ਪੰਨਾ:ਜਿਨ੍ਹਾਂ ਵਣਜ ਦਿਲਾਂ ਦੇ ਕੀਤੇ - ਸੁਖਦੇਵ ਮਾਦਪੁਰੀ.pdf/94

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਸਫ਼ਰ ਕਰਦੀ ਸੀ... ਬੜਾ ਲੰਬਾ ਤੇ ਬਿਖੜਾ ਪੈਂਡਾ ਸੀ ਇਹ ਜ਼ੋਖਮ ਭਰਿਆ..
ਮਲਕੀ ਲਈ ਤਾਂ ਜਾਣੀਦਾ ਸਾਰਾ ਸੰਸਾਰ ਹੀ ਸੁੰਨਾ ਹੋ ਗਿਆ ਸੀ... ਉਹਦਾ ਸਭੋ ਕੁਝ ਉੱਜੜ ਚੁੱਕਾ ਸੀ... ਸਿਰ ਦਾ ਸਾਈਂ ਕੀਮਾ, ਬਾਪ ਤੇ ਭਰਾ ਕੈਦੀ ਬਣਾ ਕੇ ਦਿੱਲੀ ਨੂੰ ਲਿਜਾਏ ਜਾ ਰਹੇ ਸਨ। ਉਹਦੀਆਂ ਅੱਖਾਂ ਅੱਗੇ ਹਨ੍ਹੇਰਾ ਛਾ ਗਿਆ। ਉਸ ਨੂੰ ਕੁਝ ਵੀ ਅਹੁੜ ਨਹੀਂ ਸੀ ਰਿਹਾ। ਕਰੇ ਤਾਂ ਕੀ ਕਰੇ। ਕਿਹੜੀ ਬਣਤ ਬਣਾਵੇ, ਜਿਸ ਨਾਲ਼ ਸਾਰੇ ਜਣੇ ਛੁੱਟ ਜਾਣ।
ਜਦੋਂ ਚਾਰੇ ਬੰਨੇ ਦੁੱਖਾਂ ਦਾ ਪਹਾੜ ਟੁੱਟਿਆ ਹੋਵੇ ਤਾਂ ਕਈ ਵਾਰ ਮਨੁੱਖ ਦੀਆਂ ਅੰਦਰੂਨੀ ਸ਼ਕਤੀਆਂ ਉਸ ਦਾ ਸਾਥ ਦੇਂਦੀਆਂ ਹਨ, ਆਤਮ ਵਿਸ਼ਵਾਸ ਅਜਿਹੀ ਸ਼ਕਤੀ ਹੈ ਜੋ ਮਨੁੱਖ ਨੂੰ ਕਦੀ ਡੋਲਣ ਨਹੀਂ ਦੇਂਦੀ।
ਮਲਕੀ ਜਿੰਨੀ ਸਰੀਰਕ ਤੌਰ 'ਤੇ ਨਰੋਈ ਸੀ ਉਤਨੀ ਹੀ ਉਹ ਅੰਦਰੋਂ ਮਜ਼ਬੂਤ ਸੀ, ਇਰਾਦੇ ਦੀ ਪੱਕੀ। ਉਹਨੇ ਆਪਣੇ ਮਨ ਨਾਲ਼ ਫ਼ੈਸਲਾ ਕਰ ਲਿਆ ਕਿ ਉਹ ਰਾਜੇ ਦੇ ਦਰਬਾਰ ਵਿਚ ਜਾ ਕੇ ਫਰਿਆਦ ਕਰੇਗੀ...।
ਮਲਕੀ ਨੇ ਗੇਰੂਏ ਬਸਤਰ ਪਹਿਨ ਕੇ ਸਾਧਣੀ ਦਾ ਰੂਪ ਧਾਰ ਲਿਆ। ਮੂੰਹ 'ਤੇ ਭਬੂਤੀ ਮਲ ਲਈ। ਗਲ਼ ਵਿਚ ਮਾਲ਼ਾ, ਮੋਢੇ ਤੇ ਬਗਲ਼ੀ ਤੇ ਹੱਥ ਵਿਚ ਕਾਸਾ ਫੜ ਕੇ ਉਹ ਦਿੱਲੀ ਨੂੰ ਤੁਰ ਪਈ... ਜਿਧਰ ਜਿਧਰ ਦਰੀਏ ਦਾ ਕਾਫ਼ਲਾ ਜਾ ਰਿਹਾ ਸੀ, ਓਧਰ ਓਧਰ ਉਨ੍ਹਾਂ ਦੀ ਪੈੜ ਦੱਬਦੀ ਉਹ ਉਨ੍ਹਾਂ ਦੇ ਪਿੱਛੇ ਤੁਰੀ ਜਾ ਰਹੀ ਸੀ...। ਸੈਂਕੜੇ ਕੋਹਾਂ ਦਾ ਲੰਬਾ ਤੇ ਬਿਖੜਾ ਪੈਂਡਾ... ਬੇਗਾਨੇ ਲੋਕ, ਬੇਗਾਨੀ ਧਰਤੀ... ਪੈਰਾਂ ਵਿਚ ਬਿਆਈਆਂ ਫਟ ਗਈਆਂ... ਮਲੂਕੜੇ ਪੈਰਾਂ ਵਿਚੋਂ ਲਹੂ ਸਿੰਮ ਰਿਹਾ ਸੀ, ਪਰੰਤੂ ਉਸ ਦੇ ਆਤਮ ਵਿਸ਼ਵਾਸ ਨੇ ਉਹਨੂੰ ਥਿੜਕਣ ਨਹੀਂ ਸੀ ਦਿੱਤਾ। ਰਾਹ ਦੀਆਂ ਦੁਸ਼ਵਾਰੀਆਂ ਨੂੰ ਉਹ ਖਿੜੇ ਮੱਥੇ ਸਰ ਕਰ ਰਹੀ ਸੀ...। ਉਹਦਾ ਨੂਰਾਨੀ ਚਿਹਰਾ ਦਗ਼-ਦਗ਼ ਪਿਆ ਕਰਦਾ ਸੀ।
ਵਾਟਾਂ ਕੱਛਦਾ ਦਰੀਏ ਦਾ ਕਾਫ਼ਲਾ ਕੁਰੂਕਸ਼ੇਤਰ ਦੀ ਧਰਤੀ 'ਤੇ ਥਾਨੇਸਰ ਦੇ ਪੜਾਅ 'ਤੇ ਜਾ ਪੁੱਜਾ...। ਮਲਕੀ ਵੀ ਮਗਰੇ ਪਹੁੰਚ ਗਈ। ਉਹਨੇ ਭਿੱਛਿਆ ਮੰਗਣ ਲਈ ਇਕ ਮਹਿਲ ਅੱਗੇ ਜਾ ਅਲਖ ਜਗਾਈ। ਦੇਵਨੇਤ ਨਾਲ਼ ਇਹ ਮਹਿਲ ਅਕਬਰ ਦੀ ਰਾਜਪੂਤ ਰਾਣੀ ਦੀ ਧੀ ਜਮਨਾ ਦਾ ਸੀ। ਭਿੱਛਿਆ ਪਾਉਣ ਆਈ ਜਮਨਾ ਦੀ ਗੋਲੀ ਪਾਸੋਂ ਭਰ ਜੋਬਨ ਮੁਟਿਆਰ ਜੋਗਣ ਦੀ ਤਰਸਯੋਗ ਹਾਲਤ ਝੱਲੀ ਨਾ ਗਈ। ਉਹ ਮਲਕੀ ਨੂੰ ਆਪਣੀ ਰਾਣੀ ਜਮਨਾ ਦੇ ਕੋਲ਼ ਲੈ ਗਈ। ਮਲਕੀ ਦੀ ਸੂਰਤ ਵੇਖ ਕੇ ਜਮਨਾ ਦੇ ਮਨ ਵਿਚ ਸੁੱਤੀ ਵੇਦਨਾ ਜਾਗ ਪਈ। ਉਹਨੂੰ ਇੰਜ ਜਾਪਿਆ ਜਿਵੇਂ ਉਹ ਉਹਦੀ ਨਿੱਕੀ ਭੈਣ ਹੋਵੇ- ਦੁੱਖਾਂ ਨਾਲ਼ ਭੰਨੀ ਹੋਈ...। ਤਰਸ ਭਰੀਆਂ ਨਜ਼ਰਾਂ ਨਾਲ਼ ਨਿਹਾਦਰੀ ਹੋਈ ਜਮਨਾ ਨੇ ਉਹਨੂੰ ਆਪਣੀ ਵੇਦਨਾ ਸੁਣਾਉਣ ਲਈ ਆਖਿਆ। ਮਲਕੀ ਨੇ ਬਿਨਾਂ ਕਿਸੇ

ਪੰਜਾਬੀ ਲੋਕ ਗਾਥਾਵਾਂ/ 90