ਪੰਨਾ:ਜਿਨ੍ਹਾਂ ਵਣਜ ਦਿਲਾਂ ਦੇ ਕੀਤੇ - ਸੁਖਦੇਵ ਮਾਦਪੁਰੀ.pdf/98

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੀਰ ਰਾਂਝਾ

ਪੰਦਰਵੀਂ-ਸੋਲ੍ਹਵੀਂ ਸਦੀ ਵਿਚ ਪਾਕਿਸਤਾਨ ਸਥਿਤ ਝੰਗ ਦੇ ਇਲਾਕੇ ਵਿਚ ਵਾਪਰੀ 'ਹੀਰ ਰਾਂਝੇ' ਦੀ ਲੋਕ ਗਾਥਾ ਨੇ ਪੰਜਾਬੀਆਂ ਦੇ ਦਿਲਾਂ 'ਤੇ ਇਕ ਅਮਿੱਟ ਛਾਪ ਲਾ ਦਿੱਤੀ ਹੈ। ਪੰਜਾਬ ਦੇ ਕਣ-ਕਣ ਵਿਚ ਇਹ ਪ੍ਰੀਤ ਕਹਾਣੀ ਰਮੀ ਹੋਈ ਹੈ ਜਿਸ ਨੂੰ ਅੱਜ ਵੀ ਪੰਜਾਬ ਦਾ ਲੋਕ ਮਾਨਸ ਬੜੀਆਂ ਲਟਕਾਂ ਨਾਲ਼ ਗਾ ਕੇ ਅਗੰਮੀ ਖ਼ੁਸ਼ੀ ਪ੍ਰਾਪਤ ਕਰਦਾ ਹੈ।
ਧੀਦੋ ਅਜੇ ਨਿੱਕਾ ਹੀ ਸੀ ਜਦੋਂ ਉਹਦੀ ਮਾਂ ਮਰ ਗਈ। ਉਹਦਾ ਬਾਪ ਮੌਜੂ ਤਖ਼ਤ ਹਜ਼ਾਰੇ ਦਾ ਚੌਧਰੀ ਸੀ। ਚੰਗਾ ਖਾਂਦਾ ਪੀਂਦਾ ਘਰ ਸੀ। ਸਾਰੇ ਇਲਾਕੇ ਵਿਚ ਮੌਜੂ ਚੌਧਰੀ ਦੀ ਇੱਜ਼ਤ ਬਣੀ ਹੋਈ ਸੀ। ਜਾਤ ਦਾ ਮੁਸਲਮਾਨ ਸੀ ਤੇ ਰਾਂਝਾ ਉਨ੍ਹਾਂ ਦਾ ਗੋਤ ਸੀ। ਉਹਦੇ ਘਰ ਅੱਠ ਪੁੱਤਰ ਹੋਏ, ਧੀਦੋ ਉਹਦਾ ਸਭ ਤੋਂ ਛੋਟਾ ਅਤੇ ਪਿਆਰਾ ਪੁੱਤਰ ਸੀ। ਮੌਜੂ ਨੇ ਮਾਂ ਮਹਿਟਰ ਧੀਦੋ ਨੂੰ ਬੜਿਆਂ ਲਾਡਾਂ ਮਲ੍ਹਾਰਾਂ ਨਾਲ਼ ਪਾਲਿਆ। ਧੀਦੋ ਮਸਾਂ ਸੋਲ੍ਹਾਂ-ਸਤਾਰਾਂ ਵਰ੍ਹਿਆਂ ਦਾ ਹੋਇਆ ਸੀ ਕਿ ਮੌਜੂ ਦੀ ਮੌਤ ਹੋ ਗਈ। ਮਗਰੋਂ ਉਹਦੇ ਭਰਾਵਾਂ ਨੇ ਭੌਂ-ਵੰਡ ਲਈ, ਚੰਗੀ ਚੰਗੀ ਆਪ ਰੱਖ ਲਈ ਅਤੇ ਕੱਲਰ ਤੇ ਮਾਰੂ ਜ਼ਮੀਨ ਧੀਦੋ ਦੇ ਹਿੱਸੇ ਪਾ ਦਿੱਤੀ। ਲਾਡਲਾ ਅਤੇ ਛੈਲ ਛਬੀਲਾ ਧੀਦੋ ਭਲਾ ਕੰਮ ਕਿੱਥੋਂ ਕਰਦਾ। ਉਹ ਆਪਣੇ ਪੱਟਾਂ ਨੂੰ ਲਸ਼ਕਾਈ, ਬੋਦੇ ਵਾਹੀ, ਹੱਥ ਵਿਚ ਵੰਝਲੀ ਲਈ ਸਾਰਾ ਸਾਰਾ ਦਿਨ ਪਿੰਡ ਦੀਆਂ ਗਲ਼ੀਆਂ ਵਿਚ ਫਿਰ ਤੁਰ ਛੱਡਦਾ ਜਾਂ ਸੋਹਣੀਆਂ ਤ੍ਰੀਮਤਾਂ ਨਾਲ਼ ਜਕੜਾਂ ਮਾਰ ਲੈਂਦਾ। ਜਦੋਂ ਉਹ ਘਰ ਆ ਕੇ ਰੋਟੀ ਖਾਣ ਲੱਗਦਾ ਤਾਂ ਉਹਦੀਆਂ ਭਾਬੀਆਂ ਉਹਨੂੰ ਕੰਮ ਨਾ ਕਰਨ ਕਾਰਨ ਵੱਢਣ ਖਾਣ ਨੂੰ ਪੈਂਦੀਆਂ। ਇਕ ਦਿਨ ਉਹਦੇ ਤੋਂ ਸਤੀ ਹੋਈ ਭਾਬੀ ਨੇ ਮਿਹਣਾ ਮਾਰਿਆ, "ਵੇ ਕਿਧਰੋਂ ਆ ਗਿਐਂ ਰੋਟੀਆਂ ਦੇ ਨੁਕਸ ਪਰਖਣ ਵਾਲਾ। ਸਾਥੋਂ ਨੀ ਨਿੱਤ ਤੇਰੇ ਨਹੋਰੇ ਝੱਲੇ ਜਾਂਦੇ। ਹਰ ਗੱਲ ਨੂੰ ਨੱਕ ਬੁੱਲ੍ਹ ਮਾਰਦਾ ਰਹਿੰਨੈ। ਕੱਖ ਭੰਨ ਕੇ ਦੂਹਰਾ ਨੀ ਕਰਦਾ ਉਤੋਂ ਆ ਜਾਂਦੈ ਧੌਂਸ ਦਖਾਉਣ। ਵੇ ਵੇਖ ਲਵਾਂਗੇ ਵੱਡੇ ਨਾਢੂ ਖਾਨ ਨੂੰ ਜਦੋਂ ਸਿਆਲਾਂ ਦੀ ਹੀਰ ਪਰਨਾ ਲਿਆਵੇਂਗਾ।"
ਭਾਬੀ ਦੀ ਇਸ ਬੋਲੀ ਨਾਲ਼ ਧੀਦੋ ਤੜਪ ਉੱਠਿਆ। ਰੋਟੀ ਉਸ ਪਰ੍ਹੇ ਵਗਾਹ ਮਾਰੀ। ਸਤਾਰਾਂ ਅਠਾਰਾਂ ਵਰ੍ਹੇ ਦੇ ਲਡਿਕੇ ਧੀਦੋ ਦੀ ਅਣਖ ਜਾਗ ਪਈ। ਉਹਨੇ ਅੰਦਰੋਂ ਕਪੜਿਆਂ ਦੀ ਇਕ ਪੋਟਲੀ ਕੱਢੀ ਅਤੇ ਵੰਝਲੀ ਕੱਛੇ ਮਾਰ ਪਿੰਡੋਂ

ਪੰਜਾਬੀ ਲੋਕ ਗਾਥਾਵਾਂ/ 94