ਪੰਨਾ:ਜੀਵਨ ਪ੍ਰਸੰਗ ਸ੍ਰੀ ਮਤੀ ਰਣਜੀਤ ਕੌਰ - ਸ. ਸ. ਚਰਨ ਸਿੰਘ.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੭)

ਬਣਾ ਕੇ ਮੇਰੇ ਹਥ ਫੜਾਇਆ ਅਤੇ ਕਹਿਣ ਲੱਗੇ ਏਹ ਕਾਗਤ ਮੈਨੂੰ ਆਪਣੀ ਜਾਨ ਨਾਲੋਂ ਵਧੀਕ ਪਿਆਰੇ ਹਨ, ਪਰ ਮੈਂ ਜਾਣਦਾ ਹਾਂ ਕਿ ਮੇਰਾ ਜੀਵਨ ਹੁਣ ਕੇਵਲ ਦੋ ਚਾਰ ਦਿਨ ਹੀ ਹੈ, ਤੇ ਮੈਂ ਢੇਰ ਚਿਰ ਤੋਂ ਤੇਰੀ ਉਡੀਕ ਵਿਚ ਬੈਠਾ ਹਾਂ, ਏਸ ਲਈ ਏਹ ਕਾਗਤ ਤੇਰੇ ਸਪੁਰਦ ਕਰਦਾ ਹਾਂ। ਏਹਨਾਂ ਕਾਗਤਾਂ ਤੋਂ ਤੈਨੂੰ ਨਾਂ ਕੇਵਲ ਮੇਰੇ ਏਥੇ ਰਹਿਣ ਦਾ ਕਾਰਨ ਹੀ ਮਲੂਮ ਹੋ ਜਾਵੇਗਾ ਸਗੋਂ ਹੋਰ ਵੀ ਬੇਅੰਤ ਲਾਭਦਾਇਕ ਗੱਲਾਂ ਅਤੇ ਪੰਥ ਦੀਆਂ ਕਈ ਘਟਨਾਵਾਂ ਤੇ ਸਾਕੇ ਮਲੂਮ ਹੋ ਜਾਣਗੇ। ਅੱਜ ਤੋਂ ਮਗਰੋਂ ਤੈਨੂੰ ਮੇਰਾ ਮੇਲ ਨਹੀਂ ਹੋ ਸਕੇਗਾ, ਮੇਰਾ ਨਾਮ, ਧਾਮ, ਅਤੇ ਹੋਰ ਸਾਰਾ ਹਾਲ ਤੈਨੂੰ ਏਹਨਾਂ ਕਾਗਤਾਂ ਤੋਂ ਹੀ ਮਲੂਮ ਹੋਵੇਗਾ। ਏਹ ਕਾਗਤ ਆਪਣੇ ਘਰ ਪਹੁੰਚ ਕੇ ਕਿਸੇ ਵੇਹਲੇ ਵੇਲੇ ਖੋਹਲੀਂ। ਜਾਓ! ਵਾਹਿਗੁਰੂ ਦਾ ਭਜਨ ਕਰਨਾ ਤੇ ਸ਼ੁਭ ਕਰਮ ਕਰਨੇ, ਗ੍ਰਹਿਸਤ ਵਿੱਚ ਰਹਿਕੇ ਪਾਣੀ ਵਿਚ ਲਹਿਲਹਾਉਂਦੇ ਕਮਲ ਵਾਂਗ ਅਲੋਪ ਰਹੋ, ਗੁਰੂ ਕਲਗੀਆਂ ਵਾਲੇ ਦੀ ਓਟ ਰਖੋ, ਓਹ ਆਪਣੇ ਬਿਰਦ ਦੀ ਪੈਜ ਆਪੇ ਰਖੇਗਾ, ਜਾਓ 'ਵਾਹਿਗੁਰੂ ਜੀਕਾ ਖਾਲਸਾ ਸ੍ਰੀ ਵਾਹਿਗੁਰੂ ਜੀਕੀ ਫਤਹ।'

ਏਹ ਕਹਿਕੇ ਓਹ ਅਨੋਖਾ ਸੰਤ ਮੇਰਾ ਉਤ੍ਰ ਉਡੀਕੇ ਬਿਨਾਂ ਹੀ ਮੈਨੂੰ ਹੈਰਾਨ ਤੇ ਮੂੰਹ ਤਕਦੇ ਨੂੰ ਛੱਡਕੇ ਪਿੱਠ ਭੁਆ ਕੇ ਅੰਦਰ ਚਲਿਆ ਗਿਆ, ਅੰਦਰ ਜਾਂਦੀ ਵਾਰੀ ਓਸ ਬ੍ਰਿਧ ਦੀ ਬੁਢੇਪੇ ਨਾਲ ਲੜਖੜਾਉਂਦੀ ਜ਼ੁਬਾਨ ਵਿਚੋਂ ਇਕ ਗੀਤ ਨਿਕਲ ਰਿਹਾ ਸੀ ਜਿਸਦੇ ਹੇਠ ਲਿਖੇ ਇਕ ਦੋ ਟੱਪੇ ਮੈਨੂੰ ਹੁਣ ਤਕ ਯਾਦ ਹਨ:-