ਸਮੱਗਰੀ 'ਤੇ ਜਾਓ

ਪੰਨਾ:ਜਿਨ੍ਹਾਂ ਵਣਜ ਦਿਲਾਂ ਦੇ ਕੀਤੇ - ਸੁਖਦੇਵ ਮਾਦਪੁਰੀ.pdf/78

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਫੁੱਲ ਵਾਂਗ ਖਿੜ ਗਈ। ਉਹ ਉਹਨੂੰ ਕਬੂਤਰ ਦੇਣ ਦੇ ਪੱਜ ਆਪਣੇ ਵਿਸ਼ਰਾਮ ਭਵਨ ਵਿਚ ਲੈ ਗਈ ਤੇ ਆਪਣੇ ਕੋਲ਼ ਪਲੰਘ 'ਤੇ ਬਿਠਾ ਲਿਆ ਅਤੇ ਉਹਦੇ ਹੱਥਾਂ ਨੂੰ ਪੋਲੇ-ਪੋਲੇ ਪਲੋਸਦਿਆਂ ਸ਼ਹਿਦ ਭਰੇ ਮਿੱਠੇ ਬੋਲ ਬੋਲਦਿਆਂ ਬੋਲੀ, "ਵੇ ਬਸੰਤ ਤੈਨੂੰ ਕਬੂਤਰਾਂ ਨਾਲ਼ ਖੇਡਣ ਦਾ ਸ਼ੌਕ ਐ। ਤੂੰ ਕਿੰਨਾ ਖ਼ੂਬਸੂਰਤ ਏਂ ਸੁਹਣਿਆਂ! ਮੈਂ ਤੇਰੇ 'ਤੇ ਵਾਰੀ ਜਾਨੀ ਆਂ। ਜਦ ਮੈਂ ਤੈਨੂੰ ਵੇਖਦੀ ਆਂ, ਮੇਰੀ ਜਾਨ ਈ ਕੱਢ ਲੈਨੈਂ! ਆਪਾਂ ਦੋਨੋਂ ਹਾਣ ਪਰਵਾਨ ਦੇ ਆਂ... ਮੈਨੂੰ ਆਪਣੀ ਕਬੂਤਰੀ ਬਣਾ ਲੈ ਸੁਹਣਿਆਂ! ਸਾਰੀ ਜ਼ਿੰਦਗੀ ਤੇਰੀ ਬਣ ਕੇ ਰਹਾਂਗੀ!"
ਬਸੰਤ ਦੇ ਚਿਤ ਚੇਤੇ ਵੀ ਨਹੀਂ ਸੀ ਕਿ ਰਾਣੀ ਉਹਦੇ ਨਾਲ਼ ਇਸ ਤਰ੍ਹਾਂ ਦਾ ਵਰਤਾਓ ਕਰੇਗੀ!
"ਮਾਤਾ ਜੀ ਇਹ ਕਿਵੇਂ ਹੋ ਸਕਦੈ... ਮੈਂ ਤੁਹਾਡਾ ਪੁੱਤਰ ਆਂ। ਧਰਤ ਅਸਮਾਨ ਫਟ ਨੀ ਜਾਣਗੇ- ਪੁੱਤਰ ਮਾਂ ਦਾ ਰੂਪ ਹੰਢਾਵੇ।"
"ਸੁਹਣਿਆਂ ਨਾ ਮੈਂ ਤੈਨੂੰ ਜਨਮ ਦਿੱਤੈ ਤੇ ਨਾ ਗੋਦ ਖਿਡਾਇਐ। ਮੈਂ ਤੇਰੀ ਮਾਂ ਨਹੀਂ ਤੇਰੀ ਹਾਨਣ ਆਂ... ਮੇਰੀ ਜਵਾਨੀ ਵਲ ਵੇਖ ਕੇ ਮੈਨੂੰ ਆਪਣੀ ਬਣਾ ਲੈ ਮੇਰੇ ਦਿਲ ਜਾਨੀਆਂ। ਮੈਂ ਚਰੋਕਣੀ ਤੇਰੇ ਦੀਦਾਰ ਨੂੰ ਤਰਸਦੀ ਪਈ ਆਂ।"
"ਮਾਂ ਮੈਨੂੰ ਅਜਿਹੀਆਂ ਗੱਲਾਂ ਨਾਲ਼ ਭੁਚਲਾ ਨਾ... ਸਮਾਜਕ ਰਿਸ਼ਤੇ ਤੇ ਨੈਤਿਕ ਕਦਰਾਂ-ਕੀਮਤਾਂ ਦਾ ਘਾਣ ਸਾਡੇ ਸਮਾਜ ਨੂੰ ਕਿਧਰ ਲੈ ਤੁਰੇਗਾ?"
"ਮੇਰੀ ਰੂਹ ਦੇ ਹਾਣੀਆ- ਸਮਾਜ ਨੇ ਭਲਾ ਮੈਨੂੰ ਕੀ ਦਿੱਤੈ? ਕੱਚੀ ਕੈਲ ਨੂੰ ਅਧਖੜ ਬੁਢੜੇ ਦੇ ਲੜ ਲਾ ਕੇ ਮੇਰੀ ਜਵਾਨੀ ਰੋਲ਼ ਦਿੱਤੀ ਐ ... ਮੋਤੀ, ਹੀਰੇ, ਪੰਨੇ ਮੇਰੇ ਲਈ ਕਾਣੀ ਕੌਡੀ ਦੇ ਸਮਾਨ ਨੇ... ਤੂੰ ਮੇਰੀ ਬਾਂਹ ਫੜ ਕੇ ਪਾਰ ਲੰਘਾ ਦੇ ਸੁਹਣਿਆਂ!"
"ਹੋਸ਼ ਤੋਂ ਕੰਮ ਲੈ ਮਾਤਾ ਮੇਰੀਏ!ਇਹ ਰਿਸ਼ਤਾ ਮੈਂ ਨਿਭਾ ਨਹੀਂ ਸਕਦਾ।"
"ਅਜੇ ਵੀ ਸੋਚ ਲੈ... ਜੇ ਤੂੰ ਮੇਰੀ ਗੱਲ ਨਹੀਂ ਮੰਨਣੀ ਤਾਂ ਇਸ ਦੇ ਮਾੜੇ ਨਤੀਜੇ ਭੁਗਤਣ ਲਈਂ ਤਿਆਰ ਹੋ ਜਾ!"
"ਮਾਤਾ ਮੈਂ ਹਰ ਸਜ਼ਾ ਭੁਗਤਣ ਲਈ ਤਿਆਰ ਹਾਂ! ਆਪਣੇ ਬਾਪ ਦੀ ਦਾਹੜੀ ਦੀ ਲਾਜ ਰੱਖਾਂਗਾ।"
ਐਨਾ ਆਖ ਬਸੰਤ ਇਕਦਮ ਮਹਿਲਾਂ ਤੋਂ ਬਾਹਰ ਹੋ ਗਿਆ।
ਚੰਦਰਵਤੀ ਪਲੰਘ 'ਤੇ ਪਈ ਬਿਨਾਂ ਪਾਣੀਓਂ-ਮੱਛੀ ਵਾਂਗ ਤੜਪਣ ਲੱਗੀ।
ਬਸੰਤ ਨੇ ਰੂਪ ਨੂੰ ਆ ਕੇ ਸਾਰੀ ਹੋਈ ਬੀਤੀ ਸੁਣਾ ਦਿੱਤੀ! ਦੋਨੋਂ ਚਿੰਤਾ ਦੇ ਸਾਗਰ ਵਿਚ ਡੁੱਬ ਗਏ।
ਆਥਣ ਪਸਰੀ। ਹਨ੍ਹੇਰਾ ਗੂੜ੍ਹਾ ਹੋਇਆ। ਖੜਗ ਸੈਨ ਆਪਣੇ ਮਹਿਲਾਂ

ਪੰਜਾਬੀ ਲੋਕ ਗਾਥਾਵਾਂ/ 74