ਪੰਨਾ:ਜਿਨ੍ਹਾਂ ਵਣਜ ਦਿਲਾਂ ਦੇ ਕੀਤੇ - ਸੁਖਦੇਵ ਮਾਦਪੁਰੀ.pdf/64

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬਚਾਈ। ਸਾਰੇ ਇਲਾਕੇ ਵਿਚ ਸੁੱਚੇ ਦੀ ਬੱਲੇ-ਬੱਲੇ ਸੀ। ਉਹ ਲੁਕਵੇਂ ਰੂਪ ਵਿਚ ਆਪਣੇ ਇਲਾਕੇ ਵਿਚ ਗੇੜਾ ਮਾਰਦਾ। ਇਕ ਦਿਨ ਉਹਦੇ ਚਾਚੇ ਦੇ ਪੁੱਤ ਬਸੰਤ ਨੇ ਜੋ ਗਹਿਰੀ ਦਾ ਰਹਿਣ ਵਾਲ਼ਾ ਸੀ, ਸੁੱਚੇ ਅੱਗੇ ਆ ਦੁੱਖ ਰੋਇਆ ਕਿ ਉਹਦੀ ਚਾਚੀ ਰਾਜੋ ਉਸੇ ਪਿੰਡ ਦੇ ਇਕ ਵੈਲੀ ਜੱਟ ਗੱਜਣ ਨੇ ਧੱਕੇ ਨਾਲ਼ ਸਾਂਭੀ ਹੋਈ ਹੈ। ਗਹਿਰੀ ਜਾ ਕੇ ਸੁੱਚੇ ਨੇ ਖੇਤਾਂ ਵਿਚ ਹਾੜ੍ਹੀ ਵੱਢਦੇ ਗੱਜਣ ਨੂੰ ਜਾ ਗੋਲੀ ਮਾਰੀ ਤੇ ਮਗਰੋਂ ਰਾਜੋ ਨੂੰ ਵੀ ਗੋਲੀਆਂ ਨਾਲ਼ ਭੁੰਨ ਦਿੱਤਾ।
ਅਣਖੀਲੇ ਸੂਰਮੇ ਸੁੱਚਾ ਸਿੰਘ ਦੀ ਬਹਾਦਰੀ ਦੇ ਚਰਚੇ ਸਾਰੇ ਇਲਾਕੇ ਵਿਚ ਹੋ ਰਹੇ ਸਨ। ਨਮੋਸ਼ੀ ਦੀ ਮਾਰੀ ਪੁਲਿਸ ਉਸ ਨੂੰ ਫੜਣੋਂ ਅਸਮਰਥ ਸੀ। ਸਰਕਾਰ ਨੇ ਸੁੱਚੇ ਨੂੰ ਫੜਾਉਣ ਲਈ ਇਨਾਮ ਵੀ ਐਲਾਨਿਆ ਹੋਇਆ ਸੀ।
ਲਾਲਚ ਮਿੱਤਰਾਂ ਨੂੰ ਡੁਲ੍ਹਾ ਦਿੰਦਾ ਹੈ। ਆਖ਼ਰ ਇਕ ਦਿਨ ਲਾਲਚ-ਵੱਸ ਸੁੱਚੇ ਦੇ ਮਿੱਤਰ ਮਹਾਂ ਸਿੰਘ ਨੇ, ਜਦੋਂ ਉਹ ਸੰਗਤਪੁਰੇ ਉਹਦੇ ਘਰ ਸੁੱਤਾ ਹੋਇਆ ਸੀ, ਪੁਲਿਸ ਨੂੰ ਬੁਲਾ ਕੇ ਉਹਨੂੰ ਫੜਾ ਦਿੱਤਾ। ਨਿਹੱਥਾ ਸੂਰਮਾ ਕਚੀਚੀਆਂ ਵੱਟਦਾ ਰਹਿ ਗਿਆ।
ਮੁਕੱਦਮਾ ਚਲਿਆ। ਪਟਿਆਲੇ ਦੇ ਰਾਜੇ ਨੇ ਉਸ ਨੂੰ ਫ਼ਾਂਸੀ ਦੀ ਸਜ਼ਾ ਸੁਣਾ ਦਿੱਤੀ। ਪੰਜਾਬ ਦਾ ਅਣਖੀਲਾ ਗੱਭਰੂ ਹੱਸਦਾ ਹੱਸਦਾ ਫ਼ਾਂਸੀ 'ਤੇ ਲਟਕ ਗਿਆ ਤੇ ਲੋਕ-ਕਵੀਆਂ ਨੇ ਇਸ ਸੂਰਮੇ ਦੀ ਜੀਵਨ ਕਹਾਣੀ ਨੂੰ ਕਿੱਸਿਆਂ ਦੇ ਰੂਪ ਵਿਚ ਸਾਂਭ ਲਿਆ। ਰੀਠਾ ਦੀਨ, ਰਜਬ ਅਲੀ, ਗੁਰਮੁਖ ਸਿੰਘ ਬੇਦੀ, ਸ਼ਿਆਮ ਸਿੰਘ ਤੇ ਛੱਜੂ ਸਿੰਘ ਨੇ ਸੁੱਚਾ ਸਿੰਘ ਸੂਰਮੇ ਬਾਰੇ ਕਿੱਸੇ ਰਚੇ ਹਨ ਜਿਨ੍ਹਾਂ ਨੂੰ ਅੱਜ ਵੀ ਪੰਜਾਬ ਦੇ ਲੋਕ ਬੜੇ ਚਾਵਾਂ ਨਾਲ਼ ਪੜ੍ਹ ਕੇ ਆਨੰਦ ਮਾਣਦੇ ਹਨ ਅਤੇ ਅਣਖੀ ਸੂਰਮੇ ਨੂੰ ਸੈਆਂ ਸਲਾਮਾਂ ਕਰਦੇ ਹਨ।

.

ਪੰਜਾਬੀ ਲੋਕ ਗਾਥਾਵਾਂ/ 60