ਪੰਨਾ:ਜਿਨ੍ਹਾਂ ਵਣਜ ਦਿਲਾਂ ਦੇ ਕੀਤੇ - ਸੁਖਦੇਵ ਮਾਦਪੁਰੀ.pdf/83

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਲਿਆ। ਉਹਨੇ ਆਪਣੇ ਸ਼ਹਿਰ ਦੀ ਇਕ ਵੇਸਵਾ ਪਾਸੋਂ ਬਸੰਤ 'ਤੇ ਇਲਜ਼ਾਮ ਲਗਵਾ ਦਿੱਤਾ ਕਿ ਉਹਨੇ ਉਹਦਾ ਹਾਰ ਚੋਰੀ ਕੀਤਾ ਹੈ। ਇਸ ਇਲਜ਼ਾਮ ਵਿਚ ਕੋਤਵਾਲ ਨੇ ਬਸੰਤ ਨੂੰ ਜੇਲ੍ਹ ਦੀ ਕੋਠੜੀ ਵਿਚ ਬੰਦ ਕਰਵਾ ਦਿੱਤਾ।
ਦਿਨ ਬੀਤਦੇ ਗਏ। ਝੂਠੇ ਇਲਜ਼ਾਮ ਵਿਚ ਬਸੰਤ ਜੇਲ੍ਹ ਦੀ ਹਵਾ ਖਾ ਰਿਹਾ ਸੀ। ਬਸੰਤ ਦੇ ਧਰਮ ਮਾਤਾ-ਪਿਤਾ ਦੀ ਵੀ ਕਿਸੇ ਇਕ ਨਾ ਸੁਣੀ।
ਇਕ ਦਿਨ ਕੀ ਹੋਇਆ ਰਾਜਾ ਰੂਪ ਦੇ ਦਰਬਾਰ ਵਿਚ ਇਕ ਸੁਦਾਗਰ ਨੇ ਆ ਅਰਜ਼ ਗੁਜ਼ਾਰੀ, "ਰਾਜਨ ਮੈਂ ਮਦਦ ਦੀ ਆਸ ਲੈ ਕੇ ਤੁਹਾਡੇ ਪਾਸ ਆਇਆ ਹਾਂ! ਮੇਰਾ ਜਹਾਜ਼ ਸਮੁੰਦਰ ਵਿਚ ਫਸਿਆ ਖੜੈ। ਜੋਤਸ਼ੀਆਂ ਕਿਹੈ ਖਵਾਜਾ ਮਨੁੱਖ ਦੀ ਬਲੀ ਮੰਗਦੈ- ਬਲੀ ਦੇਣ 'ਤੇ ਚੱਲੇਗਾ। ਮੇਰੇ 'ਤੇ ਕਿਰਪਾ ਕਰੋ ਰਾਜਨ।"
ਰਾਜੇ ਰੂਪ ਨੇ ਕੋਤਵਾਲ ਨੂੰ ਬੁਲਾਇਆ ਤੇ ਕਿਸੇ ਕੈਦੀ ਨੂੰ ਸੁਦਾਗਰ ਦੇ ਹਵਾਲੇ ਕਰਨ ਦਾ ਆਦੇਸ਼ ਦੇ ਦਿੱਤਾ। ਕੋਤਵਾਲ ਨੂੰ ਇਸ ਤੋਂ ਵਧੀਆ ਮੌਕਾ ਹੋਰ ਕੀ ਮਿਲਣਾ ਸੀ ਉਹਨੇ ਬਸੰਤ ਨੂੰ ਜੇਲ੍ਹ ਖ਼ਾਨੇ ਵਿਚੋਂ ਕੱਢ ਕੇ ਸੁਦਾਗਰ ਦੇ ਨਾਲ਼ ਤੋਰ ਦਿੱਤਾ।
ਸੁਦਾਗਰ ਬਸੰਤ ਨੂੰ ਜਹਾਜ਼ 'ਤੇ ਲੈ ਆਇਆ। ਬਸੰਤ ਨੇ ਜਹਾਜ਼ ਦੇ ਇੰਜਣ ਦੇ ਕਲ ਪੁਰਜ਼ਿਆਂ ਨੂੰ ਆਪਣੇ ਹੱਥਾਂ ਨਾਲ਼ ਏਧਰ ਉਧਰ ਘੁਮਾਇਆ ਤੇ ਸੱਜੇ ਹੱਥ ਦੀ ਚੀਚੀ ਨੂੰ ਚੀਰਾ ਦੇ ਕੇ ਖ਼ੂਨ ਦੇ ਕੁਝ ਤੁਬਕੇ ਸਮੁੰਦਰ ਵਿਚ ਤਰੌਂਕ ਦਿੱਤੇ। ਜਹਾਜ਼ ਦੇ ਇੰਜਣ ਨੇ ਘੁਰਰ-ਘੁਰਰ ਕਰਨਾ ਸ਼ੁਰੂ ਕਰ ਦਿੱਤਾ ਤੇ ਹੌਲ਼ੀ-ਹੌਲ਼ੀ ਰਫ਼ਤਾਰ ਫੜ ਲਈ। ਸੁਦਾਗਰ ਬਸੰਤ ਦੀ ਸਿਆਣਪ, ਸੂਝ ਅਤੇ ਸਰੀਰਕ ਦੱਖ 'ਤੇ ਐਨਾ ਪ੍ਰਭਾਵਿਤ ਹੋਇਆ ਕਿ ਉਸ ਨੇ ਉਸ ਨੂੰ ਆਪਣਾ ਧਰਮ ਪੁੱਤਰ ਬਣਾ ਕੇ ਆਪਣੇ ਨਾਲ਼ ਹੀ ਜਹਾਜ਼ 'ਤੇ ਰੱਖ ਲਿਆ। ਬਸੰਤ ਹੁਣ ਸੁਦਾਗਰ ਪੁੱਤਰ ਵਜੋਂ ਜਹਾਜ਼ 'ਤੇ ਵਿਚਰ ਰਿਹਾ ਸੀ ਤੇ ਉਸ ਲਈ ਸਮੁੰਦਰੀ ਸਫ਼ਰ ਦਾ ਆਪਣਾ ਆਨੰਦ ਸੀ।
ਜਹਾਜ਼ ਕਈ ਮਹੀਨੇ ਸਮੁੰਦਰ ਦੇ ਪਾਣੀਆਂ 'ਤੇ ਤੈਰਨ ਮਗਰੋਂ ਕਾਮ ਰੂਪ ਦੇ ਰਾਜ ਵਿਚ ਪੁਜ ਗਿਆ। ਬੰਦਰਗਾਹ 'ਤੇ ਲੰਗਰ ਸੁਟ ਕੇ ਸੁਦਾਗਰ ਨੇ ਸ਼ਹਿਰ ਦੇ ਇਕ ਬਾਗ਼ ਵਿਚ ਜਾ ਡੇਰੇ ਲਾਏ। ਬਸੰਤ ਬਹੁਤ ਹੀ ਖ਼ੂਬਸੂਰਤ ਤੇ ਛੈਲ ਛਬੀਲਾ ਗੱਭਰੂ ਸੀ। ਕਾਮ ਰੂਪ ਦੀਆਂ ਕਈ ਖ਼ੂਬਸੂਰਤ ਮੁਟਿਆਰਾਂ ਨੇ ਉਹਨੂੰ ਮੋਹ-ਭਿੰਨੀਆਂ ਨਿਗਾਹਾਂ ਨਾਲ਼ ਵੇਖਿਆ ਤੇ ਠੰਢੇ ਹੌਕੇ ਭਰੇ। ਇਕ ਦਿਨ ਸੈਰ ਕਰਦੀ ਕਾਮ ਰੂਪ ਦੀ ਸ਼ਹਿਜ਼ਾਦੀ ਚੰਦਰ ਬਦਨ ਆਪਣੀਆਂ ਸਹੇਲੀਆਂ ਨਾਲ਼ ਬਾਗ਼ 'ਚ ਪੁੱਜ ਗਈ। ਉਹਨੇ ਬਾਂਕੇ ਬਸੰਤ ਵੱਲ ਵੇਖਿਆ ਤੇ ਵੇਂਹਦਿਆਂ ਸਾਰ ਹੀ ਆਪਣਾ ਦਿਲ ਉਹਨੂੰ ਦੇ ਬੈਠੀ ਤੇ ਘਰ ਆ ਕੇ ਆਪਣੇ ਮਾਂ-ਬਾਪ ਨੂੰ ਆਖਿਆ, "ਮੈਂ ਤਾਂ ਵਿਆਹ ਹੀ ਸੁਦਾਗਰ ਦੇ ਮੁੰਡੇ ਨਾਲ਼ ਕਰਾਉਣੈ- ਨਹੀਂ ਤਾਂ ਸਾਰੀ ਉਮਰ ਕੁਆਰੀ ਰਹਾਂਗੀ।" ਉਹਦੇ ਮਾਂ ਬਾਪ ਆਪਣੀ ਧੀ ਦੀ ਜ਼ਿੱਦ ਅੱਗੇ ਠਹਿਰ ਨਾ ਸਕੇ ਤੇ ਉਨ੍ਹਾਂ ਨੇ

ਪੰਜਾਬੀ ਲੋਕ ਗਾਥਾਵਾਂ/ 79