(੧੨੫)
ਪੇਸ਼ ਨਾਂ ਹੋਣ ਕਰਕੇ ਦੋ ਮਸਖਰੇ ਮੁਦੱਈ ਅਤੇ ਮੁੱਦਾਲੈਹ ਬਣੇ ਹੋਏ ਹਨ ਅਤੇ ਦੋ ਹੋਰ ਮਸਖਰੇ ਓਹਨਾ ਦੇ ਉਗਾਹ ਬਣੇ ਖਲੋਤੇ ਹਨ, ਅਤੇ ਏਹ ਮਖੌਲੀ ਮੁਕੱਦਮਾਂ ਇਸ ਪ੍ਰਕਾਰ ਵਜ਼ੀਰ ਦੇ ਪੇਸ਼ ਹੋਇਆ ਹੈ:-
ਵਜ਼ੀਰ-(ਮੁਦੱਈ ਨੂੰ) ਹਾਂ ਬਈ, ਤੂੰ ਮੁਦੱਈ ਹੈਂ?
ਮਸਖ਼ਰਾ-ਨਹੀਂ ਹਜੂਰ, ਮੈਂ ਮੁਦੱਈਆ ਹਾਂ।
ਵਜ਼ੀਰ-ਓਏ, ਤੂੰ ਤਾਂ ਪੁਰਖ ਹੈਂ?
ਮਸਖ਼ਰਾ-ਜੀ ਹਾਂ, ਪੁਰਖ ਹਾਂ ਤਦੇ ਹੀ ਤਾਂ ਮੁਦੱਈਆ ਹਾਂ, ਮੁਦੱਈ ਤਾਂ ਇਸਤ੍ਰੀਆਂ ਨੂੰ ਆਖਦੇ ਹਨ। ਜਿਹਾ ਕਿ ਖੋਤੀ ਦਾ ਨਰ ਖੋਤਾ ਹੈ ਤੇ ਘੋੜੀ ਦਾ ਨਰ ਘੋੜਾ, ਏਸੇ ਤਰ੍ਹਾਂ ਮੁਦੱਈ ਦਾ ਨਰ ਮੁਦੱਈਆ (ਸਾਰੇ ਦਰਬਾਰੀ ਖਿੜ ਖਿੜਾ ਕੇ ਹੱਸ ਪਏ)
ਵਜ਼ੀਰ-(ਮੁਸਕ੍ਰਾਉਂਦਾ ਹੋਇਆ) ਠੀਕ, ਤੂੰ ਖੋਤੀ ਨਹੀਂ ਖੋਤਾ ਹੈਂ। ਹਛਾ, ਤੇਰੇ ਏਸ ਮੁੱਦਾਲੈਹ ਉੱਤੇ ਕੀ ਸ਼ਿਕਾਇਤ ਹੈ?
ਮਸਖ਼ਰਾ-ਹਜ਼ੂਰ! ਏਸ ਨੇ ਮੇਰੀ ਨਾਨੀ ਦੇ ਦੋਹਤ੍ਰੇ ਨੂੰ ਕੱਲ ਦੋ ਚਪੇੜਾਂ ਮਾਰੀਆਂ ਸਨ, ਏਸ ਨੂੰ ਸਜ਼ਾ ਮਿਲਨੀ ਚਾਹੀਦੀ ਹੈ।
ਵਜ਼ੀਰ-ਤੇਰੀ ਨਾਨੀ ਦਾ ਓਹ ਦੋਹਤਰਾ ਕਿੱਥੇ ਹੈ? ਓਸ ਨੂੰ ਹਾਜ਼ਰ ਕਿਉਂ ਨਹੀਂ ਕੀਤਾ?
ਮਸਖ਼ਰਾ ਵਜ਼ੀਰ ਦੇ ਪਾਸ ਜਾ ਕੇ ਓਸ ਦੀਆਂ ਅੱਖੀਆਂ ਵੱਲ ਚੰਗੀ ਤਰਾਂ ਦੇਖਕੇ ਉਸ ਦੀਆਂ ਅੱਖਾਂ ਨੂੰ ਆਪਣੀਆਂ ਉਂਗਲਾਂ ਨਾਲ ਡਰਾਉਣ ਲੱਗ ਪਿਆ।
ਵਜ਼ੀਰ-(ਗੁੱਸੇ ਹੋਕੇ) ਉਏ, ਏਹ ਕੀ ਕਰਦਾ ਹੈਂ?