ਪੰਨਾ:ਜਿਨ੍ਹਾਂ ਵਣਜ ਦਿਲਾਂ ਦੇ ਕੀਤੇ - ਸੁਖਦੇਵ ਮਾਦਪੁਰੀ.pdf/65

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਜੀਊਣਾ ਮੌੜ

ਪੰਜਾਬ ਦੀ ਧਰਤੀ ਸੂਰਬੀਰਾਂ, ਯੋਧਿਆਂ, ਸੰਤਾਂ ਅਤੇ ਗੁਰੂਆਂ ਦੀ ਧਰਤੀ ਹੈ, ਇਹ ਯੋਧੇ ਤੇ ਗੁਰੂ-ਪੀਰ ਪੰਜਾਬ ਦੇ ਲੋਕ ਮਾਨਸ ਨੂੰ ਸਦਾ ਟੁੰਭਦੇ ਰਹੇ ਹਨ। ਇਹ ਪੰਜਾਬ ਦੀ ਅਣਖ, ਗ਼ੈਰਤ ਅਤੇ ਸਵੈਮਾਨ ਦੇ ਪ੍ਰਤੀਕ ਹਨ, ਜਿਨ੍ਹਾਂ ਤੋਂ ਪੰਜਾਬੀ ਸਦਾ ਪ੍ਰੇਰਨਾ ਲੈਂਦੇ ਰਹੇ ਹਨ।
ਮਾਲਵੇ ਦਾ ਇਲਾਕਾ ਜਿਸ ਨੂੰ ਜੰਗਲ ਦਾ ਇਲਾਕਾ ਵੀ ਆਖਦੇ ਹਨ ਇਕ ਅਜਿਹਾ ਖਿੱਤਾ ਹੈ ਜਿਸ ਨੇ ਅਣਖ ਅਤੇ ਸਵੈਮਾਨ ਦੀ ਰਾਖੀ ਕਰਨ ਵਾਲ਼ੇ ਅਜਿਹੇ ਸੂਰਮੇ ਪੈਦਾ ਕੀਤੇ ਹਨ ਜੋ ਡਾਕੂਆਂ ਦੇ ਰੂਪ ਵਿਚ ਵਿਚਰਦੇ ਹੋਏ ਵੀ ਪੰਜਾਬ ਦੇ ਲੋਕਾਂ ਦੇ ਦਿਲਾਂ ਤੇ ਰਾਜ ਕਰਦੇ ਰਹੇ ਹਨ ਅਤੇ ਅੱਜ ਵੀ ਪੰਜਾਬੀ ਉਨ੍ਹਾਂ ਦੀਆਂ ਵਾਰਾਂ ਗਾ ਕੇ ਅਥਾਹ ਖ਼ੁਸ਼ੀ ਪ੍ਰਾਪਤ ਕਰਦੇ ਹਨ। ਸੁੱਚਾ ਸਿੰਘ ਸੂਰਮਾ ਅਤੇ ਜੀਉਣਾ ਮੌੜ ਅਜਿਹੇ ਦੋ ਮਲਵਈ ਲੋਕ ਨਾਇਕ ਹਨ, ਜਿਨ੍ਹਾਂ ਦਾ ਨਾਂ ਸੁਣ ਕੇ ਪੰਜਾਬੀ ਗੱਭਰੂਆਂ ਦੇ ਡੌਲੇ ਫਰਕਣ ਲੱਗ ਜਾਂਦੇ ਹਨ ਅਤੇ ਅੱਖਾਂ ਵਿਚ ਅਨੂਠੀ ਚਮਕ ਡਲ੍ਹਕਾਂ ਮਾਰਨ ਲੱਗਦੀ ਹੈ।
ਜ਼ਿਲ੍ਹਾ ਸੰਗਰੂਰ ਦੇ ਪਿੰਡ ਮੌੜ ਦਾ ਜੰਮਪਲ ਸਧਾਰਨ ਜੱਟ ਪਰਿਵਾਰ ਦੇ ਖੜਗ ਸਿੰਘ ਦਾ ਪੁੱਤਰ ਜੀਊਣਾ ਬੜਾ ਸਾਊ ਤੇ ਨਿਮਰ ਨੌਜਵਾਨ ਸੀ ਜਿਸ ਨੂੰ ਸਮੇਂ ਦੀਆਂ ਪ੍ਰਸਥਿਤੀਆਂ ਨੇ ਡਾਕੇ ਮਾਰਨ ਲਈ ਮਜਬੂਰ ਕਰ ਦਿੱਤਾ।
ਗੱਲ ਇਸ ਤਰ੍ਹਾਂ ਹੋਈ ਕਿ ਇਕ ਦਿਨ ਆਥਣ ਵੇਲੇ ਜੀਉਣ ਸਿੰਘ, ਜਿਸ ਨੂੰ ਆਮ ਕਰਕੇ ਜੀਊਣਾ ਕਹਿ ਕੇ ਬੁਲਾਉਂਦੇ ਸਨ ਆਪਣੇ ਡੰਗਰਾਂ ਦੇ ਵਾੜੇ ਵਿਚ ਇਕੱਲਾ ਬੈਠਾ ਸੀ ਕਿ ਇਕ ਅੱਧਖੜ ਉਮਰ ਦਾ ਓਪਰਾ ਬੰਦਾ ਉਨ੍ਹਾਂ ਦੇ ਘਰ ਦਾ ਪਤਾ ਪੁੱਛਦਾ, ਪਛਾਉਂਦਾ ਉਹਦੇ ਕੋਲ਼ ਆਇਆ।ਓਸ ਓਪਰੇ ਪੁਰਸ਼ ਦਾ ਆਦਰ ਮਾਣ ਕਰਦਿਆਂ ਜੀਊਣੇ ਨੇ ਉਸ ਨੂੰ ਆਪਣੇ ਮੰਜੇ 'ਤੇ ਬਿਠਾ ਲਿਆ।ਓਪਰਾ ਬੰਦਾ ਆਖਣ ਲੱਗਾ, “ਭਤੀਜ ਮੈਂ ਕਾਲ਼ੇ ਪਾਣੀ ਤੋਂ ਆਇਆਂ ਤੇਰੇ ਵੱਡੇ ਭਾਈ ਕਿਸ਼ਨੇ ਕੋਲੋਂ ਉਹਦਾ ਸੁਨੇਹਾ ਲੈ ਕੇ, ਸਿੱਧਾ ਥੋਡੇ ਕੋਲ਼ ਆਇਆਂ। ਫੇਰ ਆਪਣੇ ਪਿੰਡ ਜਾਉਂਗਾ। ਉਹਨੇ ਕਿਹੈ ਬਈ ਜੇ ਤੂੰ ਉਹਦਾ ਭਾਈ ਮੈਂ ਤੇ ਮਾਂ ਦਾ ਸੀਰ ਚੁਐ ਤਾਂ ਡਸਕੇ ਆਲ਼ੇ ਡੋਗਰ ਤੋਂ ਬਦਲਾ ਲੈ ਲੈ ਉਹਨੂੰ ਮਾਰ ਕੇ, ਜੀਹਨੇ ਤੇਰੇ ਭਰਾ ਕਿਸ਼ਨੇ ਨੂੰ ਧੋਖੇ ਨਾਲ਼ ਪੁਲਿਸ ਨੂੰ ਫੜਾ ਕੇ, ਕਾਲ਼ੇ ਪਾਣੀ ਦੀ ਸਜ਼ਾ ਦੁਆਈ ਐ...

ਪੰਜਾਬੀ ਲੋਕ ਗਾਥਾਵਾਂ/ 61