ਸਮੱਗਰੀ 'ਤੇ ਜਾਓ

ਪੰਨਾ:ਜਿਨ੍ਹਾਂ ਵਣਜ ਦਿਲਾਂ ਦੇ ਕੀਤੇ - ਸੁਖਦੇਵ ਮਾਦਪੁਰੀ.pdf/99

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਿਕਲ ਤੁਰਿਆ। ਉਹ ਕਿਧਰ ਨੂੰ ਜਾ ਰਿਹਾ ਸੀ, ਉਹ ਆਪ ਨਹੀਂ ਸੀ ਜਾਣਦਾ। ਭਾਬੀਆਂ ਦੇ ਤਾਹਨੇ ਉਹਨੂੰ ਸੁਣਦੇ ਪਏ ਸਨ ਤੇ ਹੀਰ ਦੀ ਧੁੰਦਲੀ ਤਸਵੀਰ ਉਹਦੇ ਮਨ ਵਿਚ ਉਕਰੀ ਜਾ ਰਹੀ ਸੀ...
ਧੀਦੋ ਆਪਣੇ ਵਿਚਾਰਾਂ ਵਿਚ ਮਗਨ ਟੁਰਦਾ ਰਿਹਾ, ਟੁਰਦਾ ਰਿਹਾ। ਆਪਣੀ ਮਾਂ ਦੀ ਅਣਪਛਾਤੀ ਜਿਹੀ ਯਾਦ ਉਹਨੂੰ ਆਈ, ਉਹਦੀਆਂ ਅੱਖਾਂ ਵਿਚੋਂ ਮਮਤਾ ਦੇ ਅੱਥਰੂ ਵਗ ਟੁਰੇ। ਮੌਜੂ ਦੀ ਜਾਣੀ ਪਛਾਣੀ ਤਸਵੀਰ ਉਹਦੇ ਨੈਣਾਂ ਵਿਚ ਉਤਰੀ, ਉਹਦੇ ਕਲੇਜੇ ਵਿਚੋਂ ਰੁਗ ਭਰਿਆ ਗਿਆ। ਉਹਦੇ ਭਰਾਵਾਂ ਅਤੇ ਭਾਬੀਆਂ ਦੀਆਂ ਸ਼ਕਲਾਂ ਉਹਦੇ ਸਾਹਮਣੇ ਆਈਆਂ, ਉਹਨੇ ਕੌੜਾ ਘੁਟ ਭਰਿਆ। ਅਣਵੇਖੀ ਹੀਰ ਸਲੇਟੀ ਦਾ ਉਹਨੂੰ ਖ਼ਿਆਲ ਆਇਆ- ਉਹਦੇ ਪੈਰਾਂ ਵਿਚ ਹੋਰ ਤੇਜ਼ੀ ਆ ਗਈ। ਇਕ ਅਨੂਠੀ ਮੁਸਕਾਨ ਉਹਦੇ ਬੁਲ੍ਹਾਂ 'ਤੇ ਨੱਚ ਪਈ ਤੇ ਉਹਨੇ ਵੰਝਲੀ ਦੀਆਂ ਮਿੱਠੀਆਂ ਸੁਰਾਂ ਛੇੜ ਦਿੱਤੀਆਂ।
ਸ਼ਾਮ ਨੂੰ ਧੀਦੋ ਤਖ਼ਤ ਹਜ਼ਾਰੇ ਤੋਂ ਵੀਹ ਪੰਝੀ ਮੀਲ ਦੀ ਵਾਟ 'ਤੇ ਲੰਗਰ ਮਖ਼ਤੂਮ ਨਾਮੀਂ ਪਿੰਡ ਵਿਚ ਪੁੱਜ ਗਿਆ। ਇਸੇ ਪਿੰਡ ਦੀ ਮਸੀਤ ਵਿਚ ਉਹਨੇ ਰਾਤ ਬਤੀਤ ਕੀਤੀ।
ਕੁੱਕੜ ਨੇ ਬਾਂਗ ਦਿੱਤੀ। ਧੀਦੋ ਉੱਠਿਆ, ਮਸੀਤ ਦੀ ਖੂਹੀ ਤੋਂ ਇਸ਼ਨਾਨ ਕੀਤਾ, ਆਪਣੇ ਆਪ ਨੂੰ ਰੀਝ ਨਾਲ਼ ਸੁਆਰਿਆ ਤੇ ਝੰਗ ਸਿਆਲ ਨੂੰ ਚਾਲੇ ਪਾ ਲਏ। ਉਹਦੀ ਮੰਜ਼ਲ ਹੁਣ ਹੀਰ ਦਾ ਪਿੰਡ ਸੀ। ਉਹ ਸਿਆਲੀਂ ਜਾ ਕੇ ਕੀ ਕਰੇਗਾ? ਹੀਰ ਨੂੰ ਕਿਵੇਂ ਮਿਲੇਗਾ? ਉਹ ਇਹ ਨਹੀਂ ਸੀ ਸੋਚ ਰਿਹਾ ਬਸ ਉਹ ਤਾਂ ਕੇਵਲ ਸਿਆਲਾਂ ਨੂੰ ਜਾ ਰਿਹਾ ਸੀ।
ਜਦੋਂ ਧੀਦੋ ਝਨਾਂ ਦੇ ਤ੍ਰਿਮੂੰ ਨਾਮੀ ਪੱਤਣ 'ਤੇ ਪੁੱਜਾ ਉਹ ਥੱਕ ਕੇ ਚੂਰ ਹੋ ਚੁੱਕਿਆ ਸੀ। ਉਰਲੇ ਕੰਢੇ ਤੋਂ ਪਾਰਲੇ ਕੰਢੇ ਵੱਲ ਬੇੜੀ ਤੈਰਦੀ ਜਾ ਰਹੀ ਸੀ। ਉਸ ਆਲ਼ੇ-ਦੁਆਲ਼ੇ ਨਜ਼ਰ ਮਾਰੀ, ਇਕ ਬੇੜੀ ਵਿਚ ਸਜੀਲਾ ਪਲੰਘ ਪਿਆ ਸੀ। ਉਹ ਮੁੜਦੀ ਬੇੜੀ ਦੀ ਉਡੀਕ ਕਰਨ ਲਈ ਉਸ ਸਜੀਲੇ ਪਲੰਘ 'ਤੇ ਇਕ ਪਲ ਲਈ ਬੈਠ ਗਿਆ, ਪਰੰਤੂ ਉਹਦੇ ਉਥੇ ਬੈਠਣ ਦੀ ਦੇਰ ਸੀ ਕਿ ਉਹਨੂੰ ਨੀਂਦ ਨੇ ਜ਼ੋਰ ਪਾ ਲਿਆ ਤੇ ਉਹ ਉਥੇ ਹੀ ਆਪਣੇ ਉੱਤੇ ਚਾਦਰ ਤਾਣ ਕੇ ਸੌਂ ਗਿਆ।
ਪੱਤਣ ਦਾ ਮਲਾਹ ਲੁੱਡਣ ਪਾਰਲੇ ਕੰਢੇ ਤੋਂ ਬੇੜੀ ਮੋੜ ਲਿਆਇਆ। ਉਹਨੂੰ ਇਹ ਨਹੀਂ ਸੀ ਪਤਾ ਕਿ ਕੋਈ ਸਜੀਲੇ ਪਲੰਘ 'ਤੇ ਸੁੱਤਾ ਪਿਆ ਹੈ। ਉਹ ਕੰਢੇ 'ਤੇ ਬੈਠ ਕੇ ਹੁੱਕਾ ਪੀਣ ਲੱਗਾ। ਉਹਦੀਆਂ ਦੋਨੋਂ ਤ੍ਰੀਮਤਾਂ ਵੀ ਉਹਦੇ ਪਾਸ ਆ ਕੇ ਬੈਠ ਗਈਆਂ। ਉਹ ਗੱਲਾਂ ਵਿਚ ਐਨਾ ਰੁਝ ਗਿਆ ਜਿਸ ਕਰਕੇ ਉਹ ਉਸ ਪਲੰਘ ਬਾਰੇ ਸੋਚ ਵੀ ਨਾ ਸਕਿਆ, ਜੀਹਦਾ ਉਹ ਆਪਣੀ ਜਿੰਦ ਨਾਲ਼ੋਂ ਵੀ ਵੱਧ ਖ਼ਿਆਲ ਰੱਖਦਾ ਸੀ।

ਪੰਜਾਬੀ ਲੋਕ ਗਾਥਾਵਾਂ/ 95