ਸਮੱਗਰੀ 'ਤੇ ਜਾਓ

ਪੰਨਾ:ਜਿਨ੍ਹਾਂ ਵਣਜ ਦਿਲਾਂ ਦੇ ਕੀਤੇ - ਸੁਖਦੇਵ ਮਾਦਪੁਰੀ.pdf/71

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਾ ਕੇ ਬ੍ਰਾਹਮਣ ਤੇ ਉਹਦੀ ਧੀ ਨੂੰ ਉਹਦੇ ਘਰ ਛੱਡ ਕੇ ਆਇਆ।
ਬ੍ਰਾਹਮਣ ਜੀਊਣੇ ਮੌੜ ਨੂੰ ਅਸੀਸਾਂ ਦੇਂਦਾ ਨਹੀਂ ਸੀ ਥੱਕਦਾ।
ਕਹਿੰਦੇ ਨੇ ਸੰਗਰੂਰ ਕੋਲ਼ ਇਕ ਪਿੰਡ ਗੋਡੀ ਕਰਦੇ ਇਕ ਗ਼ਰੀਬ ਜੱਟ ਕੋਲ਼ ਉਹਦੀ ਮੁਟਿਆਰ ਧੀ ਰੋਟੀ ਲੈ ਕੇ ਆਈ। ਦੇਵਨੇਤ ਨਾਲ਼ ਘੁੰਮਦਾ ਘੁਮਾਉਂਦਾ ਜੀਊਣਾ ਮੌੜ ਵੀ ਉਥੇ ਆ ਗਿਆ। ਵਿਆਹੁਣ ਯੋਗ ਕੁੜੀ ਵੱਲ ਵੇਖ ਕੇ ਜੀਊਣੇ ਨੇ ਜੱਟ ਨੂੰ ਪੁੱਛਿਆ, "ਬਈ ਸਰਦਾਰਾ ਧੀ ਕਿਤੇ ਮੰਗੀ ਵਿਆਹੀ ਬੀ ਹੋਈ ਐ।"
ਜੱਟ ਨੇ ਮਸੋਸਿਆ ਜਿਹਾ ਮੂੰਹ ਕਰਕੇ ਕਿਹਾ, "ਜੀਊਣ ਸਿਆਂ, ਅਸੀਂ ਧੀ ਵਿਆਹੁਣ ਜੋਗੇ ਕਿੱਥੇ ਆਂ, ਮਸੀਂ ਗੁਜ਼ਾਰਾ ਤੁਰਦੈ-ਸਾਰੀ ਪੈਲੀ ਮਾਰੂ ਆ।"
ਜੀਊਣੇ ਮੌੜ ਨੇ ਉਸੇ ਵੇਲੇ ਆਪਣੇ ਲੱਕ ਨਾਲ਼ੋਂ ਖੋਲ੍ਹ ਕੇ ਸੌ-ਸੌ ਦੀਆਂ ਪੰਜ ਵਾਸਣੀਆਂ ਜੱਟ ਦੇ ਹਵਾਲੇ ਕਰਕੇ ਆਖਿਆ, "ਕਰ ਧੀ ਦਾ ਨਾਤਾ ਗੱਜ ਵੱਜ ਕੇ... ਦੇਖੀਂ ਕਿਤੇ ਹੋਰ ਪਾਸੇ ਵਰਤ ਲਏਂ।"
ਅੱਜ ਦੇ ਸਮੇਂ ਇਹ ਹਜ਼ਾਰਾਂ ਦੀ ਰਾਸ਼ੀ ਸੀ। ਜੱਟ ਜੀਊਣੇ ਮੌੜ ਦੀ ਸਖ਼ਾਵਤ ਦੇ ਵਾਰੇ-ਵਾਰੇ ਜਾ ਰਿਹਾ ਸੀ।
ਹੋਰ ਵੀ ਅਨੇਕਾਂ ਕਿੱਸੇ ਜੀਊਣੇ ਮੌੜ ਦੇ ਨਾਂ ਨਾਲ਼ ਜੁੜੇ ਹੋਏ ਹਨ। ਉਸ ਦੀ ਬਹਾਦਰੀ, ਸੂਰਮਗਤੀ, ਦਰਿਆ ਦਿਲੀ ਅਤੇ ਸਖ਼ਾਵਤ ਦਾ ਜ਼ਿਕਰ ਲੋਕ ਕਵੀਆਂ ਨੇ ਆਪਣੀਆਂ ਕਾਵਿ ਰਚਨਾਵਾਂ ਵਿਚ ਕੀਤਾ ਹੈ


ਜੀਊਣਾ ਮੌੜ ਸਾਧ ਗਊ ਗ਼ਰੀਬ ਦੀ ਕਰੇ ਸੇਵਾ,
ਖੱਬੀ ਖਾਨਾਂ ਦੀ ਅਲਖ ਮੁਕਾਉਂਦਾ ਜੀ।
ਜੇਹੜੇ ਬਾਦਸ਼ਾਹ ਦੇ ਘਰ ਕਰੇ ਚੋਰੀ,
ਪਰਚਾ ਛਾਪ ਕੇ ਪਹਿਲਾਂ ਲਗਾਉਂਦਾ ਜੀ।
ਸ਼ੀਹਣੀ ਮਾਂ ਨੇ ਜੰਮਿਆ ਸ਼ੇਰ ਜੀਊਣਾ,
ਨਹੀਂ ਲੁੱਕ ਕੇ ਵਕਤ ਲੰਘਾਉਂਦਾ ਜੀ।
(ਭਗਵਾਨ ਸਿੰਘ)

ਜਿਸ ਮਕਸਦ ਲਈ ਜੀਊਣਾ ਡਾਕੂ ਬਣਿਆਂ ਸੀ ਉਹ ਅਜੇ ਪੂਰਾ ਨਹੀਂ ਸੀ ਹੋਇਆ। ਡੋਗਰ ਨੂੰ ਮਾਰ ਕੇ ਆਪਣੇ ਭਰਾ ਦਾ ਬਦਲਾ ਲੈਣ ਦਾ ਨਿਸ਼ਾਨਾ ਉਹਦੇ ਸਾਹਮਣੇ ਸੀ। ਨਿਸ਼ਾਨਾ ਪੂਰਾ ਹੋਣ 'ਤੇ ਹੀ ਉਹਦੇ ਕਲੇਜੇ ਠੰਢ ਪੈਣੀ ਸੀ।
ਇਕ ਦਿਨ ਘੋੜੀ 'ਤੇ ਸਵਾਰ ਹੋ ਕੇ ਜੀਊਣਾ ਮੌੜ ਅਹਿਮਦ ਡੋਗਰ ਦੇ ਪਿੰਡ ਡਸਕੇ ਜਾ ਪੁੱਜਾ। ਉਹਨੇ ਪਾਲੀ ਹੱਥ ਡੋਗਰ ਨੂੰ ਸੁਨੇਹਾ ਭੇਜਿਆ, "ਤੇਰਾ ਜਮਾਈ ਆਪਣੇ ਭਰਾ ਕਿਸ਼ਨੇ ਦਾ ਬਦਲਾ ਲੈਣ ਆਇਐ ... ਤੈਂ ਮੇਰੇ ਭਾਈ ਨੂੰ ਧੋਖੇ

ਪੰਜਾਬੀ ਲੋਕ ਗਾਥਾਵਾਂ/ 67