ਪੰਨਾ:ਜਿਨ੍ਹਾਂ ਵਣਜ ਦਿਲਾਂ ਦੇ ਕੀਤੇ - ਸੁਖਦੇਵ ਮਾਦਪੁਰੀ.pdf/88

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਰਾਜਾ ਰੂਪ ਦੇ ਹੁਕਮ 'ਤੇ ਬਸੰਤ ਦੇ ਧਰਮ ਮਾਤਾ-ਪਿਤਾ ਘੁਮਾਰ ਤੇ ਘੁਮਾਰੀ ਅਤੇ ਮਾਲੀ-ਪਾਲਣ ਨੂੰ ਢੇਰ ਸਾਰੇ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਉਪਰੰਤ ਬਸੰਤ ਦੇ ਜੀਵਨ ਦਾਤੇ ਜੋਗੀ ਮੰਗਲ ਨਾਥ ਦੀ ਭਾਲ਼ ਕਰਕੇ ਉਸ ਨੂੰ ਵੀ ਰਾਜ ਦਰਬਾਰ ਵਿਚ ਸ਼ਾਹੀ ਸਨਮਾਨ ਨਾਲ਼ ਨਿਵਾਜਿਆ ਗਿਆ। ਕੋਤਵਾਲ, ਚੌਕੀਦਾਰ, ਵੇਸਵਾ ਅਤੇ ਸੁਦਾਗਰ ਨੂੰ ਸਖ਼ਤ ਸਜ਼ਾਵਾਂ ਭੁਗਤਣ ਲਈ ਜੇਲ੍ਹ ਭੇਜ ਦਿੱਤਾ ਗਿਆ।
ਕੁਝ ਸਮਾਂ ਮਿਸਰ 'ਚ ਰਹਿਣ ਮਗਰੋਂ ਰੂਪ ਤੇ ਬਸੰਤ ਆਪਣੇ ਪਿਤਾ ਨੂੰ ਮਿਲਣ ਲਈ ਸੰਗਲਾਦੀਪ ਆਏ। ਖੜਗ ਸੈਨ ਹੁਣ ਬੁੱਢਾ ਹੋ ਚੁੱਕਾ ਸੀ ਤੇ ਚੰਦਰਵਤੀ ਕਈ ਵਰ੍ਹੇ ਪਹਿਲਾਂ ਹੀ ਅੰਤਹਿਕਰਣ ਦੀ ਆਵਾਜ਼ ਸੁਣ ਦੇ ਪਸ਼ਚਾਤਾਪ ਵਿਚ ਮੋਹਰਾ ਚੱਟ ਕੇ ਇਸ ਫ਼ਾਨੀ ਦੁਨੀਆਂ ਨੂੰ ਅਲਵਿਦਾ ਆਖ ਚੁੱਕੀ ਸੀ। ਦੋਹਾਂ ਪੁੱਤਰਾਂ ਨੂੰ ਮਿਲ ਕੇ ਖੜਗ ਸੈਨ ਦੇ ਝੁਰੜਾਏ ਚਿਹਰੇ ਤੇ ਖ਼ੁਸ਼ੀ ਦੀ ਲਹਿਰ ਦੌੜ ਗਈ। ਉਸ ਨੇ ਬਸੰਤ ਨੂੰ ਸੰਗਲਾਦੀਪ ਦਾ ਰਾਜ ਭਾਗ ਸੰਭਾਲ ਦਿੱਤਾ ਤੇ ਆਪ ਬਣ-ਪ੍ਰੱਸਤ ਧਾਰਨ ਕਰ ਲਿਆ। ਕੁਝ ਦਿਨਾਂ ਮਗਰੋਂ ਰੂਪ ਮਿਸਰ ਦੀ ਰਾਜਧਾਨੀ ਨੂੰ ਪਰਤ ਆਇਆ...

.

ਪੰਜਾਬੀ ਲੋਕ ਗਾਥਾਵਾਂ/ 84