ਚਿੜਾ ਬਾਹਰ ਜਾਂਦਾ ਤਾਂ ਉਹ ਬੱਚਿਆਂ ਨੂੰ ਆਪਣੀ ਚੁੰਝ ਨਾਲ਼ ਮਾਰਨ ਲਗਦੀ ਅਤੇ ਭੋਜਨ ਦੀ ਥਾਂ ਭਖੜਾ ਅਤੇ ਪੱਥਰ ਦੇ ਬਰੀਕ ਟੋਟੇ ਉਨ੍ਹਾਂ ਦੇ ਮੂੰਹ ਵਿਚ ਪਾ ਦੇਂਦੀ- ਭੋਖੜੇ ਦੇ ਕਾਰਨ ਦੋਨੋਂ ਬੱਚੇ ਦਿਨਾਂ ਵਿਚ ਹੀ ਮਰ ਗਏ... ਇਸ ਘਟਨਾ ਨੇ ਰਾਣੀ ਨੂੰ ਸਿਰ ਤੋਂ ਪੈਰਾਂ ਤਕ ਝੰਜੋੜ ਕੇ ਰੱਖ ਦਿੱਤਾ।
ਇਕ ਸ਼ਾਮ ਰਾਜਾ ਖੜਗ ਸੈਨ ਜਦੋਂ ਮਹਿਲੀਂ ਆਇਆ ਤਾਂ ਰੂਪਵਤੀ ਦੇ ਮੁਰਝਾਏ ਚਿਹਰੇ ਨੂੰ ਵੇਖ ਕੇ ਘਬਰਾ ਗਿਆ। ਉਸ ਨੇ ਉਸ ਨੂੰ ਸੁਨੇਹ ਭਰੀਆਂ ਨਜ਼ਰਾਂ ਨਾਲ਼ ਵੇਖਿਆ ਤੇ ਬੋਲਿਆ, "ਰਾਣੀ ਕਿਉਂ ਹੌਸਲਾ ਹਾਰ ਰਹੀ ਏਂ? ਤਕੜੀ ਹੋ- ਸੁਖ ਨਾਲ਼ ਆਪਣੇ ਰੂਪ ਬਸੰਤ ਜਵਾਨ ਹੋ ਰਹੇ ਨੇ- ਆਪਾਂ ਇਨ੍ਹਾਂ ਦੇ ਵਿਆਹ ਵੀ ਕਰਨੇ ਨੇ।"
"ਰਾਜਨ! ਹੁਣ ਮੈਂ ਨਹੀਂ ਬਚਣਾ। ਕੁਝ ਦਿਨਾਂ ਦੀ ਹੀ ਪ੍ਰਾਹੁਣੀ ਆਂ। ਮੇਰੀ ਇਕ ਮੰਗ ਐ..." ਰੂਪਵਤੀ ਨੇ ਲੇਲੜ੍ਹੀ ਕੱਢਦਿਆਂ ਆਖਿਆ।
ਖੜਗ ਸੈਨ ਦੀਆਂ ਅੱਖਾਂ ਨਮ ਹੋ ਗਈਆਂ। ਉਹਦਾ ਗਲ਼ਾ ਭਰ ਆਇਆ ਪਰੰਤੂ ਉਸ ਰੂਪਵਤੀ ਨੂੰ ਆਪਣੀ ਬੁੱਕਲ 'ਚ ਲੈ ਕੇ ਹੌਸਲਾ ਦਿੱਤਾ, "ਹੈ ਕਮਲ਼ੀ! ਕਿਧਰੇ ਨੀ ਤੈਨੂੰ ਜਾਣ ਦੇਂਦੇ ਅਸੀਂ... ਤੇਰੇ ਹੱਥੀਂ ਕਾਜ ਕਰਾਉਣੇ ਨੇ ... ਇਕ ਮੰਗ ਕੀ ਸੈਆਂ ਮੰਗਾਂ ਪੂਰੀਆਂ ਕਰਾਂਗਾ!"
"ਰਾਜਨ! ਮੇਰੀ ਇਕੋ ਮੰਗ ਐ- ਬਚਨ ਦੇਵੋ ਕਿ ਤੁਸੀਂ ਮੇਰੀ ਮੌਤ ਤੋਂ ਮਗਰੋਂ ਦੁਜੀ ਸ਼ਾਦੀ ਨਹੀਂ ਕਰਵਾਓਗੇ- ਮੇਰੇ ਬੱਚਿਆਂ ਨੂੰ ਮਤਰੇਈ ਮਾਂ ਦੇ ਵਸ ਨਹੀਂ ਪਾਓਗੇ।"
"ਮੇਰੀ ਰਾਣੀ ਅਜਿਹਾ ਨਹੀਂ ਹੋਵੇਗਾ, ਬਚਨ ਰਿਹਾ। ਇਸ ਗੱਲੋਂ ਨਿਸਚਿੰਤ ਹੋ ਜਾ!"
ਰਾਜੇ ਪਾਸੋਂ ਬਚਨ ਲੈ ਕੇ ਰੂਪਵਤੀ ਚਿੰਤਾਮੁਕਤ ਹੋ ਗਈ ਤੇ ਮੰਜੇ 'ਤੇ ਘੂਕ ਸੌਂ ਗਈ!
ਸ਼ਾਹੀ ਹਕੀਮ ਵਲੋਂ ਉਸ ਦਾ ਇਲਾਜ ਚਲਦਾ ਰਿਹਾ ਪਰੰਤੂ ਉਹ ਕੁਝ ਦਿਨਾਂ ਮਗਰੋਂ ਸਵਰਗ ਸਿਧਾਰ ਗਈ।
ਰਾਣੀ ਦੀ ਮੌਤ ਕਾਰਨ ਸਾਰੇ ਰਾਜ ਵਿਚ ਸੋਗ ਦੀ ਲਹਿਰ ਦੌੜ ਗਈ। ਰੂਪ ਬਸੰਤ ਆਪਣੀ ਮਾਂ ਦੇ ਵਿਯੋਗ ਵਿਚ ਬਹੁਤ ਰੁੰਨੇ... ਉਨ੍ਹਾਂ ਦਾ ਰੋਣ ਝੱਲਿਆ ਨਹੀਂ ਸੀ ਜਾਂਦਾ। ਖੜਗ ਸੈਨ ਆਪ ਹਾਲੋਂ ਬੇਹਾਲ ਹੋਇਆ ਪਿਆ ਸੀ। ਉਸ ਨੂੰ ਸੁਝ ਨਹੀਂ ਸੀ ਰਿਹਾ ਕਿ ਕਿਵੇਂ ਆਪਣੇ ਆਪ 'ਤੇ ਕਾਬੂ ਪਾਵੇ। ਰਾਜ ਦੇ ਅਹਿਲਕਾਰਾਂ ਤੇ ਦਰਬਾਰੀਆਂ ਨੇ ਉਨ੍ਹਾਂ ਦੇ ਗ਼ਮ ਨੂੰ ਭੁਲਾਉਣ ਲਈ ਸੈਆਂ ਦਿਲਬਰੀਆਂ ਦਿੱਤੀਆਂ ਤੇ ਢਾਰਸਾਂ ਬੰਨ੍ਹਾਈਆਂ।
ਸਮਾਂ ਆਪਣੀ ਤੋਰੇ ਤੁਰਦਾ ਰਿਹਾ। ਰੂਪ ਬਸੰਤ ਜਵਾਨੀ ਦੀਆਂ ਬਰੂਹਾਂ 'ਤੇ
ਪੰਜਾਬੀ ਲੋਕ ਗਾਥਾਵਾਂ/ 72