ਪੰਨਾ:ਜਿਨ੍ਹਾਂ ਵਣਜ ਦਿਲਾਂ ਦੇ ਕੀਤੇ - ਸੁਖਦੇਵ ਮਾਦਪੁਰੀ.pdf/79

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਨੂੰ ਪਰਤਿਆ- ਸਾਰੇ ਸ਼ਮ੍ਹਾਦਾਨ ਗੁੱਲ- ਨਾ ਦੀਵਾ ਨਾ ਬੱਤੀ! ਉਹ ਅੰਦਰ ਵੜਿਆ- ਚੰਦਰਵਤੀ ਸਿਰ ਮੂੰਹ ਲਪੇਟੀ ਖਣਪੱਟੀ ਲਈ ਪਲੰਘ 'ਤੇ ਪਈ ਐ। ਕਮਰੇ ਦੀਆਂ ਵਸਤਾਂ ਐਧਰ ਓਧਰ ਖਿੰਡੀਆਂ ਪਈਆਂ... ਰਾਜਾ ਭਮੱਤਰ ਗਿਆ। ਉਹਨੇ ਰਾਣੀ ਦੇ ਮੂੰਹ ਤੋਂ ਪੱਲਾ ਖਿਚ ਕੇ ਪਰ੍ਹੇ ਕੀਤਾ- ਰਾਣੀ ਦੇ ਚਿਹਰੇ 'ਤੇ ਘਰੂਟਾਂ ਦੇ ਨਿਸ਼ਾਨ... ਸਿਰ ਦੇ ਵਾਲ਼ ਖਿੰਡੇ ਪੁੰਡੇ ਜਿਵੇਂ ਕਿਸੇ ਨਾਲ ਹੱਥੋਪਾਈ ਕੀਤੀ ਹੋਵੇ... ਰਾਣੀ ਨੇ ਉਠਦੇ ਸਾਰ ਹੀ ਹਟਕੋਰਿਆਂ ਅਤੇ ਹੰਝੂਆਂ ਦੀ ਝੜੀ ਲਾ ਦਿੱਤੀ।
"ਰਾਜਨ! ਕੀ ਦੱਸਾਂ ਕੀ ਨਾ ਦੱਸਾਂ। ਲੋਹੜਾ ਮਾਰਿਐ ਤੁਹਾਡੇ ਲਾਡਲੇ ਪੁੱਤਰ ਬਸੰਤ ਨੇ! ਅੱਜ ਮਹਿਲੀਂ ਆਇਆ ਸੀ। ਕੱਲੀ ਵੇਖ ਉਹਨੇ ਮੇਰੇ ਨਾਲ਼ ਹੱਥੋਪਾਈ ਕੀਤੀ ਐ... ਮੈਂ ਬੁਰਛੇ ਕੋਲ਼ੋਂ ਆਪਣੀ ਪੱਤ ਨੂੰ ਮਸੀਂ ਬਚਾਇਐ...?" ਚੰਦਰਵਤੀ ਨੇ ਤ੍ਰਿਆ ਚਲਿੱਤਰ ਦਾ ਅਜਿਹਾ ਬਾਣ ਚਲਾਇਆ ਕਿ ਖੜਗ ਸੈਨ ਸੋਚੀਂ ਪੈ ਗਿਆ।
"ਇਹ ਕਿਵੇਂ ਹੋ ਸਕਦੈ ਮੇਰੀ ਰਾਣੀਏਂ... ਬਸੰਤ ਅਜਿਹਾ ਨਹੀਂ ਕਰ ਸਕਦਾ... ਸੱਚੋ ਸੱਚ ਦੱਸ?"
"ਰਾਜਨ ਬਸੰਤ ਤੁਹਾਡਾ ਪੁੱਤਰ ਐ ਨਾ ਇਸ ਲਈ ਮੇਰੀ ਗੱਲ ਦਾ ਆਪ ਨੂੰ ਇਤਬਾਰ ਨਹੀਂ..." ਐਨਾ ਆਖ ਚੰਦਰਵਤੀ ਜ਼ਾਰੋ ਜ਼ਾਰ ਰੋਣ ਲੱਗ ਪਈ! ਰਾਜਾ ਉਹਦੇ ਭਾਵਾਂ ਦੇ ਵਾਰ ਨੂੰ ਸਹਿ ਨਾ ਸਕਿਆ। ਉਹ ਧੁਰ ਅੰਦਰ ਤਕ ਤੜਪ ਉਠਿਆ। ਉਹਨੇ ਰਾਣੀ ਨੂੰ ਆਪਣੀ ਬੁੱਕਲ 'ਚ ਲੈਂਦਿਆਂ ਕਿਹਾ, "ਮੇਰੀਏ ਰਾਣੀਏਂ ਮੈਨੂੰ ਤੇਰੇ 'ਤੇ ਪੂਰਾ ਭਰੋਸੈ, ਜਿਹੜਾ ਕੁਕਰਮ ਬਸੰਤ ਨੇ ਤੇਰੇ ਨਾਲ਼ ਕੀਤੈ ਉਹ ਮੁਆਫ਼ ਕਰਨ ਵਾਲ਼ਾ ਨਹੀਂ। ਉਸ ਨੂੰ ਅਜਿਹੀ ਸਜ਼ਾ ਦਿਆਂਗਾ ਕਿ ਲੋਕੀ ਰਹਿੰਦੀ ਦੁਨੀਆਂ ਤਕ ਯਾਦ ਰੱਖਣਗੇ।"
ਰਾਜੇ ਦੇ ਇਹ ਬਚਨ ਸੁਣ ਕੇ ਰਾਣੀ ਦੇ ਧੁਰ ਅੰਦਰ ਖ਼ੁਸ਼ੀ ਦੀ ਲਹਿਰ ਦੌੜ ਗਈ ਤੇ ਉਹ ਉਸ ਨੂੰ ਰੁਝਾਉਣ ਲਈ ਆਪਣਾ ਹਾਰ ਸ਼ਿੰਗਾਰ ਕਰਨ ਲੱਗੀ।
ਅਗਲੀ ਸਵੇਰ ਖੜਗ ਸੈਨ ਨੇ ਬਸੰਤ ਨੂੰ ਭਰੇ ਦਰਬਾਰ ਵਿਚ ਤਲਬ ਕਰ ਲਿਆ ਤੇ ਉਸ ਦਾ ਪੱਖ ਸੁਣੇ ਬਗ਼ੈਰ ਹੀ ਉਹਨੂੰ ਦੇਸ ਨਿਕਾਲੇ ਦਾ ਹੁਕਮ ਸੁਣਾ ਦਿੱਤਾ।
ਸਾਰੇ ਦਰਬਾਰ ਵਿਚ ਸੱਨਾਟਾ ਛਾ ਗਿਆ। ਕਿਸੇ ਦੀ ਜੁਰੱਅਤ ਨਹੀਂ ਸੀ ਰਾਜੇ ਦੇ ਹੁਕਮ ਨੂੰ ਮੋੜਨ ਦੀ। ਸਾਰੇ ਦਰਬਾਰੀ ਜਾਣਦੇ ਸਨ ਕਿ ਬਸੰਤ ਬੇਕਸੂਰ ਏ... ਰੂਪ ਨੇ ਵੀ ਆਪਣੇ ਪਿਤਾ ਅੱਗੇ ਬੇਨਤੀ ਕੀਤੀ ਪਰੰਤੂ ਬਸੰਤ ਤਾਂ ਉਹਦੀਆਂ ਨਜ਼ਰਾਂ ਵਿਚ ਕਸੂਰਵਾਰ ਸੀ ਅਤੇ ਉਹ ਬਸੰਤ ਨੂੰ ਦੇਸ਼ ਨਿਕਾਲੇ ਦੀ ਸਜ਼ਾ ਦੇ ਕੇ ਆਪਣੇ ਅਦਲੀ ਰਾਜਾ ਹੋਣ ਦਾ ਧਰਮ ਨਿਭਾ ਰਿਹਾ ਸੀ।
ਬਸੰਤ ਨੂੰ ਆਸ ਨਹੀਂ ਸੀ ਕਿ ਉਹਦਾ ਪਿਤਾ ਉਹਦਾ ਪੱਖ ਜਾਣੇ ਬਿਨਾਂ

ਪੰਜਾਬੀ ਲੋਕ ਗਾਥਾਵਾਂ/ 75