ਪੰਨਾ:ਜਿਨ੍ਹਾਂ ਵਣਜ ਦਿਲਾਂ ਦੇ ਕੀਤੇ - ਸੁਖਦੇਵ ਮਾਦਪੁਰੀ.pdf/68

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਡੋਗਰ ਦੇ ਸੀਰਮੇ ਪੀਣ ਲਈ ਕਚੀਚੀਆਂ ਵੱਟ ਰਿਹਾ ਸੀ ਤੋਂ ਬਦਲਾ ਲੈਣ ਲਈ ਉਹਨੇ ਜੀਊਣੇ ਨੂੰ ਸੁਨੇਹਾ ਭੇਜਿਆ ਸੀ।
ਆਪਣੇ ਵੱਡੇ ਭਰਾ ਕਿਸ਼ਨੇ ਦਾ ਸੁਨੇਹਾ ਸੁਣਦੇ ਸਾਰ ਹੀ ਜੀਊਣਾ ਝੰਜੋੜਿਆ ਗਿਆ। ਇਕ ਆਹ ਸੀਨਿਓਂ ਪਾਰ ਹੋ ਗਈ... ਓਪਰਾ ਬੰਦਾ ਜਲ ਪਾਣੀ ਛਕ ਕੇ ਆਪਣੇ ਰਾਹ ਪਿਆ ਤੇ ਜੀਊਣੇ ਦੇ ਚਿੱਤ ਨੂੰ ਚਿਤਮਣੀ ਲਗ ਗਈ। ਉਹ ਅਜੀਬ ਬੇਚੈਨੀ ਦਾ ਸ਼ਿਕਾਰ ਹੋ ਗਿਆ।

ਜੀਊਣੇ ਮੌੜ ਸੁਣੀ ਗੱਲ ਲੱਗੀ ਕਾਲਜੇ ਨੂੰ ਸੱਲ,
ਅੱਜ ਕਲ੍ਹ ਲਵਾਂ ਵੈਰ ਐਨ ਫੇਰ ਖਾਵਾਂ ਰੱਜ ਕੇ।
ਏਹੋ ਆਉਂਦੀ ਦਲੇਰੀ ਜਗ ਜਮਣਾ ਨਾ ਦੂਜੀ ਵੇਰੀ,
ਮੇਰੀ ਹੈ ਸਲਾਹ ਮਾਰਾਂ ਅਹਿਮਦ ਨੂੰ ਭੱਜ ਕੇ।
(ਭਗਵਾਨ ਸਿੰਘ)

ਇਕ ਜਵਾਲਾ ਜੀਊਣੇ ਦੀ ਸੀਨੇ 'ਚ ਮਘ ਰਹੀ ਸੀ। ਉਹਨੇ ਘਰੋਂ ਗੰਡਾਸੀ ਚੁੱਕੀ ਅਤੇ ਚੁੱਪਚਾਪ ਆਪਣੇ ਖੇੜੇ ਨੂੰ ਸਿਰ ਨਿਵਾ ਕੇ, ਜੰਗਲ ਵੱਲ ਨੂੰ ਤੁਰ ਪਿਆ। ਅਗਾਂਹ ਉਹਨੂੰ ਜੰਗਲ 'ਚ ਸ਼ਿਕਾਰ ਖੇਡਦਾ ਇਕ ਅੰਗਰੇਜ਼ ਟੱਕਰਿਆ ਜਿਸ ਪਾਸੋਂ ਉਹਨੇ ਝਪਟਾ ਮਾਰ ਕੇ ਉਹਦੀ ਰਫ਼ਲ ਖੋਹ ਲਈ ਤੇ ਉਸ ਨੂੰ ਭਜਾ ਦਿੱਤਾ।
ਅਗਾਂਹ ਡਾਕੂਆਂ ਦੀ ਇਕ ਟੋਲੀ ਟੱਕਰ ਗਈ। ਜਦੋਂ ਉਨ੍ਹਾਂ ਨੂੰ ਪਤਾ ਲਗਿਆ ਬਈ ਜੀਊਣਾ ਕਿਸ਼ਨੇ ਦਾ ਭਰਾ ਐ ਤਾਂ ਖ਼ੁਸ਼ੀ-ਖੁਸ਼ੀ ਉਹਨੂੰ ਆਪਣਾ ਭਾਈਵਾਲ ਬਣਾ ਲਿਆ।
ਜੀਊਣਾ ਡਾਕੇ ਮਾਰਨ ਲੱਗਾ। ਇਕ ਸ਼ਰਤ ਇਹ ਲਾਈ- ਕਿਸੇ ਦੀ ਨੂੰਹ-ਧੀ ਨੂੰ ਮੈਲ਼ੀ ਅੱਖ ਨਾਲ਼ ਨਹੀਂ ਵੇਖਣਾ, ਨਾ ਹੀ ਮੌੜੀਂ ਜਾ ਕੇ ਡਾਕਾ ਮਾਰਨਾ ਹੈ। ਗ਼ਰੀਬ ਗੁਰਬੇ ਦੀ ਮਦਦ ਕਰਨੀ ਐ...।
ਆਏ ਦਿਨ ਜੀਊਣੇ ਮੌੜ ਦੀਆਂ ਲੁੱਟਾਂ-ਖੋਹਾਂ, ਮਾਰ-ਧਾੜ, ਬਰਾਤਾਂ ਡੱਕਣ, ਸੂਦਖੋਰਾਂ ਤੇ ਸੁਨਿਆਰਾਂ ਨੂੰ ਲੁੱਟਣ ਦੀਆਂ ਖ਼ਬਰਾਂ ਆਉਣ ਲੱਗੀਆਂ। ਪੁਲਿਸ ਉਹਦਾ ਪਿੱਛਾ ਕਰਦੀ। ਜੀਊਣਾ ਡਾਹ ਨਾ ਦੇਂਦਾ। ਪੁਲਿਸ ਨਮੋਸ਼ੀ ਦੀ ਮਾਰੀ ਪਈ ਸੀ। ਸਾਰੇ ਇਲਾਕੇ ਵਿਚ ਜੀਊਣੇ ਦੀ ਬੱਲੇ-ਬੱਲੇ ਸੀ। ਪੁਲਿਸ ਉਹਦੀ ਸੂਰਮਤਾਈ ਤੋਂ ਡਰਦੀ ਉਹਨੂੰ ਹੱਥ ਨਹੀਂ ਸੀ ਪਾਉਂਦੀ। ਉਸ ਨੂੰ ਫੜਨ ਲਈ ਉਹਦੇ ਸਿਰ ਦਾ ਇਨਾਮ ਸਰਕਾਰ ਨੇ ਐਲਾਨਿਆ ਹੋਇਆ ਸੀ। ਧੀ-ਭੈਣ ਦੀ ਇੱਜ਼ਤ ਦਾ ਸਾਂਝੀਵਾਲ ਹੋਣ ਕਾਰਨ ਤੇ ਗਊ ਗ਼ਰੀਬ ਦਾ ਰੱਖਿਅਕ ਹੋਣ ਕਰਕੇ ਪਿੰਡ ਦੇ ਲੋਕ ਉਸ ਨੂੰ ਹੱਥੀਂ ਛਾਵਾਂ ਕਰਦੇ ਸਨ। ਪੁਲਿਸ ਆਈ ਤੇ ਉਹ ਕਿਸੇ ਦੇ ਵੀ ਘਰ ਲੁੱਕ ਸਕਦਾ ਸੀ।

ਪੰਜਾਬੀ ਲੋਕ ਗਾਥਾਵਾਂ/ 64