ਸਮੱਗਰੀ 'ਤੇ ਜਾਓ

ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੬)

ਡਰ ਤੋਂ ਬਦਨਸੀਬੀ ਉਗਮਦੀ ਹੈ, ਪਰ ਜੇਹੜਾ ਆਦਮੀ ਉਮੈਦ ਰਖਦਾ ਹੈ ਓਹ ਮਾਨੋ ਆਪਣੀ ਸਹੈਤਾ ਆਪ ਕਰਦਾ ਹੈ। ਸ਼ੁਤਰ-ਮੁਰਗ ਜਿਸ ਵੇਲੇ ਵੈਰੀ ਨੂੰ ਆਉਂਦਿਆਂ ਦੇਖਦਾ ਹੈ ਤਾਂ ਆਪਣਾ ਸਿਰ ਲਕਾ ਲੈਂਦਾ ਹੈ, ਪਰ ਸਰੀਰ ਦੀ ਪਰਵਾਹ ਨਹੀਂ ਕਰਦਾ। ਏਸੇ ਤਰਾਂ ਡਰਾਕਲ ਆਦਮੀ ਦੇ ਖਿਆਲੀ ਡਰ ਓਸਨੂੰ ਭਾਂਤ ਭਾਂਤ ਦੇ ਫਿਕਰਾਂ ਵਿਚ ਪਾ ਦੇਂਦੇ ਹਨ। ਜੇ ਤੂੰ ਕਿਸੇ ਕੰਮ ਨੂੰ ਅਸੰਭਵ ਸਮਝਦਾ ਹੈਂ ਤਾਂ ਤੇਰੀ ਅਧਮੋਈ ਹਿੰਮਤ ਓਸਨੂੰ ਸੱਚ ਮੁੱਚ ਅਸੰਭਵ ਹੀ ਬਣਾ ਦੇਂਦੀ ਹੈ, ਪਰ ਦ੍ਰਿੜਤਾ ਨਾਲ ਸਰੀਆਂ ਕਠਨਾਈਆਂ ਉੱਤੇ ਜਿੱਤ ਪ੍ਰਾਪਤ ਕਰ ਸਕਦੀ ਹੈ।

ਖਿਆਲੀ ਉਮੈਦ ਮੁਰਖ ਆਦਮੀ ਦੇ ਦਿਲ ਨੂੰ ਪ੍ਰਸੰਨ ਕਰਦੀ ਹੈ, ਪਰ ਸਿਆਣਾ ਏਸਦੇ ਜਾਲ ਵਿਚ ਨਹੀਂ ਫਸਦਾ।

ਕਿਸੇ ਖਾਹਸ਼ ਨੂੰ ਆਪਣੇ ਦਿਲ ਵਿਚ ਥਾਂ ਦੇਣ ਤੋਂ ਪਹਿਲਾਂ ਸੋਚ ਅਤੇ ਹੋਂਦ ਅਣਹੋਂਦ ਦੀਆਂ ਹੱਦਾਂ ਤੋਂ ਪਰੇ ਆਪਣੀਆਂ ਉਮੀਦਾਂ ਨੂੰ ਨਾਂ ਜਾਣ ਦੇਹ। ਏਸ ਤਰਾਂ ਤੇਰੇ ਯਤਨ ਸਫਲ ਹੋ ਜਾਣਗੇ ਤੇ ਤੇਰੇ ਦਿਲ ਨੂੰ ਕਦੀ ਨਿਰਾਸਤਾ ਦਾ ਮੂੰਹ ਨਹੀਂ ਦੇਖਣਾ ਪਵੇਗਾ।ਬੈਂਤ:-

ਨਾ ਉਮੈਦੀ ਹੈ ਬਹੁਤ ਹੀ ਮੰਦ ਔਗਣ,
ਕਾਇਰਪਣਾ ਹੈ ਆਸੋਂ ਨਿਰਾਸ ਹੋਣਾ।
ਜਦ ਤਕ ਸਾਸ ਹਨ ਤਦੋਂ ਤਕ ਅਸ ਰੱਖੋ,
ਆਸ ਛੱਡਣੀ ਹੈ ਮਾਨੋ ਨਾਸ ਹੋਣਾ।