ਪੰਨਾ:ਜਿਨ੍ਹਾਂ ਵਣਜ ਦਿਲਾਂ ਦੇ ਕੀਤੇ - ਸੁਖਦੇਵ ਮਾਦਪੁਰੀ.pdf/91

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗੱਲਬਾਤ ਸੁਣਨ ਦਾ ਯਤਨ ਕਰ ਰਹੀ ਸੀ... ਮਲਕੀ ਕਿਧਰੇ ਵੀ ਨਜ਼ਰ ਨਹੀਂ ਸੀ ਆ ਰਹੀ... ਘਰ 'ਚ ਆਪਣੀਆਂ ਭਾਬੀਆਂ ਵਿਚਕਾਰ ਬੈਠੀ ਆਪਣੇ ਭਵਿੱਖ ਦੇ ਹਮਸਫ਼ਰ ਦੀ ਨੁਹਾਰ ਚਿਤਵ ਰਹੀ ਸੀ। ਉਹਨੂੰ ਇਸ ਗੱਲ ਦੀ ਭਿਣਕ ਪੈ ਗਈ ਸੀ ਕਿ ਉਹਦਾ ਚਾਚਾ ਦਰੀਆ ਉਹਦੇ ਰਿਸ਼ਤੇ ਬਾਰੇ ਗੱਲ ਕਰਨ ਆਇਆ ਹੈ।
ਅੰਨ ਪਾਣੀ ਛਕਣ ਛਕਾਉਣ ਮਗਰੋਂ ਜਨਾਨੀਆਂ ਆਪਣੇ ਕਮਰਿਆਂ 'ਚ ਚਲੀਆਂ ਗਈਆਂ। ਦਰੀਆ ਤੇ ਮੁਬਾਰਕ ਮੰਜਿਆਂ 'ਤੇ ਲੰਮੇ ਪੈ ਗਏ। ਦਰੀਆ ਆਪਣੇ ਦਿਲ ਦੀ ਗੱਲ ਕਰਨ ਲਈ ਉਤਾਵਲਾ ਸੀ... ਆਖਰ ਉਹਨੇ ਗੱਲ ਤੋਰੀ, "ਬੜੇ ਭਾਈ ਜਾਗਦੈਂ? ਗੱਲ ਮੂੰਹੋਂ ਕੱਢਣੀ ਬੜੀ ਔਖੀ ਐ...। ਚੰਗੇ ਰਿਸ਼ਤੇਦਾਰ ਲਭਣੇ ਕਿਹੜਾ ਖਾਲਾ ਜੀ ਦਾ ਬਾੜਾ ਨੇ... ਚੰਗੇ ਪਰਿਵਾਰ ਨਾਲ਼ ਹੱਥ ਜੁੜ ਜਾਣ ਤਾਂ ਧੀ ਵੀ ਸੁਖਾਲੀ ਤੇ ਮਾਪੇ ਵੀ ਸੁਖਾਲੇ ...। ਬੜੇ ਭਾਈ ਜੇ ਮੇਰੀ ਗੱਲ ਮੰਨੇਂ ਆਪਾਂ ਆਪਣੀ ਮਲਕੀ ਦਾ ਰਿਸ਼ਤਾ ਬਾਦਸ਼ਾਹ ਅਕਬਰ ਨਾਲ਼ ਕਰ ਦਿੰਨੇ ਆਂ, ਉਹ ਮੇਰੇ ਤੋਂ ਬਾਹਰ ਨੀ...। ਐਡੇ ਵੱਡੇ ਸਾਕ ਨਾਲ਼ ਸਿਰ ਜੋੜਨ ਨਾਲ਼ ਸਾਡੇ ਖ਼ਾਨਦਾਨ ਨੂੰ ਬਹੁਤ ਫਾਇਦੈ, ਨਾਲ਼ੇ ਮਲਕੀ ਰਾਜ ਕਰੂਗੀ, ਗੋਲੀਆਂ 'ਤੇ ਹੁਕਮ ਚਲਾਊਗੀ ਨਾਲ਼ੇ ਆਪਾਂ ਸਰਦਾਰੀਆਂ ਭੋਗਾਂਗੇ।"
ਰਾਏ ਮੁਬਾਰਕ ਦੇ ਚਿੱਤ ਚੇਤੇ ਵੀ ਨਹੀਂ ਸੀ ਕਿ ਦਰੀਆ ਐਡੀ ਵੱਡੀ ਗੱਲ ਆਖ ਦੇਵੇਗਾ... ਉਹ ਇਕਦਮ ਅੱਗ ਦੇ ਭੰਬੂਕੇ ਵਾਂਗ ਉੱਠ ਕੇ ਬੈਠ ਗਿਆ ਤੇ ਆਪਣੇ-ਆਪ ਨੂੰ ਮਸੀਂ ਕਾਬੂ ਕਰਦਿਆਂ ਬੋਲਿਆ, "ਛੋਟੇ ਵੀਰ ਨੂੰ ਇਹ ਗੱਲ ਕਿਵੇਂ ਸੋਚ ਲਈ? ਮੈਂ ਆਪਣੀ ਮਲੂਕ ਜਹੀ ਧੀ, ਗੁੱਡੀਆਂ-ਪਟੋਲਿਆਂ ਨਾਲ਼ ਖੇਡਣ ਵਾਲ਼ੀ ਨੂੰ ਬੁੱਢੇ ਖੋਸੜ ਅਕਬਰ ਦੇ ਲੜ ਕਿਵੇਂ ਲਾ ਦਿਆਂ... ਇਹਦੇ ਨਾਲੋਂ ਤਾਂ ਉਹਨੂੰ ਕਿਸੇ ਖੂਹ-ਖਾਤੇ 'ਚ ਧੱਕਾ ਦੇਣਾ ਬਿਹਤਰ ਐ... ਲੱਖ ਲਾਹਨਤ ਐ ਤੇਰੀ ਕਮੀਨੀ ਸੋਚ 'ਤੇ... ਤੂੰ ਐਨਾ ਨਿੱਘਰ ਜਾਵੇਂਗਾ ਮੈਂ ਤਾਂ ਸੋਚ ਵੀ ਨਹੀਂ ਸੀ ਸਕਦਾ... ਐਡਾ ਸੁਆਰਥੀ। ਜਿਹੜਾ ਆਪਣੀ ਭਤੀਜੀ ਦੀ ਬਲੀ ਦੇ ਕੇ ਸਰਦਾਰੀਆਂ ਭਾਲਦੈ... ਦੁਰ-ਫਿਟੇ ਮੂੰਹ ਤੇਰੇ ... ਮੈਂ ਤਾਂ ਐਦਾਂ ਦੀ ਨਵਾਬੀ 'ਤੇ ਧਾਰ ਨੀ ਮਾਰਦਾ।"
ਦਰੀਆ ਮੁਬਾਰਕ ਦੇ ਕੱਬੇ ਸੁਭਾਅ ਤੋਂ ਵਾਕਿਫ਼ ਸੀ। ਉਹਨੇ ਚੁੱਪ ਰਹਿਣਾ ਹੀ ਠੀਕ ਸਮਝਿਆ... ਦੋਨੋਂ ਸਾਰੀ ਰਾਤ ਆਪਣੀਆਂ-ਆਪਣੀਆਂ ਮੰਜੀਆਂ 'ਤੇ ਪਏ ਉਸਲਵੱਟੇ ਭੰਨਦੇ ਰਹੇ।
ਦਰੀਏ ਦੇ ਸਾਰੇ ਮਨਸੂਬੇ ਧਰੇ ਧਰਾਏ ਰਹਿ ਗਏ। ਉਹਨੂੰ ਇਸ ਗੱਲ ਦਾ ਰੋਸ ਸੀ ਕਿ ਉਹਦੇ ਵੱਡੇ ਭਰਾ ਨੇ ਉਸ ਦੀ ਗੱਲ ਨਹੀਂ ਸੀ ਮੰਨੀ। ਬਦਲੇ ਦੀ ਭਾਵਨਾ ਉਹਦੇ ਮਨ ਅੰਦਰ ਪ੍ਰਵੇਸ਼ ਕਰ ਚੁੱਕੀ ਸੀ। ਉਹਨੂੰ ਰਾਜ ਦਰਬਾਰ ਦਾ

ਪੰਜਾਬੀ ਲੋਕ ਗਾਥਾਵਾਂ/ 87