ਪੰਨਾ:ਜਿਨ੍ਹਾਂ ਵਣਜ ਦਿਲਾਂ ਦੇ ਕੀਤੇ - ਸੁਖਦੇਵ ਮਾਦਪੁਰੀ.pdf/70

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਪਲੋਸਿਆ ਤੇ ਅਗਾਂਹ ਟੁਰ ਗਿਆ।
ਕੁਝ ਦਿਨਾਂ ਮਗਰੋਂ ਜੀਊਣੇ ਮੌੜ ਨੇ ਦੌਲੇਆਲ ਪਿੰਡ ਵਿਚੋਂ ਇਕ ਵਧੀਆ ਨਸਲ ਦਾ ਘੋੜਾ ਜਾ ਖੋਲ੍ਹਿਆ, ਪਿਛਾੜੀ ਖਿੱਚੀ ਜਾਣ ਕਰਕੇ ਕਿੱਲਾ ਉਖੜ ਕੇ ਉਹਦੇ ਨੱਕ 'ਤੇ ਜਾ ਵੱਜਾ ਤੇ ਨਿਸ਼ਾਨ ਪੈ ਗਿਆ।
ਜੀਊਣੇ ਮੌੜ ਦੇ ਸਖੀਪਣੇ ਅਤੇ ਸੂਰਮਤਾਈ ਦੀਆਂ ਕਈ ਹੋਰ ਵੀ ਕਹਾਣੀਆਂ ਹਨ।
ਇਕ ਵਾਰ ਉਨ੍ਹਾਂ ਨੇ ਇਕ ਝੜੀ ਵਿਚ ਇਕ ਬਰਾਤ ਰੋਕ ਲਈ ਤੇ ਬਹੂ ਦੇ ਸਾਰੇ ਗਹਿਣੇ ਲੁਹਾ ਕੇ ਜਾਂਜੀਆਂ ਦੇ ਖੀਸੇ ਵੀ ਖ਼ਾਲੀ ਕਰਵਾ ਲਏ। ਉਹਦੇ ਨੱਕ ਦੇ ਨਿਸ਼ਾਨ ਤੋਂ ਜੱਟ ਨੇ ਪਛਾਣ ਲਿਆ ਬਈ ਇਹ ਜੀਊਣਾ ਮੌੜ ਐ। ਉਹਨੇ ਜੀਊਣੇ ਅੱਗੇ ਹੱਥ ਜੋੜ ਕੇ ਆਖਿਆ:


"ਭੋਇੰ ਧਰ ਕੇ ਇਕ ਮੁੰਡਾ ਵਿਆਹਿਆ
ਬਹੂ ਨੂੰ ਟੂਮ ਛੱਲਾ ਮੰਗ ਕੇ ਪਾਇਆ
ਵਾਸਤਾ ਈ ਰੱਬ ਦਾ ਤੂੰ ਸਾਡਾ ਜੱਟ ਭਾਈ
ਲੁੱਟ ਸ਼ਾਹੂਕਾਰਾਂ ਨੂੰ ਜਿਨ੍ਹਾਂ ਲੁੱਟ ਮਚਾਈ।"
(ਭਗਵਾਨ ਸਿੰਘ)

ਜੀਊਣੇ ਨੇ ਸਾਰਾ ਟੂਮ ਟੱਲਾ ਮੋੜ ਕੇ, ਪਲਿਓਂ ਹੋਰ ਹਜ਼ਾਰ ਰੁਪਿਆ ਪਾ ਕੇ ਬਰਾਤ ਅਗਾਂਹ ਤੋਰ ਦਿੱਤੀ।
ਜੀਊਣੇ ਮੌੜ ਦੀ ਸਾਰੇ ਇਲਾਕੇ ਵਿਚ ਦਹਿਸ਼ਤ ਹੀ ਐਨੀ ਸੀ ਕਿ ਕਈ ਬਦਮਾਸ਼ ਆਪਣੇ ਆਪ ਨੂੰ ਜਊਣਾ ਮੌੜ ਦੱਸ ਕੇ ਲੁੱਟਮਾਰ ਕਰਨ ਲੱਗ ਪਏ ਸਨ। ਇਕ ਵਾਰੀ ਇਕ ਬ੍ਰਾਹਮਣ ਆਪਣੀ ਧੀ ਨੂੰ ਸਹੁਰਿਆਂ ਤੋਂ ਲਈ ਆ ਰਿਹਾ ਸੀ। ਰਾਹ ਜੰਗਲ ਵਿਚੋਂ ਹੋ ਕੇ ਜਾਂਦਾ ਸੀ। ਜਦੋਂ ਉਹ ਜੰਗਲ 'ਚ ਵੜੇ ਅੱਗੋਂ ਬਦਮਾਸ਼ਾਂ ਨੇ ਉਨ੍ਹਾਂ ਨੂੰ ਘੇਰ ਲਿਆ। ਬ੍ਰਾਹਮਣ ਥਰ-ਥਰ ਕੰਬ ਰਿਹਾ ਸੀ ਅਤੇ ਕੁੜੀ ਦੀਆਂ ਲੇਰਾਂ ਨਿਕਲ ਰਹੀਆਂ ਸਨ। ਅਚਾਨਕ ਜੀਊਣਾ ਮੌੜ ਉਧਰੋਂ ਆ ਨਿਕਲਿਆ। ਉਸ ਨੇ ਆਉਂਦੇ ਸਾਰ ਹੀ ਬਦਮਾਸ਼ਾਂ ਨੂੰ ਲਲਕਾਰਾ ਮਾਰਿਆ।
"ਤੂੰ ਕੌਣ ਹੁਨੈ ਸਾਨੂੰ ਰੋਕਣ ਵਾਲ਼ਾ?" ਇਕ ਮਾੜਕੂ ਜਿਹਾ ਬਦਮਾਸ਼ ਬੋਲਿਆ।
"ਮੈਂ ਆਂ ਥੋਡੀ ਧੀ ਦਾ ਖਸਮ, ਥੋਡਾ ਜਮਾਈ ਜੀਊਣਾ ਮੌੜ।"
ਜੀਊਣਾ ਮੌੜ ਦਾ ਨਾਂ ਸੁਣਦੇ ਸਾਰ ਹੀ ਬਰਸਾਤੀ ਬਦਮਾਸ਼ਾਂ ਦੇ ਹੋਸ਼ ਉੱਡ ਗਏ। ਜੀਊਣੇ ਨੇ ਜੁੱਤੀਆਂ ਮਾਰ-ਮਾਰ ਉਨ੍ਹਾਂ ਨੂੰ ਭਜਾ ਦਿੱਤਾ ਅਤੇ ਮਗਰੋਂ ਆਪ

ਪੰਜਾਬੀ ਲੋਕ ਗਾਥਾਵਾਂ/ 66