ਪੰਨਾ:ਜਿਨ੍ਹਾਂ ਵਣਜ ਦਿਲਾਂ ਦੇ ਕੀਤੇ - ਸੁਖਦੇਵ ਮਾਦਪੁਰੀ.pdf/93

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪੁੱਜ ਗਿਆ। ਉਹਦਾ ਸ਼ਗਨਾਂ ਨਾਲ਼ ਸਵਾਗਤ ਕੀਤਾ ਗਿਆ।
ਕੀਮੇ ਨੂੰ ਕੀ ਪਤਾ ਸੀ ਕਿ ਹੋਣੀ ਉਹਦੇ ਲਈ ਖ਼ੁਸ਼ੀਆਂ ਦੀ ਥਾਂ ਗ਼ਮੀਆਂ ਲਈ ਖੜੋਤੀ ਹੈ। ਰਾਏ ਮੁਬਾਰਕ ਨੇ ਛੋਟੇ ਭਰਾ ਦਰੀਏ ਨੂੰ ਰਿਸ਼ਤੇਦਾਰਾਂ ਦੇ ਕਹਿਣ 'ਤੇ ਮਲਕੀ ਦੇ ਮੁਕਲਾਵੇ ਦੇ ਸਮਾਗਮ 'ਚ ਸ਼ਾਮਲ ਹੋਣ ਲਈ ਸੱਦਾ ਭੇਜ ਦਿੱਤਾ। ਉਹ ਇਹ ਨਹੀਂ ਸੀ ਜਾਣਦਾ ਕਿ ਦਰੀਆ ਅੱਗ ਦੀ ਨਾਲ਼ ਬਣਿਆਂ ਅਜੇ ਠੰਢਾ ਨਹੀਂ ਸੀ ਹੋਇਆ...। ਉਹਨੇ ਤਾਂ ਸਗੋਂ ਵੈਰੀ ਦਾ ਰੂਪ ਧਾਰ ਲਿਆ ਸੀ। ਦਰੀਆ ਸ਼ਾਹੀ ਸਿਪਾਹੀਆਂ ਦੀ ਧਾੜ ਲੈ ਕੇ ਗੜ੍ਹ ਮੁਗਲਾਣੇ ਪੁੱਜ ਗਿਆ।
ਸਰਕਾਰੀ ਦਹਿਸ਼ਤਗਰਦੀ ਦੀ ਹੱਦ ਸੀ ਇਹ! ਦਰੀਏ ਨੇ ਕੁਮਕ ਲੈ ਕੇ ਇਸ ਤਰ੍ਹਾਂ ਚੜ੍ਹਾਈ ਕੀਤੀ ਸੀ, ਜਿਵੇਂ ਕਿਸੇ ਸ਼ਾਹੀ ਬਾਗੀ ਨੂੰ ਗ੍ਰਿਫ਼ਤਾਰ ਕਰਨ ਜਾਣਾ ਹੋਵੇ। ਇਸ ਤੋਂ ਵੱਧ ਕੇ ਕਮੀਨਗੀ ਕੀ ਹੋ ਸਕਦੀ ਸੀ। ਦਰੀਏ ਨੇ ਆਪਣੇ ਮੰਤਵ ਦੀ ਪੂਰਤੀ ਲਈ ਸਰਕਾਰੀ ਦਬਾਅ ਦਾ ਇਹ ਇਕ ਹੋਰ ਹੱਥਕੰਡਾ ਵਰਤਿਆ ਸੀ...। ਸ਼ਾਇਦ ਡਰ ਦੇ ਮਾਰੇ ਮੁਬਾਰਕ ਹੋਰੀਂ ਮਲਕੀ ਨੂੰ ਬਾਦਸ਼ਾਹ ਦੇ ਹਰਮ ਵਿਚ ਭੇਜਣ ਲਈ ਰਾਜ਼ੀ ਹੋ ਜਾਣ। ਦਰੀਆ ਭਰਾ ਦੇ ਰਿਸ਼ਤੇ ਨੂੰ ਭੁੱਲ ਕੇ ਨਵਾਬੀ ਦਾ ਰੋਅਬ ਛਾਂਟ ਰਿਹਾ ਸੀ।
ਦਰੀਏ ਦਾ ਇਹ ਹੱਥਕੰਡਾ ਵੀ ਕਾਰਗਰ ਸਾਬਤ ਨਾ ਹੋਇਆ। ਰਾਏ ਮੁਬਾਰਕ ਆਪਣੀ ਅੜੀ 'ਤੇ ਅੜਿਆ ਹੋਇਆ ਸੀ...। ਉਸ ਨੂੰ ਆਪਣੀ ਇੱਜ਼ਤ ਪਿਆਰੀ ਸੀ। ਆਪਣੇ ਪਰਿਵਾਰ ਦੀ ਮਾਣ ਮਰਿਯਾਦਾ ਲਈ ਉਹ ਅਜਿਹੀਆਂ ਸੈਂਕੜੇ ਮੌਤਾਂ ਮਰਨ ਲਈ ਤਿਆਰ ਸੀ। ਉਹਨੇ ਦਰੀਏ ਨੂੰ ਲਲਕਾਰ ਕੇ ਆਖਿਆ, "ਕਮੀਨਿਆਂ ਮਲਕੀ ਦਾ ਕੀਮੇ ਨਾਲ਼ ਨਿਕਾਹ ਹੋ ਚੁੱਕੈ। ਉਹ ਹੁਣ ਉਹਦੀ ਐ... ਉਹਦੇ ਘਰ ਹੀ ਵੱਸੇਗੀ... ਇਹਦੇ ਤੋਂ ਮੈਂ ਸੈਆਂ ਬਦਾਬਾਹਾਂ ਨੂੰ ਵਾਰ ਸਕਦਾਂ....।"
ਦਰੀਏ ਦੇ ਪੈਰਾਂ ਥੱਲੇ ਜਿਵੇਂ ਅੰਗਿਆਰ ਦਗ ਰਹੇ ਸਨ। ਉਹ ਗੇੜੇ 'ਤੇ ਗੇੜਾ ਕੱਢ ਰਿਹਾ ਸੀ...। ਉਸ ਦੀ ਆਤਮਾ ਉਸ ਨੂੰ ਲਾਹਨਤਾਂ ਵੀ ਪਾ ਰਹੀ ਸੀ, ਪਰੰਤੂ ਜਦੋਂ ਬੰਦਾ ਆਪਣੇ-ਆਪ ਤੋਂ ਡਿੱਗ ਪਵੇ ਉਹ ਆਪਣੇ ਪਰਾਏ ਦੀ ਪਛਾਣ ਭੁੱਲ ਜਾਂਦੈ...। ਆਪਣੀ ਧੀਆਂ ਵਰਗੀ ਭਤੀਜੀ 'ਤੇ ਜ਼ੁਲਮ ਕਰਦਿਆਂ ਉਸ ਨੂੰ ਭੋਰਾ ਵੀ ਸ਼ਰਮ ਨਹੀਂ ਸੀ ਮਹਿਸੂਸ ਹੋ ਰਹੀ ਨਾ ਹੀ ਕਿਸੇ ਕਿਸਮ ਦਾ ਅਫ਼ਸੋਸ ਹੋ ਰਿਹਾ ਸੀ...। ਸਰਕਾਰੀ ਅਫ਼ਸਰਸ਼ਾਹੀ ਤੇ ਰਾਜ ਦਰਬਾਰ ਦੇ ਰੋਅਬ ਨੇ ਉਹਦਾ ਸਿਰ ਫੇਰ ਦਿੱਤਾ ਸੀ..। ਸਿਪਾਹੀਆਂ ਨੇ ਸਭ ਨੂੰ ਕਾਬੂ ਕਰ ਲਿਆ।
ਰਾਏ ਮੁਬਾਰਕ, ਉਹਦੇ ਦੋਹਾਂ ਪੁੱਤਰਾਂ ਅਤੇ ਕੀਮੇ ਦੀਆਂ ਮੁਸ਼ਕਾਂ ਬੰਨ ਕੇ ਦਰੀਆ ਕਾਫ਼ਲੇ ਦੇ ਰੂਪ ਵਿਚ ਦਿੱਲੀ ਨੂੰ ਰਵਾਨਾ ਹੋ ਗਿਆ। 'ਕੱਲੇ 'ਕੱਲੇ ਕੈਦੀ ਦੀ ਕਈ ਕਈ ਸਿਪਾਹੀ ਨਿਗਰਾਨੀ ਕਰ ਰਹੇ ਸਨ। ਉਨ੍ਹਾਂ ਦਿਨਾਂ ਵਿਚ ਪੈਦਲ ਹੀ ਸਫ਼ਰ ਤੈਅ ਕਰਨਾ ਪੈਂਦਾ ਸੀ। ਅਫ਼ਸਰਸ਼ਾਹੀ ਘੋੜਿਆਂ ਊਠਾਂ 'ਤੇ

ਪੰਜਾਬੀ ਲੋਕ ਗਾਥਾਵਾਂ/ 89