ਪੰਨਾ:ਜਿਨ੍ਹਾਂ ਵਣਜ ਦਿਲਾਂ ਦੇ ਕੀਤੇ - ਸੁਖਦੇਵ ਮਾਦਪੁਰੀ.pdf/81

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈਪਹਿਨਾ ਕੇ ਵਿਧੀਵਤ ਰਸਮਾਂ ਨਾਲ਼ ਰਾਜ ਸਿੰਘਾਸਣ ਤੇ ਬਿਰਾਜਮਾਨ ਕਰ ਦਿੱਤਾ। ਰੂਪ ਹੁਣ ਮਿਸਰ ਦਾ ਰਾਜਾ ਬਣ ਗਿਆ ਸੀ ਤੇ ਉਸ ਨੂੰ ਰਾਜ ਦਰਬਾਰੀਆਂ ਨੇ ਐਨਾ ਵਿਅਸਤ ਕਰ ਦਿੱਤਾ ਕਿ ਉਹ ਕੁਝ ਪਲਾਂ ਲਈ ਬਸੰਤ ਨੂੰ ਵੀ ਭੁੱਲ ਗਿਆ। ਉਹ ਕੁਝ ਦਿਨਾਂ ਬਾਅਦ ਉਸ ਥਾਂ 'ਤੇ ਵੀ ਗਿਆ ਜਿੱਥੇ ਬਸੰਤ ਦੀ ਲਾਸ਼ ਪਈ ਸੀ। ਉਸ ਦਰੱਖ਼ਤ ਥੱਲੇ ਲਾਸ਼ ਨਾ ਵੇਖ ਕੇ ਉਹਨੇ ਇਹ ਅਨੁਮਾਨ ਲਾ ਲਿਆ ਕਿ ਉਸ ਦੀ ਲਾਸ਼ ਨੂੰ ਜੰਗਲੀ ਜਾਨਵਰ ਖਾ ਗਏ ਹੋਣਗੇ। ਉਹ ਬਸੰਤ ਦੇ ਸ਼ਾਮ ਨੂੰ ਆਪਣੇ ਦਿਲ ਵਿਚ ਸਮੋ ਕੇ ਪਰਤ ਆਇਆ ਅਤੇ ਆਪਣੇ ਰਾਜ ਦੇ ਕੰਮਕਾਜ ਚਲਾਉਣ ਲੱਗਾ।
ਏਧਰ ਬਸੰਤ ਦੀ ਹੋਣੀ ਵੇਖੋ... ਜਦੋਂ ਰੂਪ ਉਹਦੇ ਕੱਫਣ ਦੀ ਭਾਲ ਵਿਚ ਉਹਨੂੰ ਛੱਡ ਕੇ ਗਿਆ ਸੀ ਉਹਦੇ ਜਾਣ ਬਾਅਦ ਹੀ ਮੰਗਲ ਨਾਥ ਨਾਂ ਦਾ ਜੋਗੀ ਕਿਧਰੋਂ ਤੁਰਦਾ ਫਿਰਦਾ ਉਸ ਦਰਖ਼ਤ ਕੋਲ਼ ਆ ਗਿਆ ਜਿੱਥੇ ਬਸੰਤ ਦੀ ਲੋਥ ਪਈ ਸੀ... ਜੋਗੀ ਨੇ ਉਹਨੂੰ ਹਿਲਾ ਜੁਲਾ ਕੇ ਵੇਖਿਆ- ਉਹਦੀ ਨਬਜ਼ ਵੇਖੀ- ਨਬਜ਼ ਚਲ ਰਹੀ ਸੀ- ਅਸਲ ਵਿਚ ਉਹ ਮਰਿਆ ਨਹੀਂ ਸੀ ਬੇਹੋਸ਼ ਸੀ, ਇਕ ਸਰਾਲ ਨੇ ਉਹਦਾ ਸਾਹ ਪੀ ਕੇ ਉਹਨੂੰ ਬੇਸੁਧ ਕਰ ਦਿੱਤਾ ਸੀ... ਜੋਗੀ ਨੇ ਜੰਗਲੀ ਬੂਟੀਆਂ ਦੀ ਵਰਤੋਂ ਕਰਕੇ ਉਹਨੂੰ ਹੋਸ਼ ਵਿਚ ਲੈ ਆਂਦਾ। ਬਸੰਤ ਨੇ ਜੋਗੀ ਨੂੰ ਆਪਣੀ ਸਾਰੀ ਵਿਥਿਆ ਸੁਣਾਈ। ਜੋਗੀ ਉਸ ਨੂੰ ਆਪਣੀ ਕੁਟੀਆ ਵਿਚ ਲੈ ਆਇਆ ਤੇ ਆਪਣੇ ਕੋਲ਼ ਹੀ ਰੱਖ ਲਿਆ। ਬਸੰਤ ਨੇ ਵੀ ਆਪਣੇ ਜੀਵਨ ਦਾਤੇ ਨੂੰ ਆਪਣਾ ਆਪ ਸਮਰਪਿਤ ਕਰ ਦਿੱਤਾ ਤੇ ਉਹਦੀ ਸੇਵਾ ਵਿਚ ਲੀਨ ਹੋ ਗਿਆ। ਉਸ ਨੂੰ ਰੂਪ ਦੀ ਯਾਦ ਆਉਂਦੀ-ਸੋਚਦਾ ਪਤਾ ਨੀ ਉਸ ਨਾਲ਼ ਕੀ ਬਣੀ ਹੋਵੇਗੀ- ਖੌਰੇ ਜਿਉਂਦਾ ਵੀ ਹੈ ਕਿ ਜੰਗਲੀ ਜਾਨਵਰਾਂ ਨੇ ਆਪਣਾ ਖਾਜਾ ਬਣਾ ਲਿਐ। ਜੋਗੀ ਕੋਲ਼ ਰਹਿੰਦਿਆਂ ਬਸੰਤ ਨੇ ਸਤ ਵਰ੍ਹੇ ਲੰਘਾ ਦਿੱਤੇ।
ਬਸੰਤ ਕਬੂਤਰ ਉਡਾਣ ਦਾ ਸ਼ੌਕੀ ਸੀ ਜੋਗੀ ਨੇ ਉਸ ਦੇ ਸ਼ੌਕ ਨੂੰ ਮੱਠਾ ਨਾ ਪੈਣ ਦਿੱਤਾ। ਇਕ ਦਿਨ ਬਸੰਤ ਘੋੜੇ 'ਤੇ ਸਵਾਰ ਇਕ ਸ਼ਿਕਾਰ ਮਗਰ ਲੱਗਿਆ ਬਹੁਤ ਦੂਰ ਨਿਕਲ ਗਿਆ ਤੇ ਅਚਾਨਕ ਆਏ ਹਨੇਰੀ-ਝੱਖੜ ਨੇ ਉਹਦਾ ਰਾਹ ਭੁਲਾ ਦਿੱਤਾ। ਹਨੇਰਾ ਹੋਣ ਕਰਕੇ ਉਹ ਪਿਛਾਂਹ ਜਾਣ ਜੋਗਾ ਵੀ ਨਹੀਂ ਸੀ। ਉਹਨੂੰ ਦੂਰ ਇਕ ਸ਼ਹਿਰ ਨਜ਼ਰ ਆਇਆ- ਇਹ ਰੂਪ ਵਾਲ਼ਾ ਹੀ ਸ਼ਹਿਰ ਸੀ ਜਿਥੋਂ ਦਾ ਉਹ ਰਾਜਾ ਸੀ। ਉਹ ਸ਼ਹਿਰ ਦੀ ਫ਼ਸੀਲ ਦੇ ਮੁਖ ਦਰਵਾਜ਼ੇ 'ਤੇ ਪੁਜ ਗਿਆ। ਦਰਵਾਜ਼ਾ ਬੰਦ ਸੀ।ਉਹਨੇ ਦਰਵਾਜ਼ਾ ਖੜਕਾਇਆ। ਅੰਦਰੋਂ ਚੌਕੀਦਾਰ ਨੇ ਦਰਵਾਜ਼ੇ ਦੀ ਮੋਰੀ ਰਾਹੀਂ ਆਖਿਆ, "ਰਾਜੇ ਦਾ ਹੁਕਮ ਐ ਇਹ ਦਰਵਾਜ਼ਾ ਰਾਤ ਨੂੰ ਬੰਦ ਹੋ ਕੇ ਦੋਬਾਰਾ ਨਹੀਂ ਖੁਲ੍ਹ ਸਕਦਾ ਕਿਉਂਕਿ ਰਾਤ ਸਮੇਂ ਏਥੇ ਇਕ ਆਦਮ ਖ਼ੋਰ ਸ਼ੇਰ ਆਉਂਦੈ।ਉਹਨੇ ਪਰਜਾ ਦੇ ਬਹੁਤ ਸਾਰੇ ਬੰਦੇ ਮਾਰ ਦਿੱਤੇ ਨੇ। ਚੰਗਾ ਇਹੀ ਐ ਤੂੰ ਕਿਧਰੇ ਹੋਰ ਚਲਿਆ ਜਾਂ ਦਰਵਾਜ਼ਾ ਮੈਂ ਨਹੀਂ ਖੋਹਲਣਾ।"

ਪੰਜਾਬੀ ਲੋਕ ਗਾਥਾਵਾਂ/ 77