ਪੰਨਾ:ਜੀਵਨ ਲਹਿਰਾਂ.pdf/23

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੁੱਤੀ ਪਈ ਏ ਰਾਤ ਦੀ ਰਾਣੀ,
ਸੱਤਾ ਪਿਆ ਝਨਾਂ ਦਾ ਪਾਣੀ।
ਸੁੱਤੇ ਪਏ ਨੇ ਜ਼ੁਲਮ ਝਨਾਂ ਦੇ,
ਜਾਗੇ ਪਰ ਇਕ ਪ੍ਰੇਮ ਕਹਾਣੀ।
ਸੋਹਣੀ ਹੀਰ ਦੀਆਂ ਨੇ ਯਾਦਾਂ,
ਭੋਂਦੀਆਂ ਫਿਰਦੀਆਂ ਵਿਚ ਕਮਾਦਾਂ।

ਮੈਂ ਹਾਂ ਤੇ ਇਕ ਰੱਬ ਦਾ ਨਾਂ ਹੈ,
ਚਾਰੇ ਪਾਸੇ ਹੀ ਚੁੱਪ ਚਾਂ ਹੈ।
ਰੁਖ ਖੜੇ ਨੇ ਚੁੱਪ ਚਪੀਤੇ,
ਏਸ ਵੇਲੇ ਤੇ ਹੂੰ ਨਾ ਹਾਂ ਹੈ।
ਸੋਹਣੀ, ਹੀਰ ਸਿਆਲ ਵੀ ਹੈ ਨਹੀਂ,
ਰਾਂਝਾ ਤੇ ਮਹੀਂਵਾਲ ਵੀ ਹੈ ਨਹੀਂ।

ਆ ਤੁਰ! ਪ੍ਰੇਮ-ਝਨਾਂ ਵਿਚ ਨ੍ਹਾਈਏ,
ਧੋ ਧੋ ਮੈਲ ਦਿਲਾਂ ਦੀ ਲਾਹੀਏ।
ਚੰਦ ਦੀਆਂ ਫਿਰ ਖੋਹ ਕੇ ਰਿਸ਼ਮਾਂ,
ਇਕ ਨਵਾਂ ਹੀ ਸਾਜ਼ ਬਣਾਈਏ।
ਕੱਸਾਂ ਖਾ ਖਾ ਸੁਰ ਹੋ ਜਾਈਏ,
ਜੋ ਦਿਲ ਆਵੇ ਸੋਈਓ ਗਾਈਏ।

ਕਠੇ ਫੇਰ ਉਡਾਰੀ ਲਾਈਏ,
ਬੱਦਲਾਂ ਨਾਲ ਨਾ ਅੱਖ ਰਲਾਈਏ।
ਹੋਰ ਉਚੇਰੇ ਹੋਰ ਉਚੇਰੇ,
ਉੱਡਦੇ ਜਾਈਏ, ਉੱਡਦੇ ਜਾਈਏ।

੨੩