ਸਮੱਗਰੀ 'ਤੇ ਜਾਓ

ਪੰਨਾ:ਜਿਨ੍ਹਾਂ ਵਣਜ ਦਿਲਾਂ ਦੇ ਕੀਤੇ - ਸੁਖਦੇਵ ਮਾਦਪੁਰੀ.pdf/66

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਭਤੀਜ ਬੰਦਾ ਕਾਹਦੈ ਜੀਹਨੇ ਭਾਈ ਦਾ ਬਦਲਾ ਨੀ ਲਿਆ ... ਡੋਗਰ ਮੌਜਾਂ ਕਰਦੈ ਤੇ ਭਾਈ ਕਾਲ਼ੇ ਪਾਣੀ ਨਰਕ ਭੋਗਦੈ...।"
ਕਿਸ਼ਨਾ ਜੀਊਣੇ ਤੋਂ ਕੁਝ ਵਰ੍ਹੇ ਵੱਡਾ ਸੀ। ਛੈਲ ਛਬੀਲਾ ਗੱਭਰੂ ਮੌਜ ਮਸਤੀ ਕਰਨ ਵਾਲ਼ਾ। ਨਵਾਂ ਨਵਾਂ ਵੈਲੀ ਬਣਿਆਂ। ਕਿਸ਼ਨੇ ਕੋਲ਼ ਓਪਰੇ ਬੰਦੇ ਆਉਣ ਲੱਗੇ। ਘਰ ਦੀ ਕੱਢੀ ਰੂੜ੍ਹੀ ਮਾਰਕਾ ਸ਼ਰਾਬ ਤੇ ਮੁਰਗੇ ਛੱਕ ਕੇ ਓਪਰੇ ਬੰਦੇ ਉਨ੍ਹਾਂ ਦੇ ਖੂਹ 'ਤੇ ਖੜਦੁੰਮ ਮਚਾਉਂਦੇ। ਉਸ ਦੇ ਬਾਪੂ ਨੂੰ ਇਹ ਸਭ ਕੁਝ ਪਸੰਦ ਨਹੀਂ ਸੀ। ਇਸ ਲਈ ਉਸ ਨੇ ਕਿਸ਼ਨੇ ਨੂੰ ਟੋਕਣਾ ਸ਼ੁਰੂ ਕਰ ਦਿੱਤਾ। ਨਿੱਤ ਦਾ ਕਲੇਸ਼ ਰਹਿਣ ਲੱਗਾ ਜਿਸ ਕਰਕੇ ਕਿਸ਼ਨਾ ਘਰੋਂ ਭੱਜ ਕੇ ਡਸਕੇ ਦੇ ਡੋਗਰ ਅਤੇ ਖਡਿਆਲ ਦੇ ਜੈਮਲ ਨਾਲ਼ ਰਲ਼ ਕੇ ਲੁੱਟਾਂ-ਖੋਹਾਂ ਕਰਨ ਲੱਗਾ। ਤਿੰਨੋਂ ਗੂੜ੍ਹੇ ਮਿੱਤਰ ਬਣ ਗਏ
ਉਨ੍ਹਾਂ ਵੇਲ਼ਿਆਂ ਵਿਚ ਅੱਜ ਵਾਂਗ ਸੜਕਾਂ ਨਹੀਂ ਸਨ, ਆਵਾਜਾਈ ਦੇ ਸਾਧਨ ਘੋੜੇ, ਘੋੜੀਆਂ, ਊਠ ਸਨ। ਪੈਦਲ ਸਫ਼ਰ ਕਰਨਾ ਪੈਂਦਾ ਸੀ ਤੇ ਰਾਹ ਆਮ ਤੌਰ 'ਤੇ ਜੰਗਲਾਂ, ਬੇਲਿਆਂ ਵਿਚੋਂ ਹੋ ਕੇ ਜਾਂਦੇ ਸਨ। ਆਮ ਆਦਮੀ ਲਈ ਸਫ਼ਰ ਕਰਨਾ ਖ਼ਤਰੇ ਤੋਂ ਖ਼ਾਲੀ ਨਹੀਂ ਸੀ। ਡਾਕੂ ਆਮ ਸਨ ਜੋ ਜੰਗਲਾਂ 'ਚ ਫਿਰਦੇ ਰਾਹ ਗੁਜ਼ਰੂਆਂ ਨੂੰ ਲੁੱਟ ਲੈਂਦੇ ਸਨ। ਬਰਾਤਾਂ ਆਮ ਲੁੱਟੀਆਂ ਜਾਂਦੀਆਂ ਸਨ। ਕਿਸ਼ਨੇ ਹੋਰਾਂ ਨੇ ਵੀ ਲੁੱਟਾਂ, ਖੋਹਾਂ ਦਾ ਧੰਦਾ ਅਪਣਾ ਲਿਆ। ਕਿਸ਼ਨੇ ਦੇ ਬਾਪ ਤੇ ਭਰਾ ਜੀਊਣੇ ਨੂੰ ਇਹ ਗੱਲਾਂ ਪਸੰਦ ਨਹੀਂ ਸਨ ਪਰੰਤੂ ਕਿਸ਼ਨਾ ਉਨ੍ਹਾਂ ਦੀ ਕਿੱਥੋਂ ਮੰਨਣ ਵਾਲ਼ਾ ਸੀ। ਉਸ ਦੇ ਮੂੰਹ ਨੂੰ ਤਾਂ ਖ਼ੂਨ ਲੱਗ ਚੁੱਕਾ ਸੀ।
ਇਕ ਦਿਨ ਕੀ ਹੋਇਆ ਕਿਸ਼ਨੇ ਹੋਰਾਂ ਨੇ ਆਪਣੇ ਹੀ ਪਿੰਡ ਦੇ ਬਾਣੀਆਂ ਦੀ ਬਰਾਤ ਲੁੱਟ ਲਈ। ਬਰਾਤੀਆਂ 'ਚੋਂ ਕਿਸੇ ਨੇ ਕਿਸ਼ਨੇ ਨੂੰ ਪਛਾਣ ਲਿਆ। ਸਾਰਾ ਪਿੰਡ ਕਿਸ਼ਨੇ ਦੀ ਇਸ ਵਾਰਦਾਤ 'ਤੇ ਤੋਏ-ਤੋਏ ਕਰਨ ਲੱਗਾ ਤੇ ਉਸ ਦੇ ਬਾਪ ਨੂੰ ਫਿਟ-ਲਾਅਣਤਾਂ ਪਾਈਆਂ। ਉਹਦਾ ਬਾਪ ਪਰ੍ਹੇ 'ਚ ਬੈਠਾ ਸ਼ਰਮਸਾਰ ਹੋ ਰਿਹਾ ਸੀ। ਪਿੰਡ ਦੇ ਖਾਂਦੇ-ਪੀਂਦੇ ਮੋਹਰੀ ਵਾਸਦੇਵ ਨੇ ਕਿਸ਼ਨੇ ਦੇ ਨਾਂ 'ਤੇ ਪੁਲਿਸ ਥਾਣੇ ਰਿਪੋਰਟ ਲਿਖਵਾ ਦਿੱਤੀ। ਇਸ ਗੱਲ ਦਾ ਪਤਾ ਕਿਸ਼ਨੇ ਨੂੰ ਵੀ ਲੱਗ ਗਿਆ। ਉਹ ਕੁਝ ਦਿਨਾਂ ਮਗਰੋਂ ਮੌੜੀਂ ਆ ਕੇ ਵਾਸਦੇਵ ਨੂੰ ਗੋਲੀਆਂ ਨਾਲ਼ ਭੁੰਨ ਗਿਆ।
ਪੁਲਿਸ ਆਈ, ਕਿਸ਼ਨੇ ਦੇ ਬਾਪ ਅਤੇ ਭਰਾ ਜੀਊਣੇ ਨੂੰ ਫੜ ਲਿਆ ਗਿਆ। ਕਿਸ਼ਨੇ ਦਾ ਥਹੁ ਪਤਾ ਪੁੱਛਣ ਲਈ ਤਸੀਹੇ ਦਿੱਤੇ ਗਏ... ਘਰ-ਬਾਰ ਉਜਾੜ ਦਿਤਾ। ਉਹ ਭਲਾ ਕਿੱਥੋਂ ਕਿਸ਼ਨੇ ਨੂੰ ਲੱਭ ਕੇ ਲਿਆਉਂਦੇ।
ਕਿਸ਼ਨੇ ਦੀ ਕਿਹੜਾ ਘਰਦਿਆਂ ਨਾਲ਼ ਬਣਦੀ ਸੀ, ਉਹ ਲੁੱਟਾਂ-ਖੋਹਾਂ ਦਾ ਮਾਲ ਜੈਮਲ ਦੇ ਘਰ ਹੀ ਰੱਖਦਾ ਸੀ। ਕਿਸ਼ਨੇ ਦੇ ਗਲ਼ ਖ਼ੂਨ ਪੈਣ ਦੀ ਖ਼ਬਰ ਨੇ ਜੈਮਲ ਨੂੰ ਸੁਚੇਤ ਕਰ ਦਿੱਤਾ। ਕਿਸ਼ਨਾ ਉਹਦੇ ਕੋਲ਼ ਚਲਿਆ ਗਿਆ। ਉਹਨੇ ਜੈਮਲ ਨੂੰ ਆਖਿਆ, "ਯਾਰਾ ਤੂੰ ਈ ਕੋਈ ਓਹੜ ਪੋਹੜ ਕਰ। ਪੁਲਿਸ ਨੂੰ ਕੁਛ ਦੇ ਦਵਾ ਕੇ

ਪੰਜਾਬੀ ਲੋਕ ਗਾਥਾਵਾਂ/ 62