ਪੰਨਾ:ਜੀਵਣ ਜੁਗਤੀ - ਸ. ਸ. ਚਰਨ ਸਿੰਘ ਸ਼ਹੀਦ.pdf/84

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੮੫)

ਨਜ਼ਰ ਵਿਚ ਚੋਰੀ ਨਾਲ ਧੋਖਾ ਕਈ ਗੁਣਾਂ ਵਧੀਕ ਮਾੜਾ ਹੈ।

ਗਰੀਬ ਉਤੇ ਜ਼ੁਲਮ ਨਾਂ ਕਰ ਅਤੇ ਮੇਹਨਤੀ ਆਦਮੀ ਨੂੰ ਉਸਦੀ ਯੋਗ ਮਜੂਰੀ ਤੋਂ ਵਿਰਵਾ ਨਾਂ ਰਖ। ਜਦ ਤੂੰ ਕੋਈ ਚੀਜ਼ ਵੇਚਣ ਲੱਗੇ ਤਾਂ ਆਪਣੇ ਆਤਮਾ ਦੀ ਨਿੰਮ੍ਹੀ ਅਵਾਜ਼ ਨੂੰ ਸੁਣ ਅਤੇ ਯੋਗ ਮੁੱਲ ਲੈਕੇ ਹੀ ਸੰਤੋਖ ਕਰ। ਗ੍ਰਾਹਕ ਦੇ ਅਞਾਂਣਪਣ ਤੋਂ ਅਯੋਗ ਨਫਾ ਨਾ ਖੱਟ, ਜਿਸ ਦਾ ਤੂੰ ਕੁਝ ਦੇਣਾ ਹੈ। ਓਸਨੂੰ ਦੇਹ, ਕਿਉਂਕਿ ਓਸਨੇ ਤੇਰੀ ਈਮਾਨਦਾਰੀ ਉਤੇ ਇਤਬਾਰ ਕੀਤਾ ਸੀ, ਜੇ ਤੂੰ ਓਸਦਾ ਕਰਜ਼ਾ ਨਾਂ ਦੇਵੇਂ ਤਾਂ ਇਹ ਭਾਰੀ ਬੇਈਮਾਨੀ ਹੈ।

ਹੇ ਪਾਣੀ ਦੇ ਬੁਲਬਲੇ ਵਰਗ ਸੰਸਾਰਕ ਜੀਵ। ਅਪਣੇ ਦਿਲ ਨੂੰ ਫੋਲ, ਅਤੇ ਜੋ ਕੁਝ ਕਰ ਚੁਕਾ ਹੈਂ ਓਸਨੂੰ ਯਾਦ ਕਰ, ਜੇ ਤੂੰ ਆਪਣੇ ਕਾਰ-ਵਿਹਾਰ ਵਿਚ ਪਾਪ ਕੀਤਾ ਹੈ ਤਾਂ ਪੱਛੋਤਾਵਾ ਕਰ ਅਤੇ ਵਾਹਿਗੁਰੂ ਤੋਂ ਮਾਫ਼ੀ ਮੰਗ ਕੇ ਅੱਗੇ ਤੋਂ ਅਜੇਹੇ, ਕੁਕਰਮ ਕਰਨ ਤੋਂ ਕੰਨਾਂ ਨੂੰ ਹਥ ਲਾ।

ਬੈਂਤ-

ਚੋਰੀ, ਜ਼ੁਲਮ, ਧੱਕਾ, ਖੋਹਣਾ ਮਾਲ ਚਰੀ,
ਏਹ, ਅੰਨਯਾਉਂ ਹੈ ਏਸ ਤੋਂ ਡਰੋ ਲੋਕੋ।
ਦਿਲ ਦੁਖਾਵਣਾ ਕਿਸੇ ਦਾ, ਪਾਪ ਕਰਨਾ।
ਏਹਨਾਂ ਔਗੁਣਾਂ ਤੋਂ ਹਰਦਮ ਟਰੋ ਲੋਕੋ।
ਵਿਹਾਰ, ਨੌਕਰੀ, ਹਾਕਮੀ, ਗ੍ਰਹਕੀ ਵਿਚ,
ਹਰ ਦਮ ਨਿਆਉਂ ਅੱਖਾਂ ਅੱਗੇ ਧਰੋ ਲੋਕੋ।
ਓਹ ਹੈ 'ਨਿਆਈ' ਐਨਯਾਉਂ ਨੂੰ ਬੁਰਾ ਜਾਣੇ,
ਸਿਰਜਨਹਾਰ ਉਸ ਪ੍ਰਭੂ ਤੋਂ ਡਰੋ ਲੋਕੋ।