ਕੀਮਾ ਮਲਕੀ
ਸ਼ਾਇਦ ਹੀ ਕੋਈ ਅਜਿਹਾ ਪੰਜਾਬੀ ਹੋਵੇਗਾ ਜਿਸ ਨੇ 'ਗੜ੍ਹ ਮੁਗਲਾਣੇ ਦੀਆਂ ਨਾਰਾਂ ਪੀਂਘਾਂ ਝੂਟਦੀਆਂ' ਵਾਲ਼ਾ ਰਿਕਾਰਡ ਸੁਣ ਕੇ ਆਨੰਦ ਨਾ ਮਾਣਿਆਂ ਹੋਵੇ। ਦੋ ਤਿੰਨ ਦਹਾਕੇ ਪਹਿਲਾਂ ਪੰਜਾਬ ਦੇ ਪਿੰਡਾਂ ਵਿਚ ਮੰਗਣੇ-ਵਿਆਹ ਜਾਂ ਕਿਸੇ ਹੋਰ ਖ਼ੁਸ਼ੀ ਦੇ ਅਵਸਰ 'ਤੇ ਕੋਠਿਆਂ ਦੀਆਂ ਛੱਤਾਂ ਉਤੇ ਲਾਊਡ ਸਪੀਕਰ ਲਾ ਕੇ ਰਿਕਾਰਡ ਸੁਣਨ ਦਾ ਆਮ ਰਿਵਾਜ ਸੀ। ਕਈ-ਕਈ ਦਿਨ ਮਸ਼ੀਨੀ ਤਵਿਆਂ ਨੇ ਰੌਣਕਾਂ ਲਾਈ ਰੱਖਣੀਆਂ। ਜਦੋਂ 'ਗੜ੍ਹ ਮੁਗਲਾਣੇ ਦੀਆਂ ਨਾਰਾਂ ਪੀਂਘਾਂ ਝੂਟਦੀਆਂ' ਵਾਲ਼ਾ ਰਿਕਾਰਡ ਵੱਜਣਾ ਤਾਂ ਕੀਮਾ-ਮਲਕੀ ਦੀ ਮੁਹੱਬਤ ਨੇ ਦਿਲਾਂ ਵਿਚ ਅਨੂਠੀਆਂ ਤਰਬਾਂ ਛੇੜ ਦੇਣੀਆਂ ਅਤੇ ਵਫ਼ਾ ਦੀ ਸਾਖ਼ਸ਼ਾਤ ਮੂਰਤ ਸਿਦਕਵਾਨ ਮਲਕੀ ਦੇ ਹੁਸ਼ਨਾਕ ਚਿਹਰੇ ਨੇ ਮਨਾਂ ਦੀਆਂ ਅੱਖਾਂ ਅੱਗੇ ਆ ਸਾਕਾਰ ਰੂਪ ਧਾਰਨਾ।
ਮਲਕੀ ਸਿੰਧ ਦੇ ਇਲਾਕੇ ਦੇ ਪਿੰਡ ਗੜ੍ਹ ਮੁਗਲਾਣੇ ਦੇ ਖਾਂਦੇ-ਪੀਂਦੇ ਵੜੈਚ ਜੱਟ ਰਾਏ ਮੁਬਾਰਕ ਅਲੀ ਦੀ ਲਾਡਲੀ ਧੀ ਸੀ। ਉਸ ਦਾ ਬਾਪ ਪਿੰਡ ਦਾ ਚੌਧਰੀ ਤੇ ਨੰਬਰਦਾਰ ਸੀ ਅਤੇ ਉਹਦਾ ਚਾਚਾ ਦਰੀਆ ਅਕਬਰ ਬਾਦਸ਼ਾਹ ਦੇ ਰਾਜ ਦਰਬਾਰ ਵਿਚ ਸੂਬੇਦਾਰ ਸੀ। ਰਾਏ ਮੁਬਾਰਕ ਦੇ ਦੋ ਗੇਲੀਆਂ ਵਰਗੇ ਪੁੱਤਰ ਸਨ ਅਖਤੁ ਤੇ ਬਖਤੂ। ਸਰਕਾਰੇ ਦਰਬਾਰੇ ਚੌਧਰੀ ਦੀ ਚੰਗੀ ਪੁੱਛ ਪ੍ਰਤੀਤ ਹੋਣ ਕਰਕੇ ਉਨ੍ਹਾਂ ਦਾ ਇਲਾਕੇ ਵਿਚ ਚੰਗਾ ਦਬਦਬਾ ਸੀ। ਘਰ ਵਿਚ ਕਿਸੇ ਕਿਸਮ ਦੀ ਤੋਟ ਨਹੀਂ ਸੀ। ਚਾਰੇ ਬੰਨੇ ਸੱਤੇ ਖੈਰਾਂ ਸਨ। ਦੋਵੇਂ ਪੁੱਤਰ ਵਿਆਹੇ ਹੋਏ ਸਨ- ਮਲਕੀ ਦੀ ਮਾਂ ਜਮਾਲੋ ਪਰਿਵਾਰਕ ਸੁੱਖ ਭੋਗ ਰਹੀ ਸੀ। ਉਸ ਨੂੰ ਕੇਵਲ ਇਕ ਗੱਲ ਦੀ ਚਿੰਤਾ ਸੀ- ਕੌੜੀ ਵੇਲ ਵਾਂਗ ਵੱਧ ਰਹੀ ਮਲਕੀ ਲਈ ਵਰ ਲੱਭਣ ਦੀ... ਮਲਕੀ 'ਤੇ ਆਏ ਦਿਨ ਲੋਹੜੇ ਦਾ ਰੂਪ ਚੜ੍ਹ ਰਿਹਾ ਸੀ ਤੇ ਉਸ ਦੇ ਹੁਸਨ ਦੀ ਚਰਚਾ ਸੱਥਾਂ ਵਿਚ ਹੋ ਰਹੀ ਸੀ।
ਜਮਾਲੋ ਮਲਕੀ ਦੇ ਹੁਸਨ ਨੂੰ ਵੇਖ-ਵੇਖ ਆਪਣੇ ਆਪ 'ਤੇ ਮਾਣ ਮਹਿਸੂਸ ਕਰ ਰਹੀ ਸੀ, ਜਿਸ ਨੇ ਅਜਿਹੀ ਖ਼ੂਬਸੂਰਤ ਧੀ ਨੂੰ ਜਨਮ ਦਿੱਤਾ ਸੀ ਪਰੰਤੁ ਏਹੀ ਹੁਸਨ ਜਮਾਲੋ ਲਈ ਚਿੰਤਾ ਦਾ ਖੌ ਬਣਿਆ ਹੋਇਆ ਸੀ... ਇਕ ਉਹਦਾ ਬਾਪ ਸੀ, ਜਿਹੜਾ ਸਭ ਕਾਸੇ ਤੋਂ ਬੇਨਿਆਜ਼ ਹੋ ਕੇ ਬੇਫ਼ਿਕਰ ਜ਼ਿੰਦਗੀ
ਪੰਜਾਬੀ ਲੋਕ ਗਾਥਾਵਾਂ/ 85