ਪੰਨਾ:ਜਿਨ੍ਹਾਂ ਵਣਜ ਦਿਲਾਂ ਦੇ ਕੀਤੇ - ਸੁਖਦੇਵ ਮਾਦਪੁਰੀ.pdf/67

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਮੇਰਾ ਨਾਂ ਖੂਨ 'ਚੋਂ ਕਢਵਾ।"
ਜੈਮਲ ਝਟ ਪੈਂਤਰਾ ਬਦਲ ਗਿਆ। ਉਹਦਾ ਮਨ ਬੇਈਮਾਨ ਹੋ ਗਿਆ। "ਖੂਨ 'ਚ ਫਸਿਆ ਕਿਸ਼ਨਾ ਉਹਦਾ ਕੀ ਵਿਗਾੜ ਲੂਗਾ" ਉਹਨੇ ਸੋਚਿਆ ਤੇ ਕਿਹਾ, "ਕਿਸ਼ਨਿਆਂ ਤੇਰਾ ਤਾਂ ਮੇਰੇ ਕੋਲ਼ ਕੁਛ ਨੀ। ਤੂੰ ਸਾਰਾ ਮਾਲ ਵੰਡਾ ਕੇ ਲੈ ਗਿਆ ਸੀ।"
ਕਿਸ਼ਨੇ ਨੂੰ ਐਨੀ ਆਸ ਨਹੀਂ ਸੀ ਕਿ ਉਹਦਾ ਯਾਰ ਜੈਮਲ ਉਹਦੇ ਨਾਲ਼ ਈ ਮਿੱਤਰ ਮਾਰ ਕਰੇਗਾ। ਉਹ ਸਬਰ ਦਾ ਘੁੱਟ ਭਰ ਕੇ ਬਹਿ ਗਿਆ। ਉਹ ਉਥੋਂ ਚੁੱਪ ਚੁਪੀਤਾ ਕਿਸੇ ਹੋਰ ਥਾਂ ਚਲਿਆ ਗਿਆ।
|ਕੁਝ ਦਿਨਾਂ ਮਗਰੋਂ ਕਿਸ਼ਨਾ ਫੇਰ ਜੈਮਲ ਕੋਲ਼ ਆਇਆ ਤੇ ਇਕ ਬਰਾਤ ਲੁੱਟਣ ਲਈ ਦੱਸ ਪਾਈ। ਬਰਾਤ ਲੁੱਟਣ ਦੇ ਲਾਲਚ ਵਸ ਜੈਮਲ ਕਿਸ਼ਨੇ ਨਾਲ਼ ਜੰਗਲ ਵਿਚ ਚਲਿਆ ਗਿਆ। ਲੱਗੇ ਬਰਾਤ ਉਡੀਕਣ। ਬਰਾਤ ਕਿੱਥੋਂ ਆਉਣੀ ਸੀ। ਇਹ ਤਾਂ ਕਿਸ਼ਨੇ ਨੇ ਜੈਮਲ ਨੂੰ ਸੱਦਣ ਦਾ ਬਹਾਨਾ ਹੀ ਘੜਿਆ ਸੀ। ਕਿਸ਼ਨੇ ਨੇ ਜੈਮਲ ਨੂੰ ਲਲਕਾਰਿਆ, "ਬੇਈਮਾਨਾ ਭੱਜ ਲੈ ਕਿੱਥੇ ਭੱਜਣੈ। ਤੈਂ ਮੇਰੇ ਹਿੱਸੇ ਦਾ ਮਾਲ ਹੜੱਪ ਕੇ ਮੇਰੇ ਨਾਲ਼ ਮਿੱਤਰਮਾਰ ਕੀਤੀ ਐ।"
ਤੜਾਕ-ਤੜਾਕ ਗੋਲੀਆਂ ਚੱਲੀਆਂ ਤੇ ਜੈਮਲ ਧਰਤ 'ਤੇ ਚੁਫ਼ਾਲ ਢੇਰੀ ਹੋ ਗਿਆ। ਕਿਸ਼ਨੇ ਨੇ ਜੈਮਲ ਦੀ ਪਤਨੀ ਨੂੰ ਸੁਨੇਹਾ ਭੇਜ ਦਿੱਤਾ ਕਿ ਉਹ ਆਪਣੇ ਬੇਈਮਾਨ ਪਤੀ ਦੀ ਲਾਸ਼ ਚੁੱਕ ਲਜਾਵੇ।
ਜੈਮਲ ਡੋਗਰ ਹੁਰਾਂ ਦਾ ਲੰਗੋਟੀਆ ਯਾਰ ਸੀ। ਕੱਠਿਆਂ ਡਾਕੇ ਮਾਰੇ ਸਨ, ਜੰਞਾਂ ਲੁੱਟੀਆਂ ਸਨ। ਜੈਮਲ ਦਾ ਕਿਸ਼ਨੇ ਹੱਥੋਂ ਮਾਰਿਆ ਜਾਣਾ ਉਸ ਤੋਂ ਬਰਦਾਸ਼ਤ ਨਾ ਹੋਇਆ... ਕਿਸ਼ਨੇ ਨੇ ਯਾਰ ਮਾਰ ਕਰਕੇ ਚੰਗਾ ਨਹੀਂ ਕੀਤਾ... ਪਾਪ ਕਮਾਇਐ... ਹੁਣ ਉਹਤੇ ਵਿਸਾਹ ਕਰਨਾ ਠੀਕ ਨੀ।
ਡੋਗਰ ਨੇ ਕਿਸ਼ਨੇ ਦਾ ਬਚਾਓ ਕਰਨ ਦੇ ਪੱਜ ਉਹਨੂੰ ਸੁਨੇਹਾ ਭੇਜ ਕੇ ਡਸਕੇ ਸੱਦ ਲਿਆ। ਰਾਤ ਨੂੰ ਖ਼ੂਬ ਸੇਵਾ ਕੀਤੀ। ਨਸ਼ੇ ਵਿਚ ਚੂਰ ਹੋਇਆ ਕਿਸ਼ਨਾ ਬੇਸੁਰਤ ਹੋ ਕੇ ਮੰਜੇ 'ਤੇ ਸੌਂ ਗਿਆ। ਓਧਰ ਧੋਖੇਬਾਜ਼ ਡੋਗਰ ਨੇ ਘਰ ਨੂੰ ਬਾਹਰੋਂ ਜਿੰਦਰਾ ਮਾਰ ਕੇ ਬੁਡਲਾਢੇ ਦੇ ਥਾਣੇ ਜਾ ਖ਼ਬਰ ਦਿੱਤੀ... ਅਣਗਿਣਤ ਪੁਲਿਸ ਦੇ ਸਿਪਾਹੀਆਂ ਨੇ ਸੁੱਤੇ ਪਏ ਕਿਸ਼ਨੇ ਨੂੰ ਆਣ ਦਬੋਚਿਆ।
ਓਦੋਂ ਅੰਗਰੇਜ਼ਾਂ ਦਾ ਰਾਜ ਸੀ।
ਮੁਕੱਦਮਾ ਚਲਿਆ। ਮਲਕਾ ਨੇ ਕਿਸ਼ਨੇ ਨੂੰ ਉਮਰ ਕੈਦ ਦੀ ਸਜ਼ਾ ਦੇ ਕੇ ਕਾਲ਼ੇ ਪਾਣੀ ਦੀ ਜੇਲ੍ਹ ਵਿਚ ਭੇਜ ਦਿੱਤਾ।
ਡੋਗਰ ਨੇ ਧੋਖੇ ਨਾਲ਼ ਮਿੱਤਰ ਮਾਰ ਕਰਕੇ ਆਪਣੇ ਯਾਰ ਕਿਸ਼ਨੇ ਨੂੰ ਕਾਲ਼ੇ ਪਾਣੀ ਦੀ ਸਜ਼ਾ ਕਰਵਾ ਦਿੱਤੀ ਸੀ। ਕਿਸ਼ਨਾ ਕਾਲ਼ੇ ਪਾਣੀ ਸਜ਼ਾ ਭੁਗਤ ਰਿਹਾ

ਪੰਜਾਬੀ ਲੋਕ ਗਾਥਾਵਾਂ/ 63