(੧੫)
ਨਾਂ। ਏਹ ਘੜੀ ਤੇਰੀ ਹੈ, ਅਗਲੀ ਘੜੀ ਭਵਿੱਖਤ ਦੀ ਹੈ, ਤੈਨੂੰ ਕੀ ਪਤਾ ਹੈ ਕਿ ਓਹ ਤੇਰੇ ਵਾਸਤੇ ਕੀ ਲਿਆਵੇਗੀ?
ਜੋ ਕੁਝ ਤੂੰ ਕਰਨਾ ਚਾਹੁੰਦਾ ਹੈ ਓਹ ਝਟ ਪਟ ਕਰ ਲੈ, ਜੇਹੜਾ ਕੰਮ ਸਵੇਰੇ ਹੋ ਸਕਦਾ ਹੈ ਓਸ ਨੂੰ ਸੰਧਯਾ ਤੇ ਨਾਂ ਸੁੱਟ। ਵੇਹਲ ਰਹਿਣ ਦੀ ਵਾਦੀ ਦੁੱਖੀ ਤੇ ਤੰਗੀ ਦੀ ਮਾਂ ਹੈ,ਪਰ ਈਮਾਨਦਾਰੀ ਦੀ ਮੇਹਨਤ ਨਾਲ ਖੁਸ਼ੀ ਪ੍ਰਾਪਤ ਹੁੰਦੀ ਹੈ।
ਮੇਹਨਤ ਤੋਂ ਕੰਗਾਲੀ ਦੂਰ ਨੱਸਦੀ ਹੈ। ਸਫਲਤਾ ਅਤੇ ਵਡਿਆਈ ਮੇਹਨਤੀ ਆਦਮੀ ਦੀਆਂ ਟਹਿਲਣਾਂ ਹਨ।
ਦੌਲਤ, ਦਰਜਾ, ਇੱਜ਼ਤ, ਤਾਕਤ, ਨੇਕਨਾਮੀ ਅਤੇ ਪਾਤਸ਼ਾਹ ਦੀ ਸੰਗਤ ਕਿਸਨੂੰ ਨਸੀਬ ਹੁੰਦੀ ਹੈ? ਜੋ ਸੁਸਤੀ ਨੂੰ ਆਪਨੇ ਪਾਸ ਨਹੀਂ ਆਉਣ ਦੇਂਦਾ ਅਤੇ ਉਸਨੂੰ ਆਖਦਾ ਹੈ ਕਿ "ਤੂੰ ਮੇਰੀ ਵੈਰਨ ਹੈ"।
ਓਹ ਤੜਕੇ ਹੀ ਉਠ ਖਲੋਂਦਾ ਹੈ ਅਤੇ ਰਾਤ ਨੂੰ ਚਿਰਾਕਾ ਸੌਂਦਾ ਹੈ। ਓਹ ਦਿਲ ਵਿਚ ਕੋਈ ਗੱਲ ਸੋਚਦਾ ਹੈ ਅਤੇ ਫੇਰ ਝਟ ਉਸਤੇ ਅਮਲ ਕਰਨ ਲਗ ਪੈਂਦਾ ਹੈ। ਅਤੇ ਇਸ ਪ੍ਰਕਾਰ ਆਪਣੀ ਅਕਲ ਤੇ ਸਰੀਰ ਦੀ ਤਾਕਤ ਨੂੰ ਥਿਰ ਰਖਦਾ ਹੈ।
ਸੁਸਤ ਆਦਮੀ ਆਪਣੇ ਵਾਸਤੇ ਆਪ ਹੀ ਭਾਰੂ ਹੈ। ਓਸਦਾ ਵਕਤ ਸੁਖਾਲਾ ਨਹੀਂ ਬੀਤਦਾ, ਓਹ ਵਿਹਲਾ ਐਧਰ ਔਧਰ ਬੱਤਰਾਂ ਵਾਂਗ ਪਿਆ ਭੌਦਾ ਹੈ,ਪਰ ਏਹ ਨਹੀਂ ਜਾਣਦਾ ਕਿ ਕੀ ਕਰਾਂ? ਓਸਦੇ ਦਿਨ ਬੱਦਲ ਦੇ ਪਰਛਾਵੇਂ ਵਾਂਗ ਬੀਤ ਜਾਂਦੇ ਹਨ, ਓਹ ਆਪਣੇ ਪਿਛੇ ਕੋਈ ਯਾਦਗਾਰ ਛੱਡਕੇ ਨਹੀਂ ਮਰਦਾ।