ੂਰ ਕਰ ਦਿੱਤੀ। ਉਹਨੇ ਰਾਈਫ਼ਲ ਤੇ ਕਾਰਤੂਸ ਆਪਣੇ ਬਿਸਤਰੇ 'ਚ ਬੰਨ੍ਹੇ ਤੇ ਸਮਾਂਹ ਨੂੰ ਚੱਲ ਪਿਆ। ਇਕ ਜਵਾਲਾ ਉਹਦੇ ਸੀਨੇ 'ਚ ਭੜਕ ਰਹੀ ਸੀ, ਅੱਖੀਆਂ ਅੰਗਿਆਰ ਵਰ੍ਹਾ ਰਹੀਆਂ ਸਨ।
ਕਈ ਦਿਨਾਂ ਦੇ ਸਫ਼ਰ ਮਗਰੋਂ ਸੁੱਚਾ ਸਮਾਂਹ ਪੁੱਜ ਗਿਆ। ਨਰੈਣੇ ਨੇ ਧਾ ਗਲਵੱਕੜੀ ਪਾਈ:

ਰੋ ਕੇ ਪਾ ਲਈ ਨਰੈਣੇ ਨੇ ਭਰਾ ਨੂੰ ਜਫੜੀ
ਖ਼ੁਸ਼ਕੀ ਸੇ ਹੋ ਗਈ ਐ ਪਿੰਡੇ ਤੇ ਧਫੜੀ
ਮਰ ਗਿਆ ਸੁੱਚਾ ਸਿੰਘ ਪਾ ਦੇ ਠੰਢ ਵੀਰਨਾ
ਆ ਗਿਆ ਸਬੱਬੀਂ ਦੁੱਖ ਵੰਡ ਵੀਰਨਾ
(ਰਜਬ ਅਲੀ)

ਨਰੈਣੇ ਨੇ ਦਿਲ ਦੀਆਂ ਖੋਲ੍ਹ ਸੁਣਾਈਆਂ। ਬੀਰੋ ਉਪਰੋਂ ਉਪਰੋਂ ਸੁੱਚੇ ਦੁਆਲੇ ਅਸ਼ਨੇ ਪਸ਼ਨੇ ਕਰਦੀ ਫਿਰਦੀ ਸੀ। ਕਈ ਦਿਨ ਲੰਘ ਗਏ। ਸੁੱਚਾ ਅੰਦਰੋਂ ਅੰਦਰ ਵਿਸ ਘੋਲ਼ ਰਿਹਾ ਸੀ। ਘੁੱਕਰ ਤੇ ਉਸ ਦਾ ਸਾਥੀ ਭਾਗ ਉਹਦੀਆਂ ਅੱਖੀਆਂ ਚ ਰੜਕ ਰਹੇ ਸਨ। ਕੋਈ ਸਬੱਬ ਨਹੀਂ ਸੀ ਬਣ ਰਿਹਾ।

ਪੰਜਾਬੀ ਲੋਕ ਗਾਥਾਵਾਂ/ 58