ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੩੯)

ਮੂੰਹ ਖੋਲ੍ਹੀ ਹਰ ਵੇਲੇ ਓਹਨਾਂ ਨੂੰ ਹੜੱਪ ਕਰਨ ਵਾਸਤੇ ਤਿਆਰ ਰਹਿੰਦਾ ਹੈ।

ਹੁਣ ਤਾਂ ਦੂਜੇ ਪਾਸੇ ਵੀ ਤੱਕੋ, ਇੱਕ ਹੋਰ ਘਰ ਬ੍ਰਿਛਾਂ ਦੇ ਅੰਦਰ ਆਦਮੀ ਦੀਆਂ ਅੱਖਾਂ ਤੋਂ ਓਹਲੇ ਹੈ, ਏਹ ਚਿੰਤਾ ਦੇ ਰਹਿਣ ਦਾ ਅਸਥਾਨ ਹੈ। ਇਸਦੇ ਕਲੇਜੇ ਵਿਚੋਂ ਹਾਹੁਕੇ ਨਿਕਲ ਰਹੇ ਹਨ ਅਤੇ ਜੀਭ ਵਿਚੋਂ ਜਾਨ ਤੋੜਵੀਂ ਅਵਾਜ਼ ਨਿਕਲ ਰਹੀ ਹੈ, ਓਹ ਆਦਮੀ ਦੇ ਜੀਵਨ ਦੇ ਦੁਖਾਂ ਤੇ ਰੋਂਦਾ ਹੈ ਅਤੇ ਹਰ ਵੇਲੇ ਓਹਨਾਂ ਦਾ ਹੀ ਵਰਣਨ ਕਰਦਾ ਰਹਿੰਦਾ ਹੈ। ਓਹ ਜ਼ਿੰਦਗੀ ਦੇ ਆਮ ਹਾਲਾਂ ਉਤੇ ਨਜ਼ਰ ਮਾਰਦਾ ਅਤੇ ਜ਼ਾਰ ਜ਼ਾਰ ਰੋਂਦਾ ਹੈ। ਆਦਮੀਆਂ ਦੀਆਂ ਕਮਜ਼ੋਰੀਆਂ ਤੇ ਬਦਮਾਸ਼ੀਆਂ ਦੇ ਦਰਦ ਨਾਲ ਓਸਦੀਆਂ ਗੱਲਾਂ ਭਰੀਆਂ ਹੋਈ ਹੁੰਦੀਆਂ ਹਨ। ਓਸ ਨੂੰ ਸਾਰੇ ਸੰਸਾਰ ਵਿੱਚ ਦੁਖ ਹੀ ਦੁਖ ਨਜ਼ਰ ਆਉਂਦਾ ਹੈ ਅਤੇ ਹਰੇਕ ਚੀਜ਼ ਵਿਚ ਓਹਨੂੰ ਆਪਣੇ ਦਲ ਦਾ, ਹਾਲ ਅਰਥਾਤ ਚਿੰਤਾ ਤੇ ਉਦਾਸੀ ਹੀ ਦਿਸਦੀ ਹੈ। ਰੋਣਾ ਤੇ ਪਿੱਟਣਾ ਦਿਨੇ ਰਾਤ ਏਸਦੇ ਅਸਥਾਨ ਦੇ ਉਦਾਲੇ ਭੌਂਦੇ ਰਹਿੰਦੇ ਹਨ, ਏਸਦੇ ਘਰ ਦੇ ਆਸ ਜਾਕੇ ਦੇਖੋ ਕਿ ਏਸ ਦਾ ਸਾਹ ਵਿਹਲਾ ਹੈ, ਏਸ ਦੇ ਸਾਹ ਨਾਲ ਓਹ ਫਲ ਅਤੇ ਓਹ ਫੁੱਲ ਜੋ ਜੀਵਨ ਦੇ ਬਾਗ ਦੀ ਸਜਾਵਟ ਹਨ ਸੁੱਕ ਜਾਂਦੇ ਹਨ। ਖੁਸ਼ੀ ਦੇ ਮਹਿਲ ਪਾਸੋਂ ਬਚਕੇ ਲੰਘਦਿਆਂ ਹੋਇਆਂ ਏਸ ਚਿੰਤਾ ਦੇ ਅਸਥਾਨ ਵੱਲ ਕਦੀ ਨਾਂ ਜਾਣਾ, ਸਗੋਂ ਓਸ ਵਿਚਕਾਰਲੇ ਰਸਤੇ ਉਤੇ ਤੁਰਨਾ ਜੋ ਤੁਹਾਨੂੰ ਸ਼ਾਂਤੀ ਦੇ ਘਰ ਤਕ ਲੈ ਜਾਵੇਗਾ |