ਪੰਨਾ:ਜੀਵਨ ਬ੍ਰਿਤਾਂਤ ਨਵਾਬ ਕਪੂਰ ਸਿੰਘ.pdf/37

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩੬

ਜੀਵਨ ਬ੍ਰਿਤਾਂਤ ਨਵਾਬ ਕਪੂਰ ਸਿੰਘ

ਕਿ ਜਿੰਨੇ ਦਿਨ ਸੂਬਾ ਖਰਾਜ ਦੇ ਦਾਖ਼ਲ ਕਰਨ ਵਿਚ ਢਿੱਲ ਮੱਠ ਕਰੇ ਪੰਜ ਹਜ਼ਾਰ ਰੁਪਿਆ ਰੋਜ਼ਾਨਾ ਖ਼ਰਚ ਦਾ ਲਾਹੌਰ ਦੀ ਹਕੂਮਤ ਤੋਂ ਚੱਟੀ ਵਜੋਂ ਪਰਾਪਤ ਕੀਤਾ ਜਾਏ । ਹੈਬਤ ਖਾਨ ਨੇ ਇਉਂ ਹੀ ਕੀਤਾ । ਛੇਕੜ ਖ਼ਾਨ ਬਹਾਦਰ ਨੇ ਕਈ ਲੱਖ ਰੁਪਿਆ ਆਪਣੇ ਪਾਸੋਂ ਮਾਲੀਏ ਦਾ ਤਾਰ ਕੇ ਸ਼ਾਹੀ ਕਰਮਚਾਰੀਆਂ ਨੂੰ ਦਿੱਲੀ ਵੱਲ ਤੋਰਿਆ |

ਖਾਲਸੇ ਦੇ ਜੰਗੀ ਹੁਨਰ

ਜਦ ਖਾਲਸੇ ਨੂੰ ਪਤਾ ਲੱਗਾ ਕਿ ਕਈ ਲੱਖ ਰੁਪਿਆ ਖਰਾਜ ਦਾ ਲਾਹੌਰ ਤੋਂ ਦਿੱਲੀ ਜਾ ਰਿਹਾ ਹੈ ਤਾਂ ਉਹ ਤੁਰਤ ਨੂਰਦੀਨ ਦੀ ਸਰਾਂ ਲਾਗੇ (ਪਰਰਨਾ ਤਰਨਤਾਰਨ) ਕੋਲ ਪਹੁੰਚ ਗਿਆ ਅਤੇ ਇਥੇ ਜੱਥਾ ਦੋ ਭਾਗਾਂ ਵਿਚ ਵੰਡਿਆ ਗਿਆ | ਖਾਲਸੇ ਦੇ ਇਕ ਭਾਗ ਨੇ ਸਵੇਰ ਦੇ ਸਮੇਂ ਰੁਹੇਲਿਆਂ ਪਰ ਹੱਲਾ ਬੋਲ ਦਿੱਤਾ ਅਤੇ ਬੜੀ ਨਿਡਰਤਾ ਨਾਲ ਲੜੇ ਪਰ ਥੋੜੇ ਸਮੇਂ ਦੇ ਉਪਰੰਤ ਜਾਣ ਬੁੱਝ ਕੇ ਚਾਨਚੱਕ ਰਨਤੱਤੇ ਵਿਚੋਂ ਪਿਛੇ ਹਟ ਗਏ ( ਰੁਹੇਲੇ ਆਪਣੀ ਫ਼ਤਹ ਜਾਣ ਕੇ ਖਾਲਸੇ ਦਾ ਪਿੱਛਾ ਕਰਦੇ ਹੋਏ ਚੋਖੇ ਦੂਰ ਨਿਕਲ ਗਏ । ਠੀਕ ਇਸ ਸਮੇਂ ਸਿੰਘਾਂ ਦੇ ਦੂਜੇ ਜੱਥੇ ਨੇ, ਜਿਹੜਾ ਇਸ ਸਮੇਂ ਦੀ ਉਡੀਕ ਵਿਚ ਚੁਪ ਚਾਪ ਲੁਕਿਆ ਹੋਇਆ ਸੀ, ਝਟ ਖਜ਼ਾਨੇ ਪਰ ਜਾ ਪਿਆ । ਜਿਹੜੇ ਥੋੜੇ ਜਿਹੇ ਪਹਿਰੇਦਾਰ ਪਿੱਛੇ ਰਹਿ ਗਏ ਸਨ ਉਨਾਂ ਨੂੰ ਕਾਬੂ ਕਰਕੇ ਅਤੇ ਸਾਰਾ ਖ਼ਜ਼ਾਨਾ ਜਿਸ ਵਿਚ ਕਈ ਲੱਖ ਰੁਪਿਆ ਸੀ, ਆਪਣਿਆਂ ਘੋੜਿਆਂ ਪਰ ਰੱਖ ਕੇ ਘਣੇ ਜੰਗਲਾਂ ਵਿਚ ਜਾ ਵੜੇ । ਹੁਣ ਦੂਜਾ ਜੱਥਾਂ ਵੈਰੀਆਂ ਤੋਂ ਬਚ ਬਚਾ ਕੇ, ਨੀਯਤ ਥਾਂ ਪਰ ਖ਼ਜ਼ਾਨੇ ਪਰ ਅਧਿਕਾਰ ਕਰਨ ਵਾਲੇ ਸਿੰਘਾਂ ਨੂੰ ਜਾ ਮਿਲਿਆ*


  • ਸ਼ਮਸ਼ੇਰ ਖਾਲਸਾ, ਭਾਗ 2, ਸਫਾ ੨੧੧।