ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੨੦੨)
ਮਨ ਅੰਦਰ ਬਾਣ ਪ੍ਰੇਮ ਲਗਾ,
ਘਾਉ ਡੂੰਘਾ ਤੇ ਰਤ ਚੋਇ ਰਹੀ।
ਇਕ ਸੁੰਦਰ ਮੂਰਤ, ਸੂਰਤ ਦਾ,
ਇਸ ਮਨ ਧੂਰਤ ਵਿਚ ਵਾਸਾ ਹੈ।
ਓਹ ਮੂਰਤ ਸੁੰਦਰ ਕੌਣ? ਜਿਦੀ
ਨਾਂ ਕਦੇ ਮਿਲਨ ਦੀ ਆਸਾ ਹੈ।
ਮੈਂ ਨੀਚ, ਹੀਣ, ਓਹ ਉੱਚ, ਸੁੱਚ
ਕਿਵ ਚਾਹੇ ਭੋਗ ਬਿਲਾਸਾ ਹੈ?
ਪਰ ਮਨ ਪਾਪੀਹਾ ਓਸ ਸਾਂਤ ਦੀ
ਦਰਸ ਬੂੰਦ ਪਿਆਸਾ ਹੈ।
ਓਹ ਸਭ ਲੋਕਾਂ ਦਾ 'ਪ੍ਰੀਤਮ' ਹੈ,
ਮੈਂ ਅੱਖਾਂ ਪਰ ਹਨ ਹੋਰ ਹਾਇ!
ਓਹ ਸਭ ਦੇ ਦਿਲ ਵਿਚ ਵਸਦਾ ਹੈ,
ਪਰ ਮੇਰਾ ਦਿਲ ਹੈ ਚੋਰ ਹਾਇ!
ਸਿੱਖ ਉਸ ਤੋਂ ਮੰਗਣ "ਮੁਕਤ" ਅਤੇ
ਓਹ ਸਭ ਦੀ ਪੂਰੇ ਲੋੜ ਹਾਇ!
ਉਸ "ਸਤਿਗੁਰ" ਤੋਂ ਮੈਂ ਭੋਗ ਚਾਹਾਂ,
ਏਹ ਪਾਪ ਵਡਾ ਹੈ ਘੋਰ ਹਾਇ!
ਕਬਿੱਤ
ਪਾਪਾਂ ਤੋਂ ਬਚਾਵੇ, ਸੱਚੇ ਨਾਲ ਓਹ ਪ੍ਰੀਤ ਲਾਵੇ,
ਪਾਪ ਕਿਵੇਂ ਚਾਹੇਗਾ? ਤੂੰ ਸੋਚ ਮਨਾਂ ਅੰਨਿਆਂ!
ਲੋਕਾਂ ਦਾ ਓਹ ਗੁਰੂ ਪਰ ਮੇਰਾ ਤਾਂ "ਪ੍ਰੀਤਮ" ਹੈ,
ਜਾਨ, ਮਾਲ, ਧਰਮ ਮੇਰਾ ਓਸਤੋਂ ਚੁਖੰਨਿਆਂ।